• Home
  • ਮੰਦਰਾਂ ’ਚ ਚੋਰੀਆਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

ਮੰਦਰਾਂ ’ਚ ਚੋਰੀਆਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

ਚੰਡੀਗੜ੍ਹ ਪੁਲੀਸ ਨੇ ਧਾਰਮਿਕ ਸਥਾਨਾਂ ਵਿੱਚ ਚੋਰੀਆਂ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਕੇ ਸ਼ਹਿਰ ਦੇ ਕਈ ਮੰਦਰਾਂ ਵਿੱਚੋਂ ਚੋਰੀ ਕੀਤੇ ਚਾਂਦੀ ਦੇ ਗਹਿਣੇ ਬਰਾਮਦ  ਕੀਤੇ ਹਨ।
ਚੰਡੀਗੜ੍ਹ ਪੁਲੀਸ ਅਤੇ ਦਿੱਲੀ ਦੀ ਕਰਾਈਮ ਬਰਾਂਚ ਦੀ ਟੀਮ ਨੇ ਸਾਂਝੀ ਕਾਰਵਾਈ ਕਰ ਕੇ ਤਿੰਨ ਮੁਲਜ਼ਮਾਂ ਨੂੰ ਅੱਜ ਤੜਕੇ 2.30 ਵਜੇ ਜੇਜੇ ਕਲੋਨੀ ਵਜ਼ੀਦਪੁਰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਸ਼ਹਿਰ ਵਿੱਚ ਲਗਾਤਾਰ ਵੱਖ-ਵੱਖ ਮੰਦਿਰਾਂ ਵਿੱਚ ਚੋਰੀਆਂ ਹੋਣ ਕਾਰਨ ਆਮ ਲੋਕਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਪੁਲੀਸ ਉਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ। ਅੱਜ ਮੁਲਜ਼ਮਾਂ ਨੂੰ ਕਾਬੂ ਕਰਨ ਨਾਲ ਪੁਲੀਸ ਅਧਿਕਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ।
ਮੁਲਜ਼ਮਾਂ ਨੂੰ ਸੈਕਟਰ-26 ਥਾਣੇ ਦੇ ਐਸਐਚਓ ਜਸਪਾਲ ਸਿੰਘ ਦੀ ਅਗਵਾਈ ਹੇਠ ਟੀਮ ਨੇ ਕਾਬੂ ਕੀਤਾ। ਐਸਐਸਪੀ ਨੀਲਾਂਬਰੀ ਜਗਦਲੇ ਵਿਜੈ ਅਤੇ ਡੀਐਸਪੀ (ਪੂਰਬ) ਸਤੀਸ਼ ਕੁਮਾਰ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਊਧਮ ਸਿੰਘ ਨਗਰ (ਉਤਰਾਖੰਡ) ਦੇ 24 ਸਾਲਾਂ ਦੇ ਰੇਸ਼ਮ ਸਿੰਘ ਉਰਫ ਰਿੰਕੂ ਅਤੇ ਉੱਤਰ ਪ੍ਰਦੇਸ਼ ਦੇ 30 ਸਾਲਾਂ ਦੇ ਹਰਜੀਤ ਸਿੰਘ ਉਰਫ ਜੀਤ ਤੇ 28 ਸਾਲਾਂ ਦੇ ਮਨਬੀਰ ਸਿੰਘ ਉਰਫ ਡਿੰਪਲ ਵਜੋਂ ਹੋਈ ਹੈ।
ਇਸ ਗਰੋਹ ਨੂੰ ਇਥੋਂ ਦੇ ਮੰਦਿਰਾਂ ਦੀ ਸੂਹ ਮੁਹੱਈਆ ਕਰਵਾ ਕੇ ਚੰਡੀਗੜ੍ਹ ਸੱਦਣ ਵਾਲੇ ਇਕ ਸਥਾਨਕ ਮੁਲਜ਼ਮ ਦੀ ਪੁਲੀਸ ਨੂੰ ਭਾਲ ਹੈ। ਐਸਐਸਪੀ ਨੇ ਦੱਸਿਆ ਕਿ ਇਸ ਗਰੋਹ ਬਾਰੇ ਕਰਾਈਮ ਬਰਾਂਚ ਦਿੱਲੀ ਦੇ ਏਸੀਪੀ ਜਸਬੀਰ ਨਾਲ ਸੂਚਨਾ ਸਾਂਝੀ ਕੀਤੀ ਗਈ ਸੀ। ਇਸ ਤਹਿਤ ਗਰੋਹ ਦੀ ਸੂਹ ਲਾਉਣ ਤੋਂ ਬਾਅਦ ਅੱਜ ਤੜਕੇ ਚੰਡੀਗੜ੍ਹ ਪੁਲੀਸ ਨੇ ਦਿੱਲੀ ਪੁਲੀਸ ਨਾਲ ਸਾਂਝਾ ਅਪਰੇਸ਼ਨ ਕਰਕੇ ਮੁਲਜ਼ਮਾਂ ਨੂੰ ਦਿੱਲੀ ਤੋਂ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਇਸ ਗਰੋਹ ਨੇ ਹੀ ਸੈਕਟਰ-27 ਦੇ ਦੋ ਮੰਦਿਰਾਂ ਸਮੇਤ ਸੈਕਟਰ-24, ਸੈਕਟਰ-16 ਅਤੇ ਸੈਕਟਰ-19 ਦੇ ਮੰਦਰਾਂ ਵਿਚੋਂ ਚੋਰੀਆਂ ਕੀਤੀਆਂ ਸਨ।
ਮੁਲਜ਼ਮਾਂ  ਕੋਲੋਂ ਚਾਂਦੀ ਦੇ ਮੁਕਟ, ਸ਼ਿਵਲਿੰਗ, ਝਾਲਰ ਆਦਿ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਅਨੁਸਾਰ ਮੁਲਜ਼ਮ ਚੋਰੀ ਕਰਨ ਤੋਂ ਇਕ ਦਿਨ ਪਹਿਲਾਂ ਸਬੰਧਤ ਮੰਦਿਰ ਵਿੱਚ ਸ਼ਰਧਾਲੂ ਬਣ ਕੇ ਰੇਕੀ ਕਰਦੇ ਸਨ ਅਤੇ  ਮੰਦਿਰ ਵਿੱਚ ਦਾਖਲ ਹੋਣ ਤੇ ਬਾਹਰ ਨਿਕਲਣ ਸਮੇਤ ਅੰਦਰ ਪਏ ਗਹਿਣਿਆਂ ਦੀ ਨਿਸ਼ਾਨਦੇਹੀ ਕਰਦੇ ਸਨ। ਉਹ ਤੜਕੇ ਮੰਦਰਾਂ ਵਿੱਚ ਚੋਰੀਆਂ ਕਰਨ ਨੂੰ ਤਰਜੀਹ ਦਿੰਦੇ ਸਨ। ਐਸਐਚਓ ਜਸਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਦਿੱਲੀ ਦੇ ਇਕ ਗੁਰਦੁਆਰੇ ਦੀ ਗੋਲਕ ਵੀ ਤੋੜ ਚੁੱਕੇ ਹਨ। ਉਨ੍ਹਾਂ ਉਪਰ ਏਟੀਐਮ ਤੋੜਣ ਦਾ ਕੇਸ ਵੀ ਚੱਲ ਰਿਹਾ ਹੈ। ਪਿੱਛਲੇ ਸਮੇਂ ਉੱਤਰ ਪ੍ਰਦੇਸ਼ ਦੀ ਪੁਲੀਸ ਨੇ ਇਸ ਗਰੋਹ ਕੋਲੋਂ ਦੋ ਦੇਸੀ ਕੱਟੇ ਵੀ ਬਰਾਮਦ ਕੀਤੇ ਸਨ।