• Home
  • ਮੁੱਖ ਮੰਤਰੀ ਉੱਘੇ ਇਤਿਹਾਸਕਾਰਾਂ ਅਤੇ ਆਪਣੀ ਜ਼ਮੀਰ ਤੋਂ ਸੇਧ ਲੈਣ: ਬਾਦਲ

ਮੁੱਖ ਮੰਤਰੀ ਉੱਘੇ ਇਤਿਹਾਸਕਾਰਾਂ ਅਤੇ ਆਪਣੀ ਜ਼ਮੀਰ ਤੋਂ ਸੇਧ ਲੈਣ: ਬਾਦਲ

 ਬਾਦਲ ਨੇ ਸਿੱਖ ਇਤਿਹਾਸ ਦੇ ਮੁੱਦੇ ਦੀ ਸੰਵੇਦਨਸ਼ੀਲਤਾ ਬਾਰੇ ਮੀਡੀਆ ਨੂੰ ਅਪੀਲ ਕੀਤੀ ਕਿ ਭਰੋਸੇਯੋਗ ਇਤਿਹਾਸਕਾਰਾਂ ਤੋਂ ਸੇਧ ਲਓ, ਇੱਕ ਜਾਂ ਦੂਜੀ ਪਾਰਟੀ ਦੀਆਂ ਵਿਚਾਰਧਾਰਾਵਾਂ ਤੋਂ ਨਹੀਂ
ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਉੱਘੇ ਇਤਿਹਾਸਕਾਰਾਂ ਤੋਂ ਜਾਂਚ ਕਰਵਾਉਣ ਦਾ ਹੁਕਮ ਦੇਣਾ ਚਾਹੀਦਾ ਸੀ
ਚੰਡੀਗੜ02 ਮਈ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਿਹੜੇ ਲੋਕ ਆਪਣਾ ਇਤਿਹਾਸ ਭੁੱਲ ਜਾਂਦੇ ਹਨ, ਇਤਿਹਾਸ ਉਹਨਾਂ ਨੂੰ ਭੁਲਾ ਦਿੰਦਾ ਹੈ। ਉਹਨਾਂ ਕਿਹਾ ਕਿ ਸਾਡੇ ਬੱਚਿਆਂ ਅਤੇ ਉਹਨਾਂ ਦੀਆਂ ਆਉਣ ਵਾਲੀਆਂ ਪੀੜ•ੀਆਂ ਨੂੰ ਇਤਿਹਾਸ ਪੜ•ਾਉਣਾ ਹਰ ਸਮਾਜ ਅਤੇ ਹਰ ਸਰਕਾਰ ਦੀ ਇੱਕ ਬਹੁਤ ਹੀ ਪਵਿੱਤਰ ਅਤੇ ਸੰਜੀਦਾ ਜ਼ਿੰਮੇਵਾਰੀ ਹੁੰਦੀ ਹੈ।ਕੋਈ ਵੀ ਸਮਾਜ ਅਤੇ ਕੋਈ ਵੀ ਸਰਕਾਰ, ਜਿਹੜੇ ਆਪਣੇ ਲੋਕਾਂ ਦੇ ਇਤਿਹਾਸ ਨੂੰ ਸਿਰਫ ਸਿਆਸਤ ਜਾਂ  ਫਜ਼ੂਲ ਦੀ ਦਲੀਲਬਾਜ਼ੀ ਲਈ ਇਸਤੇਮਾਲ ਕਰਦੇ ਹਨ, ਇਤਿਹਾਸ ਉਹਨਾਂ ਨੂੰ ਮੁਆਫ ਨਹੀਂ ਕਰਦਾ।
ਸਕੂਲ ਦੇ ਬੱਚਿਆਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਉੱਤੇ ਉੱਠ ਰਹੇ ਵਿਵਾਦ ਬਾਰੇ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਮੁੱਦੇ ਬਾਰੇ ਮੁੱਖ ਮੰਤਰੀ ਲਈ ਸਹੀ ਕਦਮ ਇਹ ਸੀ ਕਿ ਉਹ ਤੁਰੰਤ ਉੱਘੇ ਅਤੇ ਭਰੋਸਯੋਗ ਇਤਿਹਾਸਕਾਰਾਂ ਦੀ ਇਕ ਕਮੇਟੀ ਬਣਾਉਂਦੇ ਅਤੇ ਉਹਨਾਂ ਮਾਹਿਰਾਂ ਵੱਲੋਂ ਦਿੱਤੀ ਰਿਪੋਰਟ ਤੋਂ ਸੇਧ ਲੈਂਦੇ ਨਾ ਕਿ ਇਸ ਦਾ ਜੁਆਬ ਦੇਣ ਲਈ ਉਹਨਾਂ ਹੀ ਅਧਿਕਾਰੀਆਂ ਉੱਤੇ ਨਿਰਭਰ ਕਰਦੇ , ਜਿਹੜੇ ਇਸ ਸ਼ਰਾਰਤ ਲਈ ਜ਼ਿੰਮੇਵਾਰ ਹਨ ਅਤੇ ਜਿਹਨਾਂ ਨੇ ਮੁੱਖ ਮੰਤਰੀ ਨੂੰ ਇਸ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਹੈ।ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੁਰਾਣੀਆਂ ਕਿਤਾਬਾਂ ਅਤੇ ਪੁਰਾਣਾ ਸਿਲੇਬਸ ਜਾਰੀ ਰੱਖੇ ਜਾਣ ਦਾ ਨਿਰਦੇਸ਼ ਦੇਣਾ ਚਾਹੀਦਾ ਸੀ ਤਾਂ ਕਿ ਵਿਦਿਆਰਥੀਆਂ ਦਾ ਨੁਕਸਾਨ ਨਾ ਹੁੰਦਾ। ਮੁੱਖ ਮੰਤਰੀ ਨੂੰ ਆਪਣੇ ਦੋਸ਼ੀ ਅਧਿਕਾਰੀਆਂ ਦੇ ਹੱਕ ਵਿਚ ਉਤਰਨ ਵਾਸਤੇ ਇੰਨੀ ਕਾਹਲ ਵਿਖਾਉਣ ਦੀ ਜਰੂਰਤ ਨਹੀਂ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਮੈਂ ਖੁਦ ਇਹਨਾਂ ਕਿਤਾਬਾਂ ਦੇ ਸਾਰੇ ਚੈਪਟਰਾਂ ਨੂੰ ਵੇਖਿਆ ਹੈ ਅਤੇ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਿੱਖ ਇਤਿਹਾਸ ਦੇ ਸੰਵੇਦਲਸ਼ੀਲ, ਅਹਿਮ ਅਤੇ ਵੱਕਾਰੀ ਹਿੱਸਿਆਂ ਨਾਲ ਵੱਡੀ ਪੱਧਰ ਉੱਤੇ ਛੇੜਛਾੜ ਕੀਤੀ ਗਈ ਹੈ। ਮੈਂ ਇਸ ਮਾਮਲੇ ਵਿਚ ਦਾਖ਼ਲ ਨਹੀਂ ਸੀ ਦੇਣਾ, ਜੇਕਰ ਨਵੇਂ ਅਤੇ ਪੁਰਾਣੇ ਸਿਲੇਬਸ ਦਾ ਡੂੰਘਾਈ ਵਿਚ ਅਧਿਐਨ ਕਰਨ ਮਗਰੋਂ ਮੈਂ ਖੁਦ ਸਹਿਮਤ ਨਾ ਹੁੰਦਾ ਕਿ ਸਿਰਫ 12ਵੀ ਕਲਾਸ ਦੇ ਵਿਦਿਆਰਥੀਆਂ ਨੂੰ ਹੀ ਨਹੀਂ, ਸਗੋਂ ਛੋਟੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਵੀ ਪੜ•ਾਏ ਜਾਣ ਵਾਲੇ ਸਿੱਖ ਇਤਿਹਾਸ ਦਾ ਵੀ ਕਾਫੀ ਨੁਕਸਾਨ ਕੀਤਾ ਗਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਅਧਿਕਾਰੀਆਂ ਵੱਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ 23 ਚੈਪਟਰਾਂ, ਜਿਹਨਾਂ ਵਿਚ ਹਰੇਕ ਗੁਰੂ ਸਾਹਿਬਾਨ ਬਾਰੇ ਤਸਵੀਰਾਂ ਸਮੇਤ ਵੇਰਵੇ ਸ਼ਾਮਿਲ ਸਨ, ਨੂੰ ਹਟਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਸਾਰੇ ਚੈਪਟਰ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ 2013 ਤੋਂ 2017 ਦੌਰਾਨ ਪੜ•ਾਏ ਜਾ ਰਹੇ ਸਨ। ਮੁੱਖ ਮੰਤਰੀ ਨੂੰ ਖੁਦ ਉਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਸਿੱਖ ਇਤਿਹਾਸ ਬਾਰੇ 23 ਚੈਪਟਰ ਕਿੱਥੇ ਗਾਇਬ ਹੋ ਗਏ ਅਤੇ ਕਿਉਂ?
ਸਰਦਾਰ ਬਾਦਲ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਸਲੇ ਨੂੰ ਇਸ ਤਰ•ਾਂ ਵੇਖਣ ਕਿ ਇਸ ਦਾ ਅਸਰ ਆਉਣ ਵਾਲੀਆਂ ਪੀੜ•ੀਆਂ ਉੱਤੇ ਪਵੇਗਾ। ਉਹਨਾਂ ਕਿਹਾ ਕਿ ਮੈਂ ਮੀਡੀਆ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਮਸਲੇ ਦੀ ਸੰਵੇਦਨਸ਼ੀਲਤਾ ਅਤੇ ਸਨਮਾਨ ਦੀ ਕਦਰ ਕਰਨ ਅਤੇ ਇਸ ਉੱਤੇ ਮਹਿਜ਼ ਸਰਕਾਰ ਦੇ ਦੱਸੇ ਮੁਤਾਬਿਕ ਜਾਂ ਇੱਕ ਜਾਂ ਦੂਜੀ ਪਾਰਟੀ ਨਾਲ ਹਮਦਰਦੀ ਰੱਖਣ ਵਾਲੇ ਸਿਆਸੀ ਵਿਸ਼ਲੇਸ਼ਕਾਂ ਦੀ ਰਾਇ ਨੂੰ ਸਹੀ ਮੰਨ ਕੇ ਟਿੱਪਣੀਆਂ ਕਰਨ ਤੋਂ ਪਰਹੇਜ਼ ਕਰਨ। ਇਸ ਦੀ ਥਾਂ ਮੀਡੀਆ ਨੂੰ ਭਰੋਸੇਯੋਗ ਅਕਸ ਰੱਖਣ ਵਾਲੇ ਇਤਿਹਾਸਕਾਰਾਂ ਤੋਂ ਸੇਧ ਲੈਣੀ ਚਾਹੀਦੀ ਹੈ। ਇਹ ਦੋ ਸਿਆਸੀ ਪਾਰਟੀਆਂ ਵਿਚਕਾਰ ਬਹਿਸ ਨਹੀਂ ਹੈ। ਇੱਥੇ ਕਿਸੇ ਵੀ ਪਹਿਲੀ ਜਾਂ ਦੂਜੀ ਪਾਰਟੀ ਦੀ ਸਿਆਸੀ ਕਿਸਮਤ ਦਾਅ ਉੱਤੇ ਨਹੀਂ ਲੱੱਗੀ ਹੈ। ਇੱਥੇ ਸਾਡੇ ਮਹਾਨ ਲੋਕਾਂ ਦੀ ਪਵਿੱਤਰ ਬੌਧਿਕ ਅਤੇ ਰੂਹਾਨੀ ਵਿਰਾਸਤ ਦੇ ਨਾਲ ਨਾਲ ਆਉਣ ਵਾਲੀਆਂ ਪੀੜ•ੀਆਂ ਦੀ ਨੈਤਿਕਤਾ ਅਤੇ ਮਾਨਸਿਕਤਾ ਵੀ ਦਾਅ ਉੱਤੇ ਲੱਗੀ ਹੈ।
ਅੱਜ ਸਵੇਰੇ ਪਾਰਟੀ ਦੇ ਮੁੱਖ ਦਫਤਰ ਵਿਚ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਅਤੇ ਬਾਅਦ ਵਿਚ ਇੱਕ ਬਿਆਨ ਰਾਹੀਂ ਸਰਦਾਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਇਸ ਪੜਾਅ ਉੱਤੇ ਵੀ ਵਿਵਾਦਗ੍ਰਸਤ ਨਵੇਂ ਅਤੇ ਪੁਰਾਣੇ ਸਿਲੇਬਸ  ਤੋਂ ਇਲਾਵਾ 11ਵੀਂ ਅਤੇ 12ਵੀਂ ਕਲਾਸ ਦੇ ਬੱਚਿਆਂ ਦੀਆਂ ਕਿਤਾਬਾਂ ਦਾ ਨਿਰਪੱਖਤਾ ਨਾਲ ਬਿਨਾਂ ਤੈਸ਼ ਵਿਚ ਆਏ ਅਧਿਐਨ ਕਰਨ ਅਤੇ ਆਪਣੇ ਇਤਿਹਾਸਕ ਨਜ਼ਰੀਏ ਅਤੇ ਜ਼ਮੀਰ ਤੋਂ ਸੇਧ ਲੈਂਦੇ ਹੋਏ ਵੇਖਣ ਕਿ ਕੀ ਉਹਨਾਂ ਦੇ ਅਧਿਕਾਰੀਆਂ ਨੇ ਸਿੱਖ ਇਤਿਹਾਸ ਦਾ ਨੁਕਸਾਨ ਕੀਤਾ ਹੈ ਜਾਂ ਨਹੀਂ?
ਪੰਜ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਬਾਦਲ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਕਿ ਸਾਡੇ ਬੱਚਿਆਂ ਨੂੰ ਪੜ•ਾਏ ਜਾਂਦੇ ਸਿੱਖ ਇਤਿਹਾਸ ਨਾਲ ਕਿਸ ਨੇ ਇਹ ਭਿਆਨਕ ਸ਼ਰਾਰਤ ਕੀਤੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੇ ਜਾਣਦੇ ਹਨ ਕਿ ਇੱਕ ਵਿਦਿਆਰਥੀ ਲਈ 11ਵੀਂ ਕਲਾਸ ਨਾਲੋਂ 12ਵੀਂ ਕਲਾਸ ਵਧੇਰੇ ਅਹਿਮੀਅਤ ਰੱਖਦੀ ਹੈ।