• Home
  • ਮੁੱਖ ਮੰਤਰੀ ਵੱਲੋਂ ਟੋਰਾਂਟੋ ਧਮਾਕੇ ਦੀ ਸਖ਼ਤ ਨਿਖੇਧੀ, ਬੁਜ਼ਦਿਲੀ ਤੇ ਨਾ ਮੁਆਫੀ ਯੋਗ ਕਾਰਵਾਈ ਦੱਸਿਆ

ਮੁੱਖ ਮੰਤਰੀ ਵੱਲੋਂ ਟੋਰਾਂਟੋ ਧਮਾਕੇ ਦੀ ਸਖ਼ਤ ਨਿਖੇਧੀ, ਬੁਜ਼ਦਿਲੀ ਤੇ ਨਾ ਮੁਆਫੀ ਯੋਗ ਕਾਰਵਾਈ ਦੱਸਿਆ

ਚੰਡੀਗੜ-(ਖਬਰ ਵਾਲੇ ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਦੀ ਰਾਤ ਕੈਨੇਡਾ 'ਚ ਟੋਰਾਂਟੋ ਦੇ ਬਾਹਰਵਾਰ ਇੱਕ ਭਾਰਤੀ ਰੈਸਟੋਰੈਂਟ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਧਮਾਕੇ ਦੀ ਘਟਨਾ ਨੂੰ ਬੁਜ਼ਦਿਲੀ ਵਾਲੀ ਕਾਰਵਾਈ ਦੱਸਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ ਜਿਸ ਵਿੱਚ ਲਗਪਗ 15 ਵਿਅਕਤੀਆਂ ਜ਼ਖ਼ਮੀ ਹੋਏ ਹਨ। ਇਸ ਘਟਨਾ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੇਕਸੂਰ ਲੋਕਾਂ 'ਤੇ ਹਮਲਾ ਕਰਨਾ ਪੂਰੀ ਤਰ•ਾਂ ਅਨਿਆਂਪੂਰਨ ਤੇ ਨਾ-ਮੁਆਫੀਯੋਗ ਹੈ ਅਤੇ ਇਹ ਹਮਲਾ ਅੱਤਵਾਦ ਦੀ ਗੰਭੀਰ ਸਮੱਸਿਆ ਦੀ ਤਸਵੀਰ ਪੇਸ਼ ਕਰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇੱਕ ਮਹੀਨਾ ਪਹਿਲਾਂ ਟੋਰਾਂਟੋ ਵਿੱਚ ਹੀ ਇੱਕ ਵੈਨ ਡਰਾਈਵਰ ਵੱਲੋਂ ਪੈਦਲ ਜਾ ਰਹੇ 10 ਲੋਕਾਂ ਨੂੰ ਮਾਰ ਦੇਣ ਦੀ ਘਟਨਾ ਤੋਂ ਬਾਅਦ ਮੁੜ ਵਾਪਰੀ ਇਸ ਘਟਨਾ ਨੇ ਆਲਮੀ ਪੱਧਰ 'ਤੇ ਅੱਤਵਾਦ ਦਾ ਪਾਸਾਰ ਹੋਣ ਦੀ ਸਥਿਤੀ ਉਜਾਗਰ ਕੀਤੀ ਹੈ। ਉਨ•ਾਂ ਕਿਹਾ ਕਿ ਇਸ ਘਟਨਾ ਨਾਲ ਪਤਾ ਲੱਗਦਾ ਹੈ ਕਿ ਕੋਈ ਵੀ ਮੁਲਕ ਅੱਤਵਾਦ ਦੀ ਅਲਾਮਤ ਤੋਂ ਸੁਰੱਖਿਅਤ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਧਮਾਕੇ ਵਿੱਚ ਭਾਰਤੀ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਉਣ 'ਤੇ ਚਿੰਤਾ ਜ਼ਾਹਰ ਕੀਤੀ ਕਿਉਂ ਜੋ ਇਸ ਰੈਸਟੋਰੈਂਟ ਵਿੱਚ ਆਮ ਤੌਰ 'ਤੇ ਇਲਾਕੇ ਵਿੱਚ ਰਹਿੰਦੇ ਵੱਡੀ ਗਿਣਤੀ 'ਚ ਭਾਰਤੀ ਭਾਈਚਾਰੇ ਦੇ ਲੋਕ ਆਉਂਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨ•ਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਗਰਮਖਿਆਲੀ ਤੱਤਾਂ ਵੱਲੋਂ ਕੈਨੇਡਾ ਦੀ ਧਰਤੀ ਦੀ ਲਗਾਤਾਰ ਵਰਤੋਂ ਕੀਤੇ ਜਾਣ ਦਾ ਮਸਲਾ ਉਨ•ਾਂ ਕੋਲ ਉਠਾਇਆ ਸੀ। ਉਨ•ਾਂ ਕਿਹਾ ਕਿ ਕੋਈ ਵੀ ਮੁਲਕ ਅੱਤਵਾਦ ਦੇ ਵੱਧ ਰਹੇ ਖਤਰੇ ਨੂੰ ਅਣਗੌਲਿਆ ਨਹੀਂ ਕਰ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ਲੜਣ ਲਈ ਸਾਰੇ ਮੁਲਕਾਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਅਤੇ ਉਨ•ਾਂ ਨੇ ਫਰਵਰੀ ਮਹੀਨੇ ਵਿਚ ਸ੍ਰੀ ਟਰੂਡੋ ਪਾਸੋਂ ਇਸ ਮਾਮਲੇ 'ਤੇ ਸਹਿਯੋਗ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਦਹਿਸ਼ਤਗਰਦੀ ਨਾਲ ਨਜਿਠਣ ਲਈ ਉਹ ਆਪਣੀ ਸਰਕਾਰ ਵੱਲੋਂ ਕੈਨੇਡਾ ਨੂੰ ਹਰ ਸੰਭਵ ਸਹਿਯੋਗ ਤੇ ਮਦਦ ਕਰਨ ਲਈ ਤਿਆਰ ਹਨ। ਮੁੱਖ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਤਵਾਦ ਦਾ ਖੁਰਾ-ਖੋਜ ਮਿਟਾ ਦੇਣ ਅਤੇ ਇਸ ਭਿਆਨਕ ਚੁਣੌਤੀ ਤੋਂ ਮਨੁੱਖਤਾ ਨੂੰ ਬਚਾਉਣ ਲਈ ਸਾਰੇ ਮੁਲਕਾਂ ਨੂੰ ਆਲਮੀ ਪੱਧਰ 'ਤੇ ਇੱਕਜੁਟ ਹੋ ਕੇ ਲੜਾਈ ਲੜਣੀ ਚਾਹੀਦੀ ਹੈ। ਉਨ•ਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਧਮਾਕੇ ਵਿੱਚ ਜ਼ਖ਼ਮੀ ਹੋਏ ਭਾਰਤੀਆਂ ਅਤੇ ਇੰਡੋ-ਕੈਨੇਡੀਅਨਾਂ ਦੀ ਮਦਦ ਲਈ ਕੈਨੇਡਾ ਵਿੱਚ ਭਾਰਤੀ ਦੂਤਾਵਾਸ ਨੂੰ ਹਦਾਇਤ ਕੀਤੀ ਜਾਵੇ। ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਕੈਨੇਡਾ ਸਰਕਾਰ ਕੋਲ ਅੱਤਵਾਦ ਦਾ ਮੁੱਦਾ ਉਠਾਉਣ ਦੀ ਅਪੀਲ ਕੀਤੀ ਤਾਂ ਕਿ ਦੋਵੇਂ ਮੁਲਕ ਹੋਰ ਬਿਹਤਰ ਤਾਲਮੇਲ ਨਾਲ ਅੱਤਵਾਦ ਵਿਰੁੱਧ ਲੜਾਈ ਲੜ ਸਕਣ।