• Home
  • ਮੁੱਖ ਮੰਤਰੀ ਦੋਸ਼ੀਆਂ ਦੀ ਵਕਾਲਤ ਕਰਨਾ ਬੰਦ ਕਰਨ:-ਹਰਸਿਮਰਤ ਬਾਦਲ

ਮੁੱਖ ਮੰਤਰੀ ਦੋਸ਼ੀਆਂ ਦੀ ਵਕਾਲਤ ਕਰਨਾ ਬੰਦ ਕਰਨ:-ਹਰਸਿਮਰਤ ਬਾਦਲ

ਚੰਡੀਗੜ,1 ਮਈ:--(ਪਰਮਿੰਦਰ ਸਿੰਘ ਜੱਟਪੁਰੀ)

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਹੈ ਕਿ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਕਿਤਾਬਾਂ ਅਤੇ ਸਿਲੇਬਸ ਵਿਚੋਂ ਸਿੱਖ ਇਤਿਹਾਸ ਨੂੰ ਮਨਫੀ ਕੀਤੇ ਜਾਣ ਦੇ ਬਹਾਨੇ ਲੱਭਣਾ ਬੰਦ ਕਰਨ ਅਤੇ ਤੁਰੰਤ ਪੰਜਾਬ ਅਤੇ ਸਿੱਖ ਇਤਿਹਾਸ ਦੇ ਚੈਪਟਰਾਂ ਵਾਲੀਆਂ ਪੁਰਾਣੀਆਂ ਪੁਸਤਕਾਂ ਨੂੰ ਸਿਲੇਬਸ ਵਜੋਂ ਲਾਏ ਜਾਣ ਦਾ ਨਿਰਦੇਸ਼ ਜਾਰੀ ਕਰਨ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਮੁੱਖ ਮੰਤਰੀ ਵਾਰ ਵਾਰ ਆਪਣਾ ਸਟੈਂਡ ਬਦਲ ਰਹੇ ਹਨ, ਪਹਿਲਾਂ ਕਹਿੰਦੇ ਸਨ ਕਿ ਕੋਈ ਤਬਦੀਲੀ ਨਹੀਂ ਕੀਤੀ ਅਤੇ ਫਿਰ ਕਹਿਣ ਲੱਗ ਪਏ ਕਿ ਇਹ ਤਬਦੀਲੀ ਪਿਛਲੀ ਸਰਕਾਰ ਨੇ ਕੀਤੀ ਸੀ। ਜਦ ਕਿ ਉਹ ਨਵੀਆਂ ਛਾਪੀਆਂ ਪੁਸਤਕਾਂ ਬਾਰੇ ਕੁੱਝ ਨਹੀਂ ਕਹਿ ਰਹੇ ਹਨ, ਜਿਹਨਾਂ ਵਿਚ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ 23 ਚੈਪਟਰ ਕੱਢ ਦਿੱਤੇ  ਗਏ ਹਨ ਅਤੇ ਉਹਨਾਂ ਦੀ ਥਾਂ ਕਾਂਗਰਸ ਦਾ ਇਤਿਹਾਸ ਪਾਇਆ ਗਿਆ ਹੈ।

ਬੀਬੀ ਬਾਦਲ ਨੇ ਮੁੱਖ ਮੰਤਰੀ ਵੱਲੋਂ ਲਾਏ ਦੋਸ਼ ਕਿ ਸਿੱਖ ਇਤਿਹਾਸ ਨਾਲ ਸੰਬੰਧਿਤ ਚੈਪਟਰ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਮਨਫੀ ਕੀਤੇ ਗਏ ਸਨ, ਉੱਤੇ ਵਿਅੰਗਮਈ ਹਾਸਾ ਹੱਸਦਿਆਂ ਕਿਹਾ ਕਿ ਮੁੱਖ ਮੰਤਰੀ ਸਾਨੂੰ ਗਲਤ ਸਾਬਿਤ ਕਰਨ ਲਈ ਅਕਾਲੀਆਂ ਦੀ ਚੁਣੌਤੀ ਨੂੰ ਸਵੀਕਾਰ ਕਿਉਂ ਕਰਦੇ ਅਤੇ ਅਕਾਲੀ-ਭਾਜਪਾ ਕਾਰਜਕਾਲ ਵੇਲੇ ਦੀਆਂ ਇਤਿਹਾਸ ਦੀਆਂ ਪੁਰਾਣੀਆਂ ਕਿਤਾਬਾਂ ਅਤੇ ਹੁਣ ਛਾਪੀਆਂ ਜਾ ਰਹੀਆਂ ਕਿਤਾਬਾਂ ਨੂੰ ਸਭ ਦੇ ਸਾਹਮਣੇ ਕਿਉਂ ਨਹੀਂ ਰੱਖਦੇ? ਉਹਨਾਂ ਕਿਹਾ ਕਿ ਤੱਥ ਇਹ ਹੈ ਕਿ ਉਹਨਾਂ ਉੱਤੇ ਸਿੱਖ ਸੰਗਤਾਂ ਵੱਲੋਂ ਦਬਾਅ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਉਹਨਾਂ ਨੇ ਗਲਤ ਸਿਲੇਬਸ ਵਾਲੀਆਂ ਕੁੱਝ ਕਿਤਾਬਾਂ ਵਾਪਸ ਵੀ ਲੈ ਲਈਆਂ ਹਨ ਅਤੇ ਹੁਣ ਜਲਦੀ ਜਲਦੀ ਮੀਡੀਆ ਨੁੰ ਵਿਖਾਉਣ ਵਾਸਤੇ ਨਵੀਆਂ ਕਿਤਾਬਾਂ ਛਾਪੀਆਂ ਜਾ ਰਹੀਆਂ ਹਨ। ਪਰ ਉਹ ਪਹਿਲਾਂ ਹੀ ਸਿਲੇਬਸ ਬਾਰੇ ਸਮੱਗਰੀ ਇੰਟਰਨੈਟ ਉੱਤੇ ਪਾ ਚੁੱਕੇ ਹਨ। ਉਹ ਨਵੀਆਂ ਅਤੇ ਪੁਰਾਣੀਆਂ ਕਿਤਾਬਾਂ ਮੀਡੀਆ ਅੱਗੇ ਵਿਖਾਉਣ ਦੀ ਅਕਾਲੀਆਂ ਦੀ ਚੁਣੌਤੀ ਨੂੰ ਸਵੀਕਾਰ ਕਰਨ ਤੋਂ ਕਿਉਂ ਭੱਜ ਗਏ ਹਨ? ਮੁੱਖ ਮੰਤਰੀ ਕਿਉਂ ਰੋਜ਼ ਆਪਣਾ ਸਟੈਂਡ ਬਦਲ ਰਹੇ ਹਨ?

 ਬੀਬੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਇਹ ਦਾਅਵਾ ਕਰਕੇ ਕਿ ਇਹ ਸਿਲੇਬਸ ਅਕਾਲੀ-ਭਾਜਪਾ ਦੇ ਕਾਰਜਕਾਲ ਸਮੇਂ ਬਦਲਿਆ ਗਿਆ ਸੀ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।  ਉਹਨਾਂ ਕਿਹਾ ਕਿ ਜੇਕਰ ਇਹ ਗੱਲ ਸੱਚ ਹੁੰਦੀ ਤਾਂ ਸਿੱਖਿਆ ਬੋਰਡ ਅਕਾਲੀ ਭਾਜਪਾ ਕਾਰਜਕਾਲ ਵੇਲੇ ਸਿੱਖ ਇਤਿਹਾਸ ਅਤੇ ਪੰਜਾਬ ਦੇ ਇਤਿਹਾਸ ਬਾਰੇ 23 ਚੈਪਟਰਾਂ ਵਾਲੀਆਂ ਕਿਤਾਬਾਂ ਨੂੰ ਹੀ ਵੰਡਣਾ ਕਿਵੇਂ ਜਾਰੀ ਰੱਖਦਾ? ਜੇਕਰ ਸਿਲੇਬਸ 2013 ਵਿਚ ਬਦਲ ਗਿਆ ਸੀ ਤਾਂ ਉਹਨਾਂ ਨੇ ਨਵੇਂ ਸਿਲੇਬਸ ਨਾਲ ਨਵੀਆਂ ਕਿਤਾਬਾਂ ਕਿਉਂ ਨਹੀਂ ਛਾਪੀਆਂ?ਉਹਨਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ 2013 ਤੋਂ 2017 ਤਕ ਪੜ•ਾਈਆਂ ਜਾਂਦੀਆਂ ਰਹੀਆਂ ਕਿਤਾਬਾਂ ਕਿਉਂ ਨਹੀਂ ਜਾਰੀ ਰੱਖਦੇ?

 ਮੰਤਰੀ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਆਪਣੀਆਂ ਗਲਤੀਆਂ ਦੇ ਅੱਗੇ ਖੜ•ਾ ਕਰਕੇ ਉਹਨਾਂ ਦੀ ਪੁਜ਼ੀਸਨ ਕਾਫੀ ਪਤਲੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਅਧਿਕਾਰੀਆਂ ਦੀਆਂ ਗਲਤੀਆਂ ਆਪਣੇ ਸਿਰ ਲੈਣ ਦੀ ਥਾਂ ਸਮੁੱਚੇ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਸੀ।

ਬੀਬੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤਾ ਦਾਅਵਾ ਕਿ ਪਹਿਲਾਂ 12ਵੀ ਕਲਾਸ ਵਿਚ ਪੜ•ਾਏ ਜਾ ਰਹੇ 23 ਚੈਪਟਰਾਂ ਨੂੰ 11ਵੀਂ ਕਲਾਸ ਦੀ ਕਿਤਾਬ ਵਿਚ ਸ਼ਾਮਿਲ ਕਰ ਦਿੱਤਾ ਗਿਆ ਹੈ, ਨਾ ਸਿਰਫ ਗਲਤ ਹੈ, ਸਗੋਂ ਗੁੰਮਰਾਹਕੁਨ ਵੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ 11ਵੀਂ ਕਲਾਸ ਦੀ ਉਹ ਨਵੀਂ ਕਿਤਾਬ ਪੇਸ਼ ਕਰਨ, ਜਿਸ ਵਿਚ 12ਵੀਂ ਕਲਾਸ ਵਾਲੇ 23 ਚੈਪਟਰ ਪਾਏ ਗਏ ਹਨ। ਉਹ ਇਸ ਚੁਣੌਤੀ ਤੋਂ ਭੱਜ ਗਏ ਹਨ। ਤੱਥ ਇਹ ਹੈ ਕਿ ਸਿੱਖ-ਵਿਰੋਧੀ ਕਾਂਗਰਸ ਪਾਰਟੀ ਦੇ ਇਤਿਹਾਸ ਨੂੰ ਕਿਤਾਬ ਵਿਚ ਸ਼ਾਮਿਲ ਕਰਨ ਦੀ ਕਾਹਲੀ ਵਿਚ ਉਹਨਾਂ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਚੈਪਟਰਾਂ ਉੱਤੇ ਹੀ ਹੂੰਝਾ ਫੇਰ ਦਿੱਤਾ ਹੈ।
ਬੀਬੀ ਬਦਲ ਨੇ ਕਿਹਾ ਕਿ ਅਜੇ ਵੀ ਦੇਰੀ ਨਹੀਂ ਹੋਈ ਮੁੱਖ ਮੰਤਰੀ ਪੰਜਾਬ ਅਤੇ ਸਿੱਖ ਇਤਿਹਾਸ ਵਾਲੇ ਚੈਪਟਰਾਂ ਵਾਲੀਆਂ ਪੁਰਾਣੀਆਂ ਕਿਤਾਬਾਂ ਨੂੰ ਸਿਲੇਬਸ ਵਿਚ ਲਾਉਣ ਦਾ ਹੁਕਮ ਦੇਣ ਅਤੇ ਇਸ ਕੋਝੀ ਸ਼ਰਾਰਤ ਦੇ ਦੋਸ਼ੀਆਂ ਖਿਲਾਫ ਜਾਂਚ ਦਾ ਹੁਕਮ ਦੇਣ।