• Home
  • ਰਾਣਾ ਸੋਢੀ ਨੇ ਪੰਜਾਬ ਦੀ ਖੇਡਾਂ ਵਿੱਚ ਗੁਆਚੀ ਸ਼ਾਨ ਮੁੜ ਬਹਾਲ ਕਰਨ ਦਾ ਕੀਤਾ ਤਹੱਈਆ

ਰਾਣਾ ਸੋਢੀ ਨੇ ਪੰਜਾਬ ਦੀ ਖੇਡਾਂ ਵਿੱਚ ਗੁਆਚੀ ਸ਼ਾਨ ਮੁੜ ਬਹਾਲ ਕਰਨ ਦਾ ਕੀਤਾ ਤਹੱਈਆ

•• ਕੌਮਾਂਤਰੀ ਤਮਗਾ ਜੇਤੂ ਪੰਜਾਬੀ ਖਿਡਾਰੀਆਂ ਦੀ ਨਗਦ ਇਨਾਮ ਰਾਸ਼ੀ ਵਧਾਈ ਜਾਵੇਗੀ
• ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ 6 ਪੰਜਾਬੀਆਂ ਨੂੰ ਨਗਦ ਇਨਾਮ ਦੇਣ ਲਈ ਜਲਦ ਉਲੀਕਿਆ ਜਾਵੇਗਾ ਸਮਾਗਮ
• ਤਮਗਾ ਜੇਤੂ ਖਿਡਾਰੀਆਂ ਨੂੰ ਨੌਕਰੀ ਦੇਣ ਲਈ ਕੀਤੀ ਜਾਵੇਗੀ ਪੱਕੀ ਵਿਵਸਥਾ 
• ਕਈ ਸਾਲਾਂ ਤੋਂ ਰੁਕੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨੂੰ ਵੰਡਣ ਲਈ ਜਲਦ ਕਰਵਾਇਆ ਜਾਵੇਗਾ ਸਮਾਗਮ; ਇਨਾਮ ਰਾਸ਼ੀ ਵਿੱਚ ਵੀ ਹੋਵੇਗਾ ਵਾਧਾ
• 32.90 ਕਰੋੜ ਦੀ ਲਾਗਤ ਨਾਲ ਉਸਾਰੇ ਜਾਣਗੇ 10 ਨਵੇਂ ਸਟੇਡੀਅਮ ਅਤੇ ਦੋ ਸ਼ੂਟਿੰਗ ਰੇਂਜਾਂ ਦੀ ਹੋਵੇਗੀ ਕਾਇਆ ਕਲਪ
• ਵੈਟਰਨ ਖਿਡਾਰੀਆਂ ਦੀ ਪੈਨਸ਼ਨ ਵਿੱਚ ਚੋਖਾ ਵਾਧਾ ਕਰਨ ਦੀ ਤਜਵੀਜ਼
• ਜ਼ਿਲਾ ਓਲੰਪਿਕ ਐਸੋਸੀਏਸ਼ਨਾਂ ਤੇ ਜ਼ਿਲਾ ਖੇਡ ਕੌਂਸਲਾਂ ਨੂੰ ਕੀਤਾ ਜਾਵੇਗਾ ਕਿਰਿਆਸ਼ੀਲ
• ਖੇਡਾਂ ਦਾ ਪੱਧਰ ਉਚਾ ਚੁੱਕਣ ਵਿੱਚ ਅਹਿਮ ਯੋਗਦਾਨ ਪਾਵੇਗੀ ਨਵੀਂ ਖੇਡ ਯੂਨੀਵਰਸਿਟੀ
ਚੰਡੀਗੜ੍ਹ , 4 ਮਈ(ਪਰਮਿੰਦਰ ਸਿੰਘ ਜੱਟਪੁਰੀ)
ਪੰਜਾਬ ਵਿੱਚ ਖੇਡਾਂ ਅਤੇ ਖਿਡਾਰੀਆਂ ਲਈ ਉਸਾਰੂ ਮਾਹੌਲ ਸਿਰਜਣ ਅਤੇ ਸੂਬੇ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਮੌਜੂਦਾ ਖੇਡ ਨੀਤੀ ਵਿੱਚ ਸੋਧਾਂ ਕਰ ਕੇ ਨਵੀਂ ਰੂਪ ਰੇਖਾ ਉਲੀਕੀ ਜਾਵੇਗੀ। ਇਹ ਖੁਲਾਸਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਰਾਣਾ ਸੋਢੀ ਜੋ ਖੁਦ ਆਪਣੇ ਸਮੇਂ ਦੇ ਕੌਮਾਂਤਰੀ ਨਿਸ਼ਾਨੇਬਾਜ਼ ਰਹੇ ਹਨ, ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਨੂੰ ਮੁੜ ਬਹਾਲ ਕਕਨ ਦਾ ਤਹੱਈਆ ਕੀਤਾ ਗਿਆ ਹੈ।
ਖੇਡ ਮੰਤਰੀ ਵੱਜੋਂ ਅਹੁਦਾ ਸੰਭਾਲਣ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨਾਲ ਲੰਬੀਆਂ ਵਿਚਾਰਾਂ ਕਰਨ ਉਪਰੰਤ ਅੱਜ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਰਾਣਾ ਸੋਢੀ ਨੇ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਤਮਗਾ ਜੇਤੂ ਪੰਜਾਬੀ ਖਿਡਾਰੀਆਂ ਦੀ ਇਨਾਮ ਰਾਸ਼ੀ ਅਤੇ ਵੈਟਰਨ ਖਿਡਾਰੀਆਂ ਦੀ ਪੈਨਸ਼ਨ ਵਿੱਚ ਵਾਧਾ, ਕਈ ਸਾਲਾਂ ਤੋਂ ਰੁਕੇ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਨੂੰ ਵੰਡਣਾ ਅਤੇ ਰਾਸ਼ੀ ਵਿੱਚ ਵਾਧਾ ਕਰਨਾ, ਤਮਗਾ ਜੇਤੂ ਖਿਡਾਰੀਆਂ ਨੂੰ ਨੌਕਰੀ ਦੇਣ ਦੀ ਪੱਕੀ ਵਿਵਸਥਾ ਅਤੇ ਜ਼ਿਲਾ ਓਲੰਪਿਕ ਐਸੋਸੀਏਸ਼ਨਾਂ ਤੇ ਜ਼ਿਲਾ ਖੇਡ ਕੌਂਸਲਾਂ ਨੂੰ ਕਿਰਿਆਸ਼ੀਲ ਕਰਨਾ ਨਵੀਂ ਖੇਡ ਨੀਤੀ ਦੇ ਅਹਿਮ ਪਹਿਲੂ ਹੋਣਗੇ। ਉਨ•ਾਂ ਕਿਹਾ ਕਿ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਰਿਹਾ ਪੰਜਾਬ ਪਿਛਲੇ ਕਈ ਸਾਲਾਂ ਤੋਂ ਇਸ ਖੇਤਰ ਵਿੱਚ ਪਿੱਛੇ ਰਹਿ ਗਿਆ ਹੈ ਜਦੋਂ ਕਿ ਗੁਆਂਢੀ ਸੂਬਾ ਹਰਿਆਣਾ ਬਹੁਤ ਅੱਗੇ ਚਲਾ ਗਿਆ ਹੈ। ਉਨ•ਾਂ ਕਿਹਾ ਕਿ ਪੰਜਾਬ ਮੁਕਾਬਲੇ ਹਰਿਆਣਾ ਦਾ ਖੇਡ ਬਜਟ ਵੀ ਵੱਡਾ ਹੈ ਅਤੇ ਇਸ ਸਬੰਧੀ ਉਨ•ਾਂ ਮੁੱਖ ਮੰਤਰੀ ਜੀ ਨਾਲ ਵੀ ਗੱਲਬਾਤ ਕੀਤੀ ਹੈ ਕਿ ਪੰਜਾਬ ਦੇ ਖੇਡ ਬਜਟ ਵਿੱਚ ਵਾਧਾ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨਾਲ ਵੀ ਮੀਟਿੰਗ ਕੀਤੀ ਜਾਵੇਗੀ।
ਰਾਣਾ ਸੋਢੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਖਿਡਾਰੀਆਂ ਦਾ ਹੋਰਨਾਂ ਸੂਬਿਆਂ ਜਾਂ ਵਿਭਾਗਾਂ ਵੱਲ ਜਾਣ ਦੇ ਰੁਝਾਣ ਵਧਿਆ ਹੈ। ਉਨ•ਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੂੰ ਸੂਬੇ ਵਿੱਚ ਹੀ ਰੱਖਣ ਲਈ ਕੌਮਾਂਤਰੀ ਪੱਧਰ 'ਤੇ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਨਗਦ ਇਨਾਮ ਰਾਸ਼ੀ ਵਿੱਚ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤਮਗਾ ਜੇਤੂ ਖਿਡਾਰੀਆਂ ਨੂੰ ਨੌਕਰੀ ਦੇਣ ਲਈ ਪੱਕੀ ਵਿਵਸਥਾ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਇਸ ਵੇਲੇ ਓਲੰਪਿਕ ਖੇਡਾ/ਵਿਸ਼ਵ ਕੱਪ ਜਾਂ ਚੈਂਪੀਅਨਸ਼ਿਪ ਵਿੱਚ ਤਮਗਾ ਜੇਤੂ ਵੈਟਰਨ ਖਿਡਾਰੀ ਨੂੰ 5000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ ਜਿਸ ਨੂੰ 15000 ਰੁਪਏ ਕਰਨ ਦੀ ਤਜਵੀਜ਼ ਬਣਾਈ ਜਾ ਰਹੀ ਹੈ। ਇਸੇ ਤਹਿਤ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਵੈਟਰਨ ਖਿਡਾਰੀ ਦੀ ਪੈਨਸ਼ਨ 2500 ਰੁਪਏ ਤੋਂ ਵਧਾ ਕੇ 5000 ਰੁਪਏ ਕਰਨ ਦੀ ਤਜਵੀਜ਼ ਬਣਾਉਣ ਲਈ ਕਿਹਾ ਹੈ।
ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੂੰ ਕੌਮੀ ਖੇਡ ਐਵਾਰਡਾਂ ਦੀ ਤਰਜ਼ 'ਤੇ ਦਿੱਤੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਕਈ ਸਾਲਾਂ ਤੋਂ ਰੁਕੇ ਪਏ ਹਨ ਜਿਨ•ਾਂ ਜਲਦ ਹੀ ਵੰਡਣ ਲਈ ਵੱਡਾ ਸਮਾਗਮ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਇਹ ਨੀਤੀ ਬਣਾਈ ਜਾਵੇਗੀ ਕਿ ਭਵਿੱਖ ਵਿੱਚ ਇਹ ਐਵਾਰਡ ਹਰ ਸਾਲ ਵੰਡੇ ਜਾਣ ਅਤੇ ਇਸ ਦੀ ਇਨਾਮ ਰਾਸ਼ੀ ਜੋ ਕਿ ਇਸ ਵੇਲੇ 2 ਲੱਖ ਰੁਪਏ ਹਨ, ਵਿੱਚ ਵੀ ਵਾਧਾ ਕੀਤਾ ਜਾਵੇਗਾ। ਰਾਣਾ ਸੋਢੀ ਨੇ ਕਿਹਾ, ''ਮੈਨੂੰ ਇਸ ਗੱਲ ਦਾ ਮਾਣ ਹੈ ਕਿ 1978 ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਸ਼ੁਰੂਆਤ ਹੋਈ ਸੀ ਤਾਂ ਪਹਿਲੀ ਸੂਚੀ ਵਿੱਚ ਮੇਰਾ ਵੀ ਨਾਮ ਸ਼ਾਮਲ ਸੀ ਅਤੇ ਉਸ ਵੇਲੇ ਇਨਾਮ ਰਾਸ਼ੀ 2500 ਰੁਪਏ ਹੁੰਦੀ ਸੀ। ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵੇਲੇ ਜਦੋਂ ਮੈਂ ਖੇਡਾਂ ਬਾਰੇ ਮੁੱਖ ਸੰਸਦੀ ਸਕੱਤਰ ਸੀ ਤਾਂ ਇਸ ਐਵਾਰਡ ਦੀ ਇਨਾਮ ਰਾਸ਼ੀ 21 ਹਜ਼ਾਰ ਰੁਪਏ ਤੋਂ ਵਧਾ ਕੇ ਇਕ ਲੱਖ ਰੁਪਏ ਕੀਤੀ ਗਈ ਸੀ ਅਤੇ ਹੁਣ ਇਸ ਵਿੱਚ ਹੋਰ ਵਾਧਾ ਕੀਤਾ ਜਾਵੇਗਾ।''
ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਲਈ ਅਤੇ ਜ਼ਮੀਨੀ ਪੱਧਰ 'ਤੇ ਛੋਟੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡ ਗਤੀਵਿਧੀਆਂ ਵਧਾਉਣ ਲਈ ਜ਼ਿਲਾ ਓਲੰਪਿਕ ਐਸੋਸੀਏਸ਼ਨਾਂ ਤੇ ਜ਼ਿਲਾ ਖੇਡ ਕੌਂਸਲਾਂ ਜੋ ਇਸ ਵੇਲੇ ਬੰਦ ਹੋਣ ਕਿਨਾਰੇ ਪਈਆਂ ਹਨ, ਨੂੰ ਕਿਰਿਆਸ਼ੀਲ ਕੀਤਾ ਜਾਵੇਗਾ। ਇਸ ਸਬੰਧੀ ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਲਿਖ ਕੇ ਹਦਾਇਤ ਵੀ ਕੀਤੀ ਜਾਵੇਗੀ ਕਿ ਇਨ•ਾਂ ਦੀਆਂ ਗਤੀਵਿਧੀਆਂ ਵਧਾਈਆਂ ਜਾਣ। ਪਟਿਆਲਾ ਵਿਖੇ ਸਥਾਪਤ ਕੀਤੀ ਜਾ ਰਹੀ ਸੂਬੇ ਦੀ ਪਲੇਠੀ ਖੇਡ ਯੂਨੀਵਰਸਿਟੀ ਖੇਡਾਂ ਦਾ ਪੱਧਰ ਉਚਾ ਚੁੱਕਣ ਵਿੱਚ ਅਹਿਮ ਯੋਗਦਾਨ ਪਾਵੇਗੀ। ਉਨ•ਾਂ ਕਿਹਾ ਕਿ ਪੰਜਾਬ ਵਿੱਚ 32.90 ਕਰੋੜ ਰੁਪਏ ਦੀ ਲਾਗਤ ਨਾਲ ਖੇਡਾਂ ਦਾ ਬੁਨਿਆਦੀ ਢਾਂਚਾ ਉਸਾਰਨ ਲਈ 10 ਨਵੇਂ ਸਟੇਡੀਅਮ ਬਣਾਏ ਜਾਣਗੇ ਅਤ ਦੋ ਸ਼ੂਟਿੰਗਾਂ ਰੇਂਜਾਂ ਦੀ ਕਾਇਆ ਕਲਪ ਕੀਤੀ ਜਾਵੇਗੀ। ਉਨ•ਾਂ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਕਰੋੜ ਰੁਪਏ ਦੀ ਲਾਗਤ ਨਾਲ ਮੁਕਤਸਰ ਸਾਹਿਬ ਤੇ ਮੁਹਾਲੀ ਵਿਖੇ ਸ਼ੂਟਿੰਗ ਰੇਂਜਾਂ ਦੀ ਅੱਪਗ੍ਰਡੇਸ਼ਨ ਕੀਤੀ ਜਾਵੇਗੀ, ਇਕ ਕਰੋੜ ਰੁਪਏ ਦੀ ਲਾਗਤ ਨਾਲ ਗਿੱਦੜਬਾਹਾ ਵਿਖੇ ਮਲਟੀਪਰਪਜ਼ ਸਟੇਡੀਅਮ, 6.25 ਕਰੋੜ ਦੀ ਲਾਗਤ ਨਾਲ ਗੁਰੂ ਹਰਸਹਾਏ, ਟਾਂਡਾ ਉੜਮੁੜ, ਗਿੱਦੜਬਾਹਾ ਤੇ ਖਡੂਰ ਸਾਹਿਬ ਵਿਖੇ ਬਲਾਕ ਪੱਧਰੀ ਸਟੇਡੀਅਮ ਅਤੇ 3 ਕਰੋੜ ਰੁਪਏ ਦੀ ਲਾਗਤ ਨਾਲ ਢੁੱਡੀਕੇ (ਮੋਗਾ) ਵਿਖੇ ਹਾਕੀ ਐਸਟੋਟਰਫ ਸਟੇਡੀਅਮ ਉਸਾਰੇ ਜਾਣਗੇ। ਇਸ ਤੋਂ ਇਲਾਵਾ ਖੇਲੋ ਇੰਡੀਆ ਸਕੀਮ ਤਹਿਤ 2.18 ਕਰੋੜ ਰੁਪਏ ਦੀ ਲਾਗਤ ਨਾਲ ਤਰਨਤਾਰਨ ਵਿਖੇ ਮਲਟੀਪਰਪਜ਼ ਇੰਡੋਰ ਹਾਲ ਸਟੇਡੀਅਮ, 7.47 ਕਰੋੜ ਰੁਪਏ ਦੀ ਲਾਗਤ ਨਾਲ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਮਲਟੀਪਰਪਜ਼ ਇੰਡੋਰ ਸਟੇਡੀਅਮ ਅਤੇ 7 ਕਰੋੜ ਰੁਪਏ ਦੀ ਲਾਗਤ ਨਾਲ ਹੁਸ਼ਿਆਰਪੁਰ ਵਿਖੇ ਅਥਲੈਟਿਕਸ ਟਰੈਕ ਸਮੇਤ ਮਲਪਟੀਪਰਜ਼ ਸਟੇਡੀਅਮ ਅਤੇ ਖੇਡ ਕੰਪਲੈਕਸ ਵਿਖੇ ਤੈਰਾਕੀ ਪੂਲ ਬਣਾਇਆ ਜਾਵੇਗਾ।
ਖੇਡ ਮੰਤਰੀ ਨੇ ਕਿਹਾ ਕਿ ਖੇਲੋ ਇੰਡੀਆ ਸਕੀਮ ਤਹਿਤ ਸੂਬੇ ਵਿੱਚ ਪੈਰਾ ਸਪੋਰਟਸ ਵਾਲੇ ਅੰਗਹੀਣ ਖਿਡਾਰੀਆਂ ਦੀ ਪ੍ਰਮੋਸ਼ਨ ਲਈ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਾਝਾ, ਮਾਲਵਾ ਤੇ ਦੋਆਬਾ ਤਿੰਨ ਖੇਤਰਾਂ ਵਿੱਚ ਖੇਤਰੀ ਸੈਂਟਰ ਖੋਲ•ਣੇ ਅਤੇ ਸਰਹੱਦੀ ਖੇਤਰ ਦੇ ਜ਼ਿਲਿ•ਆਂ ਦਾ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣਾ ਮੁੱਖ ਏਜੰਡਾ ਹੋਵੇਗਾ। ਇਸ ਮੌਕੇ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ, ਕਾਰਜਕਾਰੀ ਡਿਪਟੀ ਡਾਇਰੈਕਟਰ ਸੁਰਜੀਤ ਸਿੰਘ, ਡੀ.ਐਸ.ਐਫ.ਏ. ਸ੍ਰੀ ਪਵਨ ਕਪੂਰ ਤੇ ਪੰਜਾਬ ਰਾਜ ਖੇਡ ਕੌਂਸਲ ਦੇ ਸੰਯੁਕਤ ਸਕੱਤਰ ਇੰਜ. ਸੰਜੇ ਮਹਾਜਨ ਵੀ ਹਾਜ਼ਰ ਸਨ।