• Home
  • ਮੁਤਵਾਜ਼ੀ ਜਥੇਦਾਰਾਂ ਨੇ ਨੇਕੀ ਨੂੰ ਪੰਥ ਚੋਂ ਛੇਕਿਆ -ਨਿਊਜ਼ੀਲੈਂਡ ਚ ਆਪਣਾ ਵਿਰਸਾ ਰੇਡੀਓ ਸਟੇਸ਼ਨ ਚਲਾਉਂਦਾ ਹੈ

ਮੁਤਵਾਜ਼ੀ ਜਥੇਦਾਰਾਂ ਨੇ ਨੇਕੀ ਨੂੰ ਪੰਥ ਚੋਂ ਛੇਕਿਆ -ਨਿਊਜ਼ੀਲੈਂਡ ਚ ਆਪਣਾ ਵਿਰਸਾ ਰੇਡੀਓ ਸਟੇਸ਼ਨ ਚਲਾਉਂਦਾ ਹੈ

ਅੰਮ੍ਰਿਤਸਰ (ਖ਼ਬਰ ਵਾਲੇ ਬਿਊਰੋ )
ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਉਲਟ ਹੋ ਕੇ ਸੱਦੇ ਗਏ ਸਰਬੱਤ ਖ਼ਾਲਸਾ ਦੁਆਰਾ ਬਣਾਏ ਗਏ ਮੁਤਵਾਜ਼ੀ ਜਥੇਦਾਰਾਂ ਨੇ ਅੱਜ ਫੈਸਲਾ ਲੈਂਦਿਆਂ ਨਿਊਜ਼ੀਲੈਂਡ ਚ ਰੇਡੀਓ ਸਟੇਸ਼ਨ ਆਪਣਾ ਵਿਰਸਾ ਚਲਾ ਰਹੇ ਨੇਕੀ ਨੂੰ ਸਿੱਖ ਕੌਮ ਪ੍ਰਤੀ ਲੰਬੇ ਸਮੇਂ ਤੋਂ ਵਿਰੋਧੀ ਕਾਰਵਾਈਆਂ ਕਰਨ ਕਰਕੇ ਉਸ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਹੈ ।  ਹਰਨੇਕ ਸਿੰਘ ਨੇਕੀ ਨੂੰ ਗੁਰਬਾਣੀ,ਸਿੱਖ ਗੁਰੂ ਸਾਹਿਬਾਨ , ਸਿੱਖ ਸਿਧਾਂਤਾਂ , ਇਤਿਹਾਸ ਅਤੇ ਸਿੱਖ ਸ਼ਖਸ਼ੀਅਤਾਂ ਖਿਲਾਫ ਪ੍ਰਚਾਰ ਕਰਨ ਦੇ ਦੋਸ਼ ਤਹਿਤ ਪੰਥ ਚੋਂ ਖਾਰਜ ਕਰ ਦਿੱਤਾ। ਜਥੇਦਾਰਾਂ ਨੇ ਜਿਥੇ ਗੁਰਬਾਣੀ, ਗੁਰ ਇਤਿਹਾਸ, ਇਤਿਹਾਸਕ ਸਰੋਤਾਂ ਉਪਰ ਸ਼ੰਕਾ ਖੜੀ ਕਰਨ ਵਾਲੇ ਪ੍ਰਚਾਰਕਾਂ ਨੂੰ ਅਜੇਹੀਆਂ ਕਾਰਵਾਈਆਂ ਕਰਨ ਤੋਂ ਤਾੜਨਾ ਕੀਤੀ ਹੈ ਉਥੇ ਦਮਦਮੀ ਟਕਸਾਲ ਅਤੇ ਢਡਰੀਆਂ ਵਾਲਾ ਦਰਮਿਆਨ ਵਿਵਾਦ ਨੂੰ ਇਥੇ ਹੀ ਰੋਕ ਦੇਣ ਦਾ ਸੁਝਾਅ ਵੀ ਦਿੱਤਾ ਹੈ। ਦੇਰ ਸ਼ਾਮ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸਰਬੱਤ ਖਾਲਸਾ ਦੁਆਰਾ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ,ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਦੱਸਿਆ ਕਿ ਨਿਊਜੀਲੈਂਡ ਵਿਖੇ ਰੇਡੀਉ ਵਿਰਸਾ ਚਲਾ ਰਿਹਾ  ਹਰਨੇਕ ਸਿੰਘ ਨੇਕੀ ਇਕ ਲੰਬੇ ਸਮੇਂ ਤੋਂ ਸਿੱਖ ਪੰਥ ਵਿਰੋਧੀ ਕਾਰਵਾਈ ਕਰਕੇ ਕੌਮੀ ਹਿਰਦਿਆਂ ਨੁੰ ਵਲੂੰਧਰ ਰਿਹਾ ਸੀ ਜਿਸ ਬਾਰੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਲੋਂ ਟੈਲੀਫੂਨ,ਈ-ਮੇਲ ਅਤੇ ਪੱਤਰਾਂ ਰਾਹੀਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ।

ਉਨਾਂ ਦੱਸਿਆ ਕਿ ਗੁਰੂ ਨਿੰਦਕ ਹਰਨੇਕ ਸਿੰਘ ਨੇਕੀ ਖਿਲਾਫ ਨਿਊਜੀਲੈਂਡ ਦੇ ਗੁਰੂ ਘਰਾਂ ਅਤੇ ਸੰਗਤਾਂ ਨੇ ਬਕਾਇਦਾ ਲਿਖਤੀ ਮਤੇ ਪਾਸ ਕੀਤੇ ।ਜਿਸਦੇ ਚਲਦਿਆਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੁੜ ਬੈਠ ਦੀਰਘ ਵਿਚਾਰਾਂ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਹੈ ।ਉਨਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਨੇ ਹਰਨੇਕ ਸਿੰਘ ਨੇਕੀ ਨੂੰ ਸਿੱਖ ਪੰਥ ‘ਚੋਂ ਛੇਕਣ ਦਾ ਫੈਸਲਾ ਲਿਆ ਹੈ ।ਕੋਈ ਵੀ ਗੁਰੂ ਕਾ ਸਿੱਖ ਉਸ ਨਾਲ ਕਿਸੇ ਤਰਾਂ ਦੀ ਸਾਂਝ ਨਾ ਰੱਖੇ ।ਜਥੇਦਾਰਾਂ ਨੇ ਗੁਰਬਾਣੀ, ਗੁਰ ਇਤਿਹਾਸ, ਇਤਿਹਾਸਕ ਸਰੋਤਾਂ ਉਪਰ ਸ਼ੰਕਾ ਖੜੀ ਕਰਨ ਵਾਲੇ ਪ੍ਰਚਾਰਕਾਂ ਨੂੰ ਤਾੜਨਾ ਕੀਤੀ ਹੈ ਕਿ ਉਹ ਅਜੇਹੀਆਂ ਕਾਰਵਾਈਆਂ ਤੋਂ ਗੁਰੇਜ ਕਰਨ ।ਇੱਕ ਸਵਾਲ ਦੇ ਜਵਾਬ ਵਿੱਚ  ਭਾਈ ਮੰਡ ਨੇ ਕਿਹਾ ਕਿ ਦਮਦਮੀ ਟਕਸਾਲ ਅਤੇ ਢਡਰੀਆਂ ਵਾਲਾ ਦਰਮਿਆਨ ਵਿਵਾਦ ਨੂੰ ਇਥੇ ਹੀ ਰੋਕ ਦੇਣਾ ਚਾਹੀਦਾ ਹੈ ਕਿਉਂਕਿ ਸਾਡੀ ਲੜਾਈ ਉਸ ਦੁਸ਼ਮਣ ਨਾਲ ਪਹਿਲਾਂ ਲੜਨੀ ਬਣਦੀ ਹੈ ਜੋ ਬਹੁਤ ਹੀ ਸ਼ਾਤਿਰ ਹੈ ਤੇ ਸਿੱਖ ਕੌਮ ਨੂੰ ਹੀ ਖਤਮ ਕਰਨ ਦੀ ਸੋਚੀ ਬੈਠਾ ਹੈ ।

ਉਨਾਂ ਕਿਹਾ ਕਿ ਕੌਮ ਦੇ ਅੰਦਰੂਨੀ ਮਸਲੇ ਤਾਂ ਆਪਸ ਵਿੱਚ ਮਿਲ ਬੈਠ ਕੇ ਵੀ ਹੱਲ ਹੋ ਸਕਦੇ ਹਨ।ਇਸ ਮੌਕੇ ਉਨਾਂ ਨਾਲ ਫੈਸਲਾ ਲੈਣ ਸਮੇਂ ਸ਼ਾਮਿਲ ਰਹੇ ਭਾਈ ਜਗਮੀਤ ਸਿੰਘ,ਭਾਈ ਗੁਰਵਿੰਦਰ ਸਿੰਘ ,ਭਾਈ ਗੁਰਸੇਵਕ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਤੇ ਦਫਤਰ ਸਕੱਤਰ ਹਰਬੀਰ ਸਿੰਘ ਸੰਧੂ ਹਾਜਰ ਸਨ ।ਜਥੇਦਾਰਾਂ ਵਲੋਂ 1ਜੂਨ ਨੂੰ ਬਰਗਾੜੀ ਵਿਖੇ ਬੁਲਾਏ ਪੰਥਕ ਇੱਕਠ ਦੀ ਗਲ ਕਰਦਿਆਂ ਭਾਈ ਮੰਡ ਨੇ ਸ਼੍ਰੋਮਣੀ ਕਮੇਟੀ ਪਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਵੀ ਸੱਦਾ ਦਿਤਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਖਿਲਾਫ ਰੋਸ ਪ੍ਰਗਟ ਕਰਨ ਅਤੇ ਇਨਸਾਫ ਲਈ ਬਰਗਾੜੀ ਪੰਥਕ ਇੱਕਠ ਵਿੱਚ ਸ਼ਮੂਲੀਅਤ ਜਰੂਰ ਕਰਨ।ਉਨਾਂ ਦੁਹਰਾਇਆ ਕਿ ਜੂਨ 84 ਦੇ ਸ਼ਹੀਦਾਂ ਨੂੰ ਸ਼ਾਂਤਮਈ ਢੰਗ ਨਾਲ ਸ਼ਰਧਾਂਜਲੀ ਭੇਟ ਕਰਨ ਲਈ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਰੂਰ ਪੁਜਣਗੇ।