• Home
  • ਮੁਹਾਲੀ ਹਵਾਈ ਅੱਡੇ ਨਜਦੀਕ 5000 ਏਕੜ”ਚ ਨਵਾਂ ਸ਼ਹਿਰ ਵਸਾਇਆ ਜਾਵੇਗਾ-ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਮੁਹਾਲੀ ਹਵਾਈ ਅੱਡੇ ਨਜਦੀਕ 5000 ਏਕੜ”ਚ ਨਵਾਂ ਸ਼ਹਿਰ ਵਸਾਇਆ ਜਾਵੇਗਾ-ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਚੰਡੀਗੜ, 1 ਮਈ: ਪੰਜਾਬ ਸਰਕਾਰ ਵਲੋਂ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਜਦੀਕ 5000 ਏਕੜ ਵਿਚ ਨਵਾਂ ਸ਼ਹਿਰ ਵਸਾਇਆ ਜਾਵੇਗਾ।ਪੰਜਾਬ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਵਜਾਰਤੀ ਵਾਧੇ ਤੋਂ ਬਾਅਦ ਆਪਣੇ ਦਫਤਰ ਵਿਖੇ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵਿਭਾਗ ਦੇ ਕੰਮ ਕਾਜ ਦੀ ਸਮੀਖਿਆ ਕਰਨ ਲਈ ਪਲੇਠੀ ਮੀਟਿੰਗ ਉਪਰੰਤ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲਈ ਜਮੀਨ ਲੈਂਡ ਪੂਲਿੰਗ ਪਾਲਸੀ ਰਾਹੀਂ ਅਕਵਾਇਰ ਕੀਤੀ ਜਾਵੇਗੀ।

ਉਨਾਂ ਦੱਸਿਆ ਕਿ ਇਸ ਤੋਂ ਇਲਵਾ ਨਿਊ ਚੰਡੀਗੜ ਵਿਚ 560 ਏਕੜ ਜਮੀਨ ਅਕਵਾਇਰ ਕਰਨ ਦੀ ਕਾਰਵਈ ਇਸ ਸਾਲ ਮੁਕੰਮਲ ਕਰ ਲਈ ਜਾਵੇਗੀ ਅਤੇ ਵੱਖ ਵੱਖ ਪਿੰਡਾਂ ਦੀ ਹੋਰ 272 ਏਕੜ ਜਮੀਨ ਨਿਊ ਚੰਡੀਗੜ ਵਿਖੇ ਅਕਵਾਇਰ ਕੀਤੀ ਜਾਵੇਗੀ, ਜੋ ਰਿਹਾਇਸੀ ਵਰਤੋ ਲਈ ਵਰਤੀ ਜਾਵੇਗੀ। ਇਸ ਤੋਂ ਇਲਵਾ ਨਿਊ ਚੰਡੀਗੜ ਅਤੇ ਐਸ.ਏ.ਐਸ ਨਗਰ ਨੂੰ ਜੋੜਨ ਲਈ ਚਾਰ ਮਾਰਗੀ ਸੜਕ ਦਾ ਨਿਰਮਾਣ ਕੀਤਾ ਜਾਵੇਗਾ।

ਸ. ਬਾਜਵਾ ਨੇ ਦੱਸਿਆ ਕਿ ਮਾਲ ਵਿਭਾਗ ਅਧਾਰਤ ਮਾਸਟਰ ਪਲਾਨ ਅਤੇ ਈ-ਸੀ.ਐਲ.ਯੂ ਸੇਵਾਵਾਂ ਆਨਲਾਈਨ ਉਪਲੱਬਧ ਕਰਵਾਉਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।ਉਨਾਂ ਦੱਸਿਆ ਕਿ ਸੂਬੇ ਦੇ 165 ਸ਼ਹਿਰਾਂ ਅਤੇ ਕਸਬਿਆਂ ਦਾ ਮਾਸਟਰ ਪਲਾਨ ਦੋ ਸਾਲ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਸਾਰੇ ਸ਼ਹਿਰਾਂ ਅਤੇ ਕਸਬਿਆਂ ਦੇ ਮਾਲ ਵਿਭਾਗ ਅਧਾਰਤ ਮਾਸਟਰ ਪਲਾਨ ਨੂੰ ਲੋਕਾਂ ਦੀ ਸਹੂਲਤ ਲਈ ਵਿਭਾਗ ਦੀ ਵੈਬਸਾਈਟ 'ਤੇ ਉਪਲੱਬਧ ਕਰਵਾਇਆ ਜਾਵੇਗਾ। ਉਨਾ ਦੱਸਿਆ ਕਿ ਹੁਣ ਤੱਕ 10 ਮਾਸਟਰ ਪਲਾਨਾ ਨੂੰ ਵਿਬਾਗ ਦੀ ਵੈਬਸਾਈਟ 'ਤੇ ਉਪਲੱਬਧ ਕਰਵਾਇਆ ਜਾ ਚੁੱਕਾ ਹੈ।

ਸ. ਬਾਜਵਾ ਨੇ ਦੱਸਿਆ ਕਿ ਸ਼ਹਿਰੀ ਵਿਕਾਸ ਵਿਭਾਗ ਦੇ ਕੰਮ ਕਾਜ ਨੂੰ ਹੋਰ ਪਾਰਦਰਸ਼ੀ ਅਤੇ ਲੋਕ ਪੱਖੀ ਬਣਾਉਣ ਲਈ ਕਈ ਨਵੇਂ ਉਪਰਾਲੇ ਸ਼ੁਰੂ ਕੀਤੇ ਗਏ ਹਨ ਅਤੇ ਕਈ ਹੋਰ ਸ਼ੁਰੂ ਕੀਤੇ ਜਾ ਰਹੇ ਹਨ। ਵਿਭਾਗ ਵਲੋਂ ਈ-ਆਕਸ਼ਨ ਅਤੇ ਈ-ਸੀ.ਐਲ.ਯੂ ਤੋਂ ਬਾਅਦ ਹੁਣ ਈ-ਲਾਇਸੰਸਿੰਗ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ।ਉਨਾ ਦੱਸਿਆ ਕਿ ਈ-ਲਾਇਸੰਸਇੰਗ ਪ੍ਰਣਾਲੀ ਦੇ ਤਹਿਤ ਆਰਜੀ ਲਾਇਸੰਸ ਖੁਦ-ਬ-ਖੁਦ ਇਲੈਕਟਰਾਨਿਕ ਪ੍ਰਣਾਲੀ ਰਾਂਹੀ ਉਪਲੱਬਧ ਕਰਵਾਏ ਜਾ ਸਕਣਗੇ।ਉਨਾਂ ਨਾਲ ਹੀ ਕਿਹਾ ਕਿ ਈ-ਪ੍ਰਣਾਲੀ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਦਫਤਰਾਂ ਵਿਚ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਅਤੇ ਸਾਰਾ ਕੰਮ ਕੰਪਿਊਟਰ ਰਾਹੀਂ ਘਰ ਬੈਠੇ ਹੀ ਕੀਤਾ ਜਾ ਸਕੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੰਨੀ ਮਹਾਜਨ ਵਧੀਕ ਮੁੱਖ ਸਕੱਤਰ, ਅਕਾਸ਼ ਗੋਇਲ ਵਧੀਕ ਮੁੱਖ ਪ੍ਰਸਾਸ਼ਕ (ਵਿੱਤ ਅਤੇ ਲੇਖਾ) ਪੁੱਡਾ, ਭੁਪਿੰਦਰ ਸਿੰਘ ਵਧੀਕ ਮੁੱਖ ਪ੍ਰਸਾਸ਼ਕ ਪੁੱਡਾ, ਰਾਜੇਸ਼ ਧਿਮਾਨ ਵਧੀਕ ਮੁੱਖ ਪ੍ਰਸਾਸ਼ਕ ਗਮਾਡਾ, ਪੂਜਾ ਸਿਆਲ ਇਸਟੇਟ ਅਫਸਰ (ਪਲਾਟਸ) ਤੋਂ ਇਲਾਵਾ ਪੁੱਡਾ ਅਤੇ ਗਮਾਡਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਿਰ ਸਨ।