• Home
  • ਮੌੜ ਬੰਬ ਕਾਂਡ ਦੀ ਜਾਂਚ ਡੇਰਾ ਸੱਚਾ ਸੌਦਾ ਨੇੜੇ ਜਾ ਕੇ ਸਰਕਾਰ ਨੇ ਕਿਉਂ ਰੋਕੀ ?

ਮੌੜ ਬੰਬ ਕਾਂਡ ਦੀ ਜਾਂਚ ਡੇਰਾ ਸੱਚਾ ਸੌਦਾ ਨੇੜੇ ਜਾ ਕੇ ਸਰਕਾਰ ਨੇ ਕਿਉਂ ਰੋਕੀ ?

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ ): ਮੌੜ ਬੰਬ ਕਾਂਡ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਜਾਂਚ ਜੋ ਕਿ ਡੇਰਾ ਸੱਚਾ ਸੌਦਾ ਪਾਸ ਜਾ ਕੇ ਪਤਾ ਨਹੀਂ ਕਿਹੜੀ ਖੱਡ ਵਿੱਚ ਵੜ ਗਈ ,ਜਾਂ ਫਿਰ ਪੰਜਾਬ ਸਰਕਾਰ ਨੇ ਵੋਟ ਰਾਜਨੀਤੀ ਨੂੰ ਵੇਖਦਿਆਂ ਪੜਤਾਲ ਅੱਗੇ ਨਹੀਂ ਵਧਣ ਦਿੱਤੀ ਆਦਿ ਵਰਗੇ ਕਈ ਸਵਾਲ ਪੰਜਾਬ ਸਰਕਾਰ ਤੇ ਉੱਠਦੇ ਹਨ ਪਰ ਪਾਤੜਾਂ ਵਾਸੀ ਸਮਾਜ ਸੇਵੀ ਨੌਜਵਾਨ ਗੁਰਜੀਤ ਸਿੰਘ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਬਲਿਕ ਹਿੱਤ ਵਜੋਂ ਰਿੱਟ ਦਾਖਲ ਕਰਕੇ ਮੰਗ ਕੀਤੀ ਹੈ ਕਿ ਮੌੜ ਬੰਬ ਕਾਂਡ ਦੀ ਜਾਂਚ ਕੇਂਦਰੀ ਏਜੰਸੀ ਐੱਨ ਆਈ ਏ ਤੋਂ ਕਰਵਾਈ ਜਾਵੇ ।
ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਜੀਤ ਸਿੰਘ ਪਾਤੜਾਂ ਨੇ ਦੱਸਿਆ ਕਿ ਹਾਈਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ 4 ਜੁਲਾਈ ਨੂੰ ਹੋਵੇਗੀ। ਹਾਈ ਕੋਰਟ ਨੇ 4 ਜੁਲਾਈ ਲਈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਗੁਰਜੀਤ ਸਿੰਘ ਨੇ ਦੱਸਿਆ ਕਿ ਮੌੜ ਬੰਬ ਕਾਂਡ ਦੀ ਜਾਂਚ ਜਦੋਂ ਡੇਰਾ ਸਿਰਸਾ ਵਿੱਚ ਪਹੁੰਚੀ ਤਾਂ ਪੰਜਾਬ ਪੁਲਸ ਨੇ ਜਾਂਚ ਠੰਡੇ ਬਸਤੇ ਵਿੱਚ ਪਾ ਦਿੱਤੀ। ਬੰਬ ਕਾਂਡ ਵਿੱਚ ਵਰਤੀ ਮਾਰੂਤੀ ਕਾਰ ਕਿਉਂਕਿ ਡੇਰਾ ਸਿਰਸਾ ਵਿੱਚ ਹੀ ਤਿਆਰ ਹੋਈ ਸੀ ਅਤੇ ਬੈਟਰੀ ਵੀ ਡੇਰਾ ਨਾਲ ਸਬੰਧਿਤ ਇੱਕ ਵਿਅਕਤੀ ਦੀ ਸੀ ਜਿਸ ਕਾਰਨ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਇਹ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਬੰਬ ਕਾਂਡ ਪਿੱਛੇ ਕੀ ਸਾਜ਼ਿਸ਼ ਸੀ । ਜਾਂਚ ਦੇ ਘੇਰੇ ਵਿੱਚ ਡੇਰਾ ਸੌਦਾ ਸਾਧ ਨੂੰ ਵੀ ਲਿਆਉਣਾ ਚਾਹੀਦਾ ਹੈ । ਤਾਂ ਕਿ ਡੇਰਾ ਸੌਦਾ ਸਾਹਿਬ ਦੇ ਅਸਲੀ ਮਨਸੂਬਿਆਂ ਦਾ ਲੋਕਾਂ ਨੂੰ ਪਤਾ ਲੱਗ ਸਕੇ ।ਗੁਰਜੀਤ ਸਿੰਘ ਨੇ ਇਹ ਮੰਗ ਵੀ ਕੀਤੀ ਕਿ ਮੌੜ ਕਾਂਡ ਵਿੱਚ ਮਾਰੇ ਗਏ ਸੱਤ ਵਿਅਕਤੀਆਂ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਦਿੱਤਾ ਜਾਵੇ । ਅਜੇ ਤੱਕ ਪੰਜਾਬ ਸਰਕਾਰ ਨੇ ਕਾਂਡ ਵਿਚ ਮਾਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਕੇਵਲ ਪੰਜ ਪੰਜ ਲੱਖ ਰੁਪਏ ਹੀ ਦਿੱਤੇ ਹਨ ।