• Home
  • ਮੁੱਕੇਬਾਜ਼ਾਂ ਨੂੰ ਸਿਖਲਾਈ ਲਈ ਅਮਰੀਕਾ ਭੇਜੇਗਾ ਭਾਰਤ

ਮੁੱਕੇਬਾਜ਼ਾਂ ਨੂੰ ਸਿਖਲਾਈ ਲਈ ਅਮਰੀਕਾ ਭੇਜੇਗਾ ਭਾਰਤ

ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਨੌਂ ਤਗ਼ਮੇ ਜਿੱਤਣ ਵਾਲੀ ਭਾਰਤੀ ਮੁੱਕੇਬਾਜ਼ੀ ਟੀਮ ਦੇ ਪ੍ਰਦਰਸ਼ਨ ਤੋਂ ਉਤਸ਼ਾਹਿਤ ਭਾਰਤੀ ਮੁੱਕੇਬਾਜ਼ੀ ਸੰਘ (ਬੀਐਫਆਈ) ਦੇ ਪ੍ਰਧਾਨ ਅਜੈ ਸਿੰਘ ਨੇ ਕਿਹਾ ਕਿ ਪੂਰੀ ਟੀਮ ਉੱਚ ਪੱਧਰੀ ਸਿਖਲਾਈ ਲਈ ਇਸ ਮਹੀਨੇ ਦੇ ਅਖ਼ੀਰ ਤਕ ਅਮਰੀਕਾ ਜਾਵੇਗੀ। ਭਾਰਤੀ ਦਲ ਨੇ ਆਸਟਰੇਲੀਆ ਦੇ ਗੋਲਡ ਕੋਸਟ ਵਿੱਚ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਤਿੰਨ ਸੋਨ ਤਗ਼ਮੇ ਸਣੇ ਕੁੱਲ ਨੌਂ ਤਗ਼ਮੇ ਹਾਸਲ ਕੀਤੇ ਅਤੇ ਸਫਲਤਾ ਲਈ ਨਵੇਂ ਮਿਆਰ ਕਾਇਮ ਕੀਤੇ ਹਨ। ਭਾਰਤੀ ਮੁੱਕੇਬਾਜ਼ਾਂ ਨੇ ਪਹਿਲੀ ਵਿਦੇਸ਼ੀ ਧਰਤੀ ’ਤੇ ਜ਼ਿਆਦਾ ਤਗ਼ਮੇ ਜਿੱਤੇ ਹਨ। ਭਾਰਤ ਦੇ ਅੱਠ ਪੁਰਸ਼ ਮੁੱਕੇਬਾਜ਼ਾਂ ਨੇ ਤਗ਼ਮਾ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖਦਿਆਂ ਮੁੱਕੇਬਾਜ਼ੀ ਸੰਘ ਅਗਲੀ ਤਿਆਰੀ ਵਿੱਚ ਲੱਗ ਗਿਆ ਹੈ। ਮੁੱਕੇਬਾਜ਼ਾਂ ਅੱਗੇ ਏਸ਼ਿਆਈ ਖੇਡਾਂ ਦੀ ਚੁਣੌਤੀ ਹੈ, ਜੋ ਅਗਸਤ ਮਹੀਨੇ ਜਕਾਰਤਾ ਵਿੱਚ ਹੋਣੀਆਂ ਹਨ। ਅਜੇ ਸਿੰਘ ਨੇ ਕਿਹਾ ਕਿ ਮੁੱਕੇਬਾਜ਼ਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਏਸ਼ਿਆਈ ਖੇਡਾਂ ਲਈ ਪੂਰੀ ਤਰ੍ਹਾਂ ਤਿਆਰ ਕਰਨ ਦੇ ਮੰਤਵ ਨਾਲ ਸੰਘ ਨੇ ਅਮਰੀਕਾ ਸਥਿਤ ਮਾਈਕਲ ਜਾਨਸਨ ਅਕਾਦਮੀ ਭੇਜਣ ਦਾ ਫ਼ੈਸਲਾ ਕੀਤਾ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਪਹਿਲਾ ਸੋਨ ਤਗ਼ਮਾ ਜਿੱਤਣ ਵਾਲੀ ਮਹਿਲਾ ਮੁੱਕੇਬਾਜ਼ ਐਮਸੀ ਮੇਰੀਕੌਮ ਅਤੇ  75 ਕਿਲੋ ’ਚ ਸੋਨ ਤਗ਼ਮਾ ਜੇਤੂ ਵਿਕਾਸ ਕ੍ਰਿਸ਼ਨਨ ਨੇ ਬੀਐਫਆਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਿਖਲਾਈ ਕਾਰਨ ਅਗਲੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ।  ਭਾਰਤ ਨੇ ਗੋਲਡ ਕੋਸਟ ਦੌਰਾਨ ਮੁੱਕੇਬਾਜ਼ੀ ਵਿੱਚ ਕੁੱਲ ਨੌਂ ਤਗ਼ਮੇ ਜਿੱਤੇ ਹਨ, ਜਿਸ ਵਿੱਚ ਤਿੰਨ ਸੋਨੇ, ਤਿੰਨ ਚਾਂਦੀ ਅਤੇ ਤਿੰਨ ਕਾਂਸੀ ਸ਼ਾਮਲ ਹਨ।     -