• Home
  • ਮੁੱਖ ਮੰਤਰੀ ਨੂੰ ਦਮਦਮੀ ਟਕਸਾਲ ਦਾ ਮੋੜਵਾਂ ਜਵਾਬ -ਦਮਦਮੀ ਟਕਸਾਲ ਕਿਸੇ ਵੀ ਜਬਰ ਜ਼ੁਲਮ ਤੋਂ ਡਰਨ ਵਾਲੀ ਨਹੀਂ

ਮੁੱਖ ਮੰਤਰੀ ਨੂੰ ਦਮਦਮੀ ਟਕਸਾਲ ਦਾ ਮੋੜਵਾਂ ਜਵਾਬ -ਦਮਦਮੀ ਟਕਸਾਲ ਕਿਸੇ ਵੀ ਜਬਰ ਜ਼ੁਲਮ ਤੋਂ ਡਰਨ ਵਾਲੀ ਨਹੀਂ

ਅੰਮ੍ਰਿਤਸਰ,-(ਖ਼ਬਰ ਵਾਲੇ ਬਿਊਰੋ )-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਤ ਢੰਡਰੀਆਂ ਵਾਲੇ ਨੂੰ ਵੀਡੀਓ ਰਾਹੀਂ ਦਿੱਤੀ ਦਮਦਮੀ ਟਕਸਾਲ ਵੱਲੋਂ ਮਾਰਨ ਦੀ ਧਮਕੀ ਤੋਂ ਬਾਅਦ ਦਿੱਤੇ ਗਏ ਚਿਤਾਵਨੀ ਦੇ ਬਿਆਨ ਨੂੰ ਆੜੇ ਹੱਥੀਂ ਲੈਂਦਿਆਂ

ਦਮਦਮੀ ਟਕਸਾਲ ਦੇ ਆਗੂ ਭਾਈ ਅਜੈਬ ਸਿੰਘ ਅਭਿਆਸੀ ,ਪ੍ਰੋਫੈਸਰ ਸਰਚਾਂਦ ਸਿੰਘ ਤੇ ਭਾਈ ਹਰਦੀਪ ਸਿੰਘ ਅਨੰਦਪੁਰ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਦਾ ਮੁੱਖ ਮੰਤਰੀ ਦਮਦਮੀ ਟਕਸਾਲ ਦੇ ਸਤਿਕਾਰ ਨੂੰ ਸੱਟ ਮਾਰਨ ਤੋਂ ਬਾਜ ਆਵੇ।

ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਕਿਸੇ ਵੀ ਜਬਰ ਜ਼ੁਲਮ ਤੋਂ ਡਰਨ ਵਾਲੀ ਨਹੀਂ ਹੈ ।ਦਮਦਮੀ ਟਕਸਾਲ ਦੇ ਆਗੂਆਂ ਨੇ ਕਿਹਾ ਕਿ ਜਿਸ ਲਹਿਜ਼ੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਮਦਮੀ ਟਕਸਾਲ ਅਤੇ ਇਸ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਉਹ ਕਿਹੜੀਆਂ ਸ਼ਕਤੀਆਂ ਦਾ ਹੱਥ ਠੋਕਾ ਬਣ ਕੇ ਦਮਦਮੀ ਟਕਸਾਲ ਨੂੰ ਨੁਕਸਾਨ ਪੁਚਾਉਣਾ ਚਾਹੁੰਦੇ ਹਨ ।  ਦਮਦਮੀ ਟਕਸਾਲ ਦੇ ਤਿੰਨੇ ਆਗੂਆਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜੇਕਰ ਦਮਦਮੀ ਟਕਸਾਲ ਦੇ ਮੁਖੀ ਦਾ ਵਾਲ ਵੀ ਵਿੰਗਾ ਹੋਇਆ ਤਾਂ ਉਸ ਦੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਖੁਦ ਮੁੱਖ ਮੰਤਰੀ ਜ਼ਿੰਮੇਵਾਰ ਹੋਵੇਗਾ। ਪਰ ਉਨ੍ਹਾਂ ਇਸ ਸਮੇਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨੇ ਰਣਜੀਤ ਸਿੰਘ ਢੰਡਰੀਆਂ ਵਾਲੇ ਵਰਗੇ ਗੁਰੂ ਨਿੰਦਕਾਂ ਦੀ ਤਰਫ਼ਦਾਰੀ ਕਰਨ ਨੂੰ ਨਹੀਂ ਬਣਾਇਆ ।
ਦਮਦਮੀ ਟਕਸਾਲ ਨਾਲ ਸਬੰਧਤ ਆਗੂਆਂ ਨੇ ਕਿਹਾ ਕਿ ਦਮਦਮੀ ਟਕਸਾਲ ਨੇ ਤਿੰਨ ਸੌ ਸਾਲਾਂ ਦੇ ਇਤਿਹਾਸ ਦੌਰਾਨ ਹਕੂਮਤੀ ਜਬਰ ਜ਼ੁਲਮ ਅਤੇ ਅੱਤਿਆਚਾਰ ਨੂੰ ਪਿੰਡੇ ਹੰਢਾਇਆ ਹੈ ।ਜਿਸ ਕਾਰਨ ਦਮਦਮੀ ਟਕਸਾਲ ਨੂੰ ਅੱਤਿਆਚਾਰ ਅਤੇ ਜਬਰ ਜ਼ੁਲਮ ਦੇ ਖ਼ਿਲਾਫ਼ ਪਹਿਰਾ ਦੇਣ ਤੋਂ ਪਿੱਛੇ ਨਹੀਂ ਹਟਾਇਆ ਜਾ ਸਕਦਾ ।
ਉਨ੍ਹਾਂ ਆਪਣੇ ਬਿਆਨ ਵਿਚ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਜਦੋਂ ਢੰਡਰੀਆਂ ਵਾਲਾ ਦਮਦਮੀ ਟਕਸਾਲ ਦੇ ਮੁਖੀ ਦੀ ਪੱਗ ਨੂੰ ਹੱਥ ਪਾ ਰਿਹਾ ਸੀ ਤਾਂ ਉਸ ਸਮੇਂ ਉਹ ਕਿੱਥੇ ਸਨ ? ਉਨ੍ਹਾਂ ਇਸ ਸਮੇਂ ਕਿਹਾ ਕਿ ਦਮਦਮੀ ਟਕਸਾਲ ਰਾਜ ਦੇ ਅਮਨ ਕਾਨੂੰਨ ਦੀ ਵਿਵਸਥਾ ਰੱਖਣ ਦੇ ਹੱਕ ਵਿੱਚ ਹੈ ।ਪਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਰੋਕਣ ਲਈ ਕੀ ਰਾਖੀ ਸਰਕਾਰ ਦੀ ਨਹੀਂ ?
ਦਮਦਮੀ ਟਕਸਾਲ ਦੇ ਉਕਤ ਆਗੂਆਂ ਨੇ ਕਿਹਾ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਆਦਿ ਅਖੌਤੀ ਪ੍ਰਚਾਰਕਾਂ ਦੀ ਸਿੱਖ ਸਿਧਾਂਤਾਂ ਪ੍ਰਤੀ ਆਏ ਦਿਨ ਗੁੰਮਰਾਹਕੁੰਨ ਪ੍ਰਚਾਰ ਕਰਕੇ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ ਉਨ੍ਹਾਂ ਵਿਰੁੱਧ ਕੈਪਟਨ ਅਮਰਿੰਦਰ ਸਿੰਘ ਆਪਣੀ ਜਵਾਨ ਵੀ ਕਿਉਂ ਨਹੀਂ ਖੋਲ੍ਹ ਰਹੇ ।