• Home
  • ਮੁਖ ਮੰਤਰੀ ਦੇ ਨਾਮ ਦਮਦਮੀ ਟਕਸਾਲ ਦਾ ਖੁਲਾ ਖ਼ਤ,

ਮੁਖ ਮੰਤਰੀ ਦੇ ਨਾਮ ਦਮਦਮੀ ਟਕਸਾਲ ਦਾ ਖੁਲਾ ਖ਼ਤ,

ਕੀ ਮੁਖ ਮੰਤਰੀ ਸਿੱਖ ਹਿਰਦਿਆਂ ਨੂੰ ਠੋਸ ਪਹੁੰਚਾਉਣ ਲਈ ਰਣਜੀਤ ਸਿੰਘ ਢੱਡਰੀਆਂ ਵਾਲਾ ਖ਼ਿਲਾਫ਼ ਕਾਰਵਾਈ ਕਰਨਗੇ?।
ਸਤਿਕਾਰਯੋਗ ਕੈਪਟਨ ਅਮਰਿੰਦਰ ਸਿੰਘ ਜੀ ਮੁਖ ਮੰਤਰੀ, ਪੰਜਾਬ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪ ਜੀ ਵੱਲੋਂ ਦਮਦਮੀ ਟਕਸਾਲ ਵਿਰੁੱਧ ਕੀਤੀ ਗਈ ਬਿਆਨਬਾਜ਼ੀ ਬੇਲੋੜਾ ਅਤੇ ਇੱਕਤਰਫ਼ਾ ਸੀ। ਅਮਨ ਕਾਨੂੰਨ ਦੇ ਨਾਮ ਹੇਠ ਆਪ ਜੀ ਸਿਖ ਸਿਧਾਂਤ ਦੀਆਂ ਧੱਜੀਆਂ ਉਡਾਉਣ ਵਾਲੇ ਰਣਜੀਤ ਸਿੰਘ ਢੱਡਰੀਆਂ ਦੀ ਤਰਫ਼ਦਾਰੀ ਕਰਦੇ ਨਜ਼ਰ ਆ ਰਹੇ ਹੋ। ਹਰ ਸ਼ਹਿਰੀ ਦੀ ਸੁਰੱਖਿਆ ਸਰਕਾਰ ਦੀ ਜ਼ਿੰਮਾ ਹੈ ਤਾਂ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਹ ਜੁਮਾ ਵੀ ਸਰਕਾਰ ਦੀ ਹੁੰਦੀ ਹੈ।
ਮੁਖ ਮੰਤਰੀ ਜੀ, ਇਕ ਸਿੱਖ ਪ੍ਰਚਾਰਕ ਦਾ ਕੰਮ ਗੁਰਬਾਣੀ, ਗੁਰ ਇਤਿਹਾਸ ਰਾਹੀਂ ਸੰਗਤ ਦੇ ਹਿਰਦਿਆਂ ਨੂੰ ਰੱਬੀ ਗੁਣਾਂ ਨਾਲ ਸਰਸ਼ਾਰ ਕਰਨਾ ਹੁੰਦਾ ਹੈ। ਪਰ ਅਖੌਤੀ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਸ਼ੰਕਾ ਪਾਊ ਪ੍ਰਚਾਰ ਰਾਹੀਂ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਲੰਮੇ ਸਮੇਂ ਤੋਂ ਠੇਸ ਪਹੁੰਚਾਉਂਦਾ ਆ ਰਿਹਾ ਹੈ। ਉਹ ਸਿੱਖ ਮਾਨਸਿਕਤਾ ਵਿਚੋਂ ਪੁਰਾਤਨ ਰਵਾਇਤਾਂ, ਮਾਨਤਾਵਾਂ ਅਤੇ ਅਸੂਲਾਂ ਨੂੰ ਮਨਫ਼ੀ ਕਰਨ 'ਤੇ ਸਾਜ਼ਿਸ਼ ਤਹਿਤ ਤੁਲਿਆ ਹੋਇਆ ਹੈ। ਉਸ ਵੱਲੋਂ ਸਿੱਖ ਧਰਮ ਦੀਆਂ ਸਥਾਪਿਤ ਮੂਲ ਪਰੰਪਰਾਵਾਂ, ਗੁਰਮਤਿ ਸਿਧਾਂਤ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ ਅਤੇ ਗੁਰ ਅਸਥਾਨਾਂ ਪ੍ਰਤੀ ਬੇਲੋੜੇ ਸ਼ੰਕੇ ਖੜੇ ਕਰਕੇ ਸੰਗਤਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਇੱਥੋਂ ਤਕ ਕਿ ਸਿਖ ਕੌਮ 'ਚ ਵੱਡੇ ਰੁਤਬਿਆਂ 'ਤੇ ਬਿਰਾਜਮਾਨ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਅਤੇ ਤਖ਼ਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਆਦਿ ਪ੍ਰਤੀ ਗਲਤ ਸ਼ਬਦਾਵਲੀ ਵਰਤ ਕੇ ਨਿਰਾਦਰ ਕੀਤਾ ਜਾ ਰਿਹਾ ਹੈ। ਨਿੱਤ ਨਵਾਂ ਵਿਵਾਦ ਅਤੇ ਦੁਬਿਧਾ ਖੜੀ ਕਰਕੇ ਸਿੱਖ ਪੰਥ ਅਤੇ ਸਮਾਜ ਵਿਚ ਫੁੱਟ ਪਾਉਂਦਿਆਂ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਤਾਕ ਵਿਚ ਬੈਠੇ ਢੱਡਰੀਆਂ ਵਾਲਾ ਦੀ ਨੀਅਤ ਨੂੰ ਦੇਖਦਿਆਂ ਸਿੱਖ ਸੰਗਤਾਂ ਇਸ ਦੇ ਗੁਰਮਤਿ ਵਿਰੋਧੀ ਪ੍ਰਚਾਰ ਦਾ ਸਖ਼ਤ ਨੋਟਿਸ ਲੈ ਰਹੀਆਂ ਹਨ। ਸਿੱਖ ਸੰਗਤਾਂ ਵਿਚ ਭਾਰੀ ਰੋਸ ਦੇ ਕਾਰਨ ਉਸ ਨੂੰ ਅੰਮ੍ਰਿਤਸਰ ਅਤੇ ਚੋਹਲਾ ਸਾਹਿਬ ਦੇ ਪ੍ਰਚਾਰ ਦੌਰਿਆਂ ਨੂੰ ਰੱਦ ਕਰਨਾ ਪਿਆ। ਅਜਿਹੀ ਹੀ ਸਥਿਤੀ ਮੋਗੇ ਵਿਚ ਵੀ ਬਣੀ ਰਹੀ, ਜਿੱਥੇ ਮੋਗੇ ਦੀਆਂ ਹਜ਼ਾਰਾਂ ਸੰਗਤਾਂ ਵੱਲੋਂ ਉਸ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਦੁਆਬੇ ਦੀਆਂ ਸੰਗਤਾਂ ਵੱਲੋਂ ਵੀ ਉਸ ਦੇ ਪ੍ਰਚਾਰ ਦੌਰਿਆਂ ਦੇ ਵਿਰੁੱਧ ਉੱਠ ਖੜੇ ਹੋਣ ਦੀਆਂ ਖ਼ਬਰਾਂ ਹਨ।
ਮੁਖ ਮੰਤਰੀ ਜੀਓ, ਸਿਖੀ ਦੇ ਪ੍ਰਚਾਰ ਪ੍ਰਸਾਰ ਨੂੰ ਉਸਾਰੂ ਸੇਧ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਮਿਤੀ 04 ਅਪ੍ਰੈਲ 2017 ਨੂੰ ਇੱਕ ਮਤਾ ਪਾਸ ਕੀਤਾ ਗਿਆ। ਜਿਸ 'ਚ ਪ੍ਰਚਾਰਕਾਂ ਅਤੇ ਕਵੀਸ਼ਰ ਸਾਹਿਬਾਨ ਨੂੰ ਹਦਾਇਤ ਕੀਤੀ ਗਈ ਕਿ ਓਨੀ ਦੇਰ ਸਟੇਜ ਉੱਪਰ ਗੁਰਬਾਣੀ, ਗੁਰ-ਇਤਿਹਾਸ ਸਰਵਣ ਕਰਵਾਉਣ ਵੇਲੇ ਕੋਈ ਵੀ ਐਸਾ ਪ੍ਰਸੰਗ ਨਾ ਸੁਣਾਇਆ ਜਾਵੇ ਜਿਸ ਨਾਲ ਸੰਗਤਾਂ ਵਿਚ ਦੁਬਿਧਾ ਪੈਦਾ ਹੁੰਦੀ ਹੋਵੇ। ਪਰ ਅਫ਼ਸੋਸ ਕਿ ਵਾਰ ਵਾਰ ਯਾਦ ਕਰਾਉਣ ਦੇ ਬਾਵਜੂਦ ਢੱਡਰੀਆਂ ਵਾਲੇ ਨੇ ਇਸ ਮਤੇ ਦੀ ਕਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਆਪਣਾ ਕੂੜ ਪ੍ਰਚਾਰ ਨਿਰੰਤਰ ਜਾਰੀ ਰੱਖਿਆ ਗਿਆ।
ਕੈਪਟਨ ਅਮਰਿੰਦਰ ਸਿੰਘ ਜੀਓ, ਸਿੱਖ ਸੰਗਤਾਂ ਵੱਲੋਂ ਢੱਡਰੀਆਂ ਵਾਲਾ ਦੇ ਗੁਰਮਤਿ ਵਿਰੋਧੀ ਪ੍ਰਚਾਰ ਵਿਰੁੱਧ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ। ਜਿਸ ਪ੍ਰਤੀ ਆਪ ਜੀ ਨੇ ਸ਼ਾਇਦ ਕੋਈ ਨੋਟਿਸ ਨਹੀਂ ਲਿਆ। ਢੱਡਰੀਆਂ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿਖ ਧਰਮ ਦੀ ਵਿਚਾਰਧਾਰਾ ਪ੍ਰਤੀ ਗਲਤ ਪ੍ਰਚਾਰ ਕਰਦਿਆਂ ਗੁਰਸਿੱਖੀ ਦੇ ਮੂਲ ਅਸੂਲਾਂ ਨਾਲੋਂ ਸਿੱਖ ਸੰਗਤ ਨੂੰ ਤੋੜਨ ਦਾ ਨਿਖਿੱਧ ਕੰਮ ਸੁਚੇਤ ਰੂਪ ਵਿਚ ਕਰਦਿਆਂ ਗੁਰੂ ਪ੍ਰਤੀ ਸ਼ਰਧਾ ਨੂੰ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ 'ਚ ਲਗਾ ਹੋਇਆ ਹੈ।
ਜਿਵੇਂ ਕਿ -----
(1) ਉਹ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਬਾਣੀ ਨੂੰ ਧੁਰ ਕੀ ਬਾਣੀ ਨਹੀਂ। ਉਸ ਅਨੁਸਾਰ ਧਰ ਕੀ ਬਾਣੀ ਉਹ ਜੋ ਮਨੁਖ ਦੇ ਧੁਰ ਅੰਦਰੋਂ ਆਵੇ। ਉਹ 'ਧੁਰ ਕੀ ਬਾਣੀ ਆਈ £ ਤਿਨਿ ਸਗਲੀ ਚਿੰਤ ਮਿਟਾਈ £ '' ਦਾ ਹਵਾਲਾ ਦੇ ਕੇ ਵੀ ਚਿੰਤਾਵਾਂ ਦੂਰ ਕਰਨ ਵਿਚ ਬਾਣੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਰੋਲ ਨਾ ਹੋਣ ਦੀ ਗਲ ਕਰ ਕੇ ਸਿਖ ਸਿਧਾਂਤਾਂ ਦੇ ਉਲਟ ਪ੍ਰਚਾਰ ਨਹੀਂ ਕਰ ਰਿਹਾ?

(2) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਸ ਲਈ ਮਹਿਜ਼ ਇਕ ਆਮ ਇਮਾਰਤ ਹੈ। ਇਸ ਦੀ ਮਹਾਨਤਾ 'ਤੇ ਚੋਟ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਸੇਠ ਪਹੁੰਚਾਉਣ ਦੀ ਹਰਕਤ ਨਹੀਂ?

(3) ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਨੂੰ ਸਾਧਾਰਨ ਪਾਣੀ ਅਤੇ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਨੂੰ ਵਹਿਮ ਪ੍ਰਚਾਰ ਕੇ ਬੇਹੂਦੀਆਂ ਤਰਕਾਂ ਨਾਲ ਸੰਗਤ ਦੀ ਗੁਰੂ ਘਰ ਪ੍ਰਤੀ ਸ਼ਰਧਾ 'ਤੇ ਵਾਰ ਕਰ ਰਿਹਾ ਹੈ। ਬਹੁਤ ਹੀ ਚਲਾਕੀ ਨਾਲ ਗੁਰੂ ਸਾਹਿਬਾਂ ਦੁਆਰਾ ਖ਼ੁਦ ਖੋਦਵਾਏ ਸਰੋਵਰਾਂ ਦੀ ਤੁਲਨਾ ਬ੍ਰਹਮਣਾ ਦੇ ਭੇਖੀ ਤੀਰਥ, ਗੰਗਾ, ਗੁਦਾਵਰੀ, ਸਰਸਵਤੀ ਨਾਲ ਕਰ ਕੇ , ਅੰਮ੍ਰਿਤ ਸਰੋਵਰ ਦੇ ਪਵਿੱਤਰ ਜਲ ਨੂੰ ਪਾਣੀ ਦੱਸ ਕੇ, ਗੁਰੂ ਕੇ ਸਰੋਵਰਾਂ 'ਚ ਇਸ਼ਨਾਨ' ਨੂੰ ਸਧਾਰਨ 'ਨਹਾਉਣਾ' ਦੱਸ ਕੇ, ਸੰਗਤ ਨੂੰ ਆਪਣੇ ਸ਼ਬਦੀ ਜਾਲ਼ ਵਿਚ ਫਸਾ ਕੇ, ਸਰੋਵਰਾਂ 'ਤੇ ਕਿੰਤੂ ਕਰਦਾ ਤੁਹਾਨੂੰ ਕਿਉਂ ਨਹੀਂ ਨਜ਼ਰ ਆਉਂਦਾ?

(4 ) ਕੌਮੀ ਪਦਵੀਆਂ ਨੂੰ ਛੁਟਿਆਉਂਦਿਆਂ ਸ੍ਰੀ ਹਰਿਮੰਦਰ ਸਾਹਿਬ ਹੈੱਡ ਗ੍ਰੰਥੀ ਸਾਹਿਬ ਪ੍ਰਤੀ ਵੀ ਭੱਦੀ ਸ਼ਬਦਾਵਲੀ ਵਰਤ ਕ ਅਤੇ ਤਖਤ ਸਾਹਿਬਾਨ ਦੇ ਜਥੇਦਾਰਾਂ ਪ੍ਰਤੀ ਕਰਤੂਤ ਆਦਿ ਸ਼ਬਦਾਂ ਰਾਹੀਂ ਅਪਮਾਨ ਦਾ ਕਦੇ ਨੋਟਿਸ ਤੁਸਾਂ ਕਿਉ ਨਾ ਲਿਆ?।

(5) ਕੀ ਅਰਦਾਸ ਕਰਨੀ ਬ੍ਰਾਹਮਣ ਵਾਦ ਹੈ? ਉਹ ਅਰਦਾਸ ਨੂੰ ਬ੍ਰਾਹਮਣਵਾਦ ਅਤੇ ਰੱਬ ਦੇ ਨਿਯਮਾਂ ਨੂੰ ਤੋੜ ਰਿਹਾ ਹੋਣ ਦਾ ਭੁਲੇਖਾ ਅਤੇ ਸ਼ੰਕੇ ਖੜਾ ਕਰਨਾ ਸਿਖ ਕਿਵੇਂ ਬਰਦਾਸ਼ਤ ਕਰਨ?

(6) ਉਹ ਅਕਾਲ ਪੁਰਖ ਅਤੇ ਦੇਹ ਨੂੰ ਮੰਨਣ ਦਾ ਭੰਬਲਭੂਸਾ ਖੜਾ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੀ ਪ੍ਰਸ਼ਨ ਚਿੰਨ੍ਹ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਗੁਰਮਤਿ ਸਿਧਾਂਤਾਂ ਤੋਂ ਉਲਟ ਜਾ ਕੇ ਗੁਰੂ ਗਰੰਥ ਸਾਹਿਬ ਜੀ ''ਬਾਣੀ ਗੁਰੂ ਗੁਰੂ ਹੈ ਬਾਣੀ'' ਬਾਰੇ ਸਿੱਖ ਸੰਗਤਾਂ ਵਿਚ ਦੁਬਿਧਾ ਖੜੀ ਕਰ ਰਿਹਾ ਹੈ। ਕਰਤਾ ਪੁਰਖ ਪ੍ਰਮਾਤਮਾ ਨੂੰ ਸਿਰਫ਼ ਕੁਦਰਤ ਦਸ ਰਿਹਾ ਹੈ। ਕੁਦਰਤ ਦੇ ਨਿਯਮਾਂ ਨੂੰ ਸਮਝਣਾ ਹੀ ਨਾਮ ਸਿਮਰਨ, ਨਾਮ ਜਪਣਾ ਦਸ ਰਿਹਾ ਹੈ। ਕੀ ਇਹ ਗੁਰਮਤਿ ਦੇ ਅਨੁਸਾਰੀ ਹੈ?

(7) ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਚਾਰ ਅਹਿਮ ਉਦਾਸੀਆਂ ( ਯਾਤਰਾਵਾਂ ) ਰਾਹੀਂ ਭੁੱਲੇ ਭਟਕੇ ਕੁਰਾਹੇ ਪਿਆਂ ਨੂੰ ਸਿੱਧੇ ਰਾਹ ਪਾਉਂਦਾ ਰਿਹਾ। ਪਰ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਈ ਨੂੰ ਗਿਆਨ ਦੇਣ ਨਹੀਂ ਸਗੋਂ ਥਾਂ ਥਾਂ ਗਿਆਨ ਲੈਣ ਗਿਆ ਦਸ ਰਿਹਾ ਹੈ। ਕੇਵਲ ਗਿਆਨ 'ਚ ਵਾਧਾ ਕਰਨ ਵਾਲ਼ਾ ਸਾਧਾਰਨ ਭਰਮਣ ਦੱਸ ਕੇ ਗੁਰੂ ਸਾਹਿਬ ਦੀ ਅਜ਼ਮਤ ਨੂੰ ਵੰਗਾਰਨਾ ਕੀ ਦੋਸ਼ ਨਹੀਂ?

(8) ਗੁਰੂ ਕੇ ਇਤਿਹਾਸ, ਪੰਥਕ ਕਾਰਜ ਸ਼ੈਲੀ ਨੂੰ ਛੋਟਾ ਦੱਸ, ਰੂਹਾਨੀਅਤ ਤੋਂ ਉੱਤਮ ਸਾਇੰਸ ਦੀਆਂ ਕਾਢਾਂ ਨੂੰ ਕਾਮਰੇਡੀ ਤਰੀਕੇ ਨਾਲ ਪ੍ਰਚਾਰ ਕਰਦਿਆਂ ਖ਼ਾਲਸਾ ਪੰਥ ਵਿਚ ਦੁਫੇੜ ਪਾਉਣ ਦਾ ਯਤਨ ਕਰ ਰਿਹਾ ਹੈ। ਰੂਹਾਨੀਅਤ ਦੀ ਥਾਂ ਪ੍ਰਕਿਰਤੀ ਦਾ ਗਿਆਨ ਜ਼ਰੂਰੀ ਹੈ। ਕੀ ਇਹ ਸਿਖੀ ਦਾ ਪ੍ਰਚਾਰ ਹੈ?

(9) ਨਾਮ ਜਪਣ ਅਤੇ ਬਾਣੀ ਕੰਠ ਕਰਨ ਨੂੰ ਮਨਮਤ ਦੱਸਦਿਆਂ ਗੁਰਬਾਣੀ, ਨਿੱਤਨੇਮ ਅਤੇ ਨਾਮ ਸਿਮਰਨ ਪ੍ਰਤੀ ਸ਼ੰਕੇ ਪੈਦਾ ਕਰਕੇ ਸੰਗਤ ਨੂੰ ਨਾਮ ਭਗਤੀ ਜਪ ਤਪ ਤੇ ਨਿੱਤਨੇਮ ਪ੍ਰਤੀ ਵਿਵਾਦ ਖੜ੍ਹਾ ਕਰ ਰਿਹਾ ਹੈ। ਸਵਾਸ-ਸਵਾਸ ਵਾਹਿਗੁਰੂ ਨਾਮ ਅਭਿਆਸ ਦੀ ਤੁਲਨਾ ਕਾਮ ਨਾਲ ਕਰੇ ਅਤੇ ਸੰਗਤਾਂ ਨੂੰ ਵਾਰ-ਵਾਰ ਇਹ ਕਹੇ ਕਿ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੋਈ ਲਾਭ ਨਹੀਂ, ਮੈਂ ਇਹ ਸਭ ਤਰਾਂ ਦਾ ਇਹ ਪਾਖੰਡ ਕਰ ਕੇ ਦੇਖ ਲਿਆ ਹੈ! ਕੀ ਇਸ ਨੇ ਸਿਖੀ ਨੂੰ ਮਜ਼ਾਕ ਸਮਝਿਆ ਹੋਇਆ ਹੈ?

(10) ਮਥਾ ਟੇਕਣਾ, ਪ੍ਰਸਾਦਿ ਲੈਣਾ, ਪ੍ਰਕਰਮਾ ਕਰਨੀ ਅਤੇ ਰੁਮਾਲਾ ਚੜ੍ਹਾਉਣ ਆਦਿ ਨੂੰ ਕਰਮ ਕਾਂਡ ਦੀ ਸੰਗਿਆ ਦੇ ਰਿਹਾ ਹੈ।। ਜਦ ਕਿ ਸਿਖ ਪੰਥ 'ਚ ਪੂਜਾ ਦੀ ਆਪਣੀ ਰਵਾਇਤ ਰਹੀ ਹੈ ਅਤੇ ਪੰਥ ਇਹ ਕਾਰਜ ਪ੍ਰਮਾਤਮਾ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਪ੍ਰਤੀ ਸਤਿਕਾਰ ਭੇਟ ਕਰਨ ਲਈ ਕਰਦਾ ਆ ਰਿਹਾ ਹੈ। ਇਸ ਨੂੰ ਤਿਲਾਂਜਲੀ ਦੇਣ ਦੀ ਗਲ ਕਰ ਕੇ ਕੀ ਢੱਡਰੀਆਂ ਵਾਲਾ ਸਿਖ ਧਰਮ ਦੀਆਂ ਸਥਾਪਿਤ ਰਵਾਇਤਾਂ ਦਾ ਨਿਰਾਦਰ ਕਰ ਕੇ ਸਿਖ ਧਰਮ 'ਤੇ ਚੋਟ ਨਹੀਂ ਕਰ ਰਿਹਾ?

(11) ਗੁਰੂ ਅਮਰਦਾਸ ਜੀ ਨੂੰ ਨਾ ਸਮਝ ਕਹਿਣ ਦੀ ਗੁਸਤਾਖ਼ੀ ਕਰਦਾ ਹੈ। ਗੁਰੂ ਸਾਹਿਬ ਵਲ ਪਿੱਠ ਨਾ ਕਰਦਿਆਂ ਮਥਾ ਟੇਕ ਪੁੱਠੇ ਪੈਰੀਂ ਤੁਰਨ ਵਾਲੇ ਨਾ ਸਮਝ ਹਨ, ਕੀ ਇਹ ਬਰਦਾਸ਼ਤ ਕੀਤਾ ਜਾ ਸਕਦਾ ਹੈ?

(12) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਝੂਠਾ ਅਤੇ ਗੰਗੂ ਉਸ ਲਈ ਸੱਚਾ ਹੈ। ਇਹ ਕਹਿਣਾ ਕਿ ਗੁਰੂ ਹਰ ਰਾਏ ਸਾਹਿਬ ਜੀ ਨੇ ਗ਼ਲਤੀ ਕੀਤੀ, ਗੁਰੂ ਸਾਹਿਬ ਵੱਲੋਂ ਬਾਬਾ ਰਾਮ ਰਾਏ ਨੂੰ ਔਰੰਗਜ਼ੇਬ ਦੇ ਦਰਬਾਰ ਵਿਚ ਆਪਣਾ ਪੱਖ ਸਪਸ਼ਟ ਕਰਨ ਲਈ ਭੇਜਣਾ ਗ਼ਲਤੀ ਸੀ ..!

(13) ''ਸਿਖਾਂ ਦਾ ਗੁਰੂ ਦੇਹ ਹੈ ਕਿ ਗਿਆਨ? ਇਹ ਸਵਾਲ ਉਠਾ ਕੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 'ਤੇ ਸ਼ੰਕੇ ਉਤਪੰਨ ਨਹੀਂ ਕਰ ਰਿਹਾ?।

(14) ਗੁਰੂ ਸਾਹਿਬਾਨ ਨੂੰ ਆਮ ਇਨਸਾਨਾਂ ਦੀ ਸ਼੍ਰੇਣੀ 'ਚ ਰਖਣ ਦੀ ਕੋਸ਼ਿਸ਼ ਕਰਦਿਆਂ ਸਿਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਉਣੀ?

(15) ਇਹ ਉਹ ਪ੍ਰਚਾਰਕ ਹੈ ਜੋ ਸਨਾਤਨੀ ਹਿੰਦੂ ਮੱਤ ਦੇ ਲੋਕਾਂ ਵੱਲੋਂ ਅਣਘੜਤ ਪੱਥਰ 'ਤੇ ਪੱਥਰ ਤਰਾਸ਼ ਮੂਰਤੀਆਂ ਅੱਗੇ ਚੜ੍ਹਾਏ ਜਾਂਦੇ ਫੁੱਲਾਂ ਸੁਗੰਧੀਆਂ ਨੂੰ ਅਤੇ ਸਿੱਖਾਂ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਸਤਿਕਾਰ ਹਿਤ (ਸ੍ਰੀ ਅਖੰਡ ਪਾਠ ਅਤੇ ਖ਼ਾਸ ਮੌਕਿਆਂ ਉੱਤੇ) ਭੇਟ ਕੀਤੀਆਂ ਸੁਗੰਧੀਆਂ ਵਾਲ਼ੀਆਂ ਵਸਤਾਂ ਨੂੰ ਇੱਕੋ ਤਰੀਕੇ ਦੀ ਕਰਮਕਾਂਡੀ ਪੂਜਾ ਦੱਸਦਾ ਹੈ।

(16) ਅਗੇ ਪਾਣੀ ਰਖ ਕੇ ਪੰਜ ਬਾਣੀਆਂ ਦਾ ਪਾਠ ਕਰ ਲੈਣ ਨਾਲ ਕੀ ਹੋ ਜਾਵੇਗਾ ਕਹਿ ਕੇ ਅੰਮ੍ਰਿਤ ਸੰਸਕਾਰ 'ਤੇ ਸੁਚੇਤ ਵਾਰ ਨਹੀਂ ਕਰ ਰਿਹਾ ? ਅਗੇ ਜਾਂ ਸਾਹਮਣੇ ਜਲ ਰਖ ਕੇ ਪੰਜ ਬਾਣੀਆਂ ਪੜਣ ਦੀ ਵਿਧੀ ਵਿਧਾਨ ਅੰਮ੍ਰਿਤ ਸੰਸਕਾਰ ਦਾ ਹੈ। ਅਜਿਹਾ ਕਾਰਜ ਉਸ ਅਨੁਸਾਰ ਬੇਵਕੂਫ਼ੀ ਹੈ। ਇਸੇ ਤਰਾਂ ਅੰਮ੍ਰਿਤ ਬਾਟੇ ਵੰਡ ਲਏ ਗਏ ਹੋਣ ਬਾਰੇ ਭਰਮ ਪੈਦਾ ਨਹੀਂ ਕਰ ਰਿਹਾ?

(17)ਉਸ ਅਨੁਸਾਰ ਅੰਮ੍ਰਿਤ ਵੇਲੇ ਦਾ ਇਸ਼ਨਾਨ ਬੇਕਾਰ ਹੈ ਕਿਉ ਜੋ ਉਸ ਨੇ ਅਜਿਹਾ 6 ਸਾਲ ਕਰਕੇ ਦੇਖ ਚੁੱਕਿਆ ਹੈ, ਪਰ ਫ਼ਾਇਦਾ ਨਹੀਂ । ਸੋ ਸਿਖ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਇਸ਼ਨਾਨ ਆਦਿ ਤੋਂ ਵਰਜਣਾ ਕਿਧਰ ਦਾ ਧਰਮ ਪ੍ਰਚਾਰ ਹੈ?।

(18) ਅੰਮ੍ਰਿਤ ਵੇਲੇ ਦਾ ਖੰਡਨ ਕਰਦਿਆਂ ਇਸ ਪ੍ਰਤੀ ਸੰਗਤ 'ਚ ਸ਼ੰਕੇ ਪੈਦਾ ਕਰਦਾ ਆ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਕੋਈ ਵੀ ਅੰਮ੍ਰਿਤ ਵੇਲਾ ਰਬ ਨੇ ਨਹੀਂ ਬਣਾਇਆ। ਭਾਵ ਕਿ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਲਈ।ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਨੂੰ ਕੁਦਰਤ ਦੇ ਨਿਯਮ ਤੋਂ ਉਲਟ ਸਾਬਤ ਕਰਨਾ ਕੂੜ ਨਹੀਂ?

(19) ਸ੍ਰੀ ਗੁਰੂ ਤੇਗ ਬਹਾਦਰ ਜੀ ਕੇ ਤਪ ਅਸਥਾਨ ਬਾਬਾ ਬਕਾਲਾ ਸਾਹਿਬ ਅਤੇ ਭੋਰਾ ਸਾਹਿਬ, ਪਾ: 9ਵੀਂ ਪ੍ਰਤੀ ਪੂਰਨ ਤੌਰ 'ਤੇ ਖੰਡਨ ਕਰ ਚੁਕਾ ਹੈ। ਗੁਰੂ ਸਾਹਿਬਾਂ ਦੇ ਇਤਿਹਾਸਕ ਭੋਰਿਆਂ ਦੀ ਤੁਲਨਾ ਭੇਖੀ ਪਾਖੰਡੀ ਡੇਰੇਦਾਰਾਂ ਦੇ ਕਾਮ ਲਈ ਵਰਤੇ ਜਾਂਦੇ ਗੁਫਾਵਾਂ ਨਾਲ ਕਰ, ਸੰਗਤ ਨੂੰ ਗੁਮਰਾਹ ਕਰ ਕੇ ਗੁਰੂਆਂ ਦੇ ਇਤਿਹਾਸਕ ਭੋਰਾ ਸਾਹਿਬ ਤੋਂ ਦੂਰ ਕਰਨ ਦਾ ਯਤਨ ਨਹੀਂ?

(20) ਬਾਬਾ ਬੁਢਾ ਜੀ ਪ੍ਰਤੀ ਗਲਤ ਪ੍ਰਸੰਗ ਸੁਣਾ ਕੇ ਆਪਣੇ ਸਵਾਰਥ ਲਈ ਬਾਬਾ ਬੁਢਾ ਜੀ ਪ੍ਰਤੀ ਸ਼ੰਕੇ ਪੈਦਾ ਕਰਦਿਆਂ ਇਤਿਹਾਸਕ ਤੱਥਾਂ ਪ੍ਰਤੀ ਸੰਗਤ ਨੂੰ ਗੁਮਰਾਹ ਕੀਤਾ ਗਿਆ।

(21) ਬਾਬਾ ਸ਼੍ਰੀ ਚੰਦ ਜੀ ਬਾਰੇ ਗਲਤ, ਅਪਮਾਨਜਨਕ ਟਿੱਪਣੀਆਂ ਕਰ ਰਿਹਾ ਹੈ।

(22) ਉਸ ਲਈ ਤਾਂ ਗੁਰੂ ਘਰ ਜਾਣ ਵਾਲਾ ਵੀ ਪਖੰਡੀ ਹੈ। ਅਤੇ ਸ਼ਰਾਬੀ ਬਾਬਿਆਂ ਨਾਲੋਂ ਬਹੁਤ ਚੰਗੇ ਹੋਣ।

(23) ਭਾਈ ਬਚਿੱਤਰ ਸਿੰਘ ਵੱਲੋਂ ਹਾਥੀ ਦੇ ਮੱਥੇ ਵਿਚ ਨਾਗਨੀ ਮਾਰਨ ਨੂੰ ਝੁਠਲਾਉਣ ਦੀ ਕੋਸ਼ਿਸ਼ ਕਰਦਿਆਂ ਸਿੱਖ ਇਤਿਹਾਸ ਨਾਲ ਖਿਲਵਾੜ ਕਰਦਾ ਰਿਹਾ, ਕਿ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿਚ ਨਾਗਨੀ ਮਾਰ ਕੇ ਤਵੀਆਂ ਨੂੰ ਨਹੀਂ ਚੀਰਿਆ ਸੀ, ਸਗੋਂ ਉਸ ਨੇ ਚਲਾਕੀ ਨਾਲ ਨਾਗਨੀ ਅੱਖ ਵਿਚ ਮਾਰੀ ਸੀ.. । ਗੁਰੂ ਦਸਮੇਸ਼ ਜੀ ਦਾ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦੇਣ ਨੂੰ ਅਗਿਆਨਤਾ ਦੱਸਣਾ, ਇਹ ਕੀ ਹੈ?।

( 24) ਸਿਖੀ ਅਤੇ ਇਤਿਹਾਸ ਪ੍ਰਤੀ ਸ਼ੰਕੇ ਪੈਦਾ ਕਰਨ ਲਈ ਕਵੀ ਭਾਈ ਸੰਤੋਖ ਸਿੰਘ ਵੱਲੋਂ ਲਿਖੀਆਂ ਵਿਵਾਦਿਤ ਗਲਾਂ ਨੂੰ ਪ੍ਰਚਾਰ ਦਾ ਸਾਧਨ ਅਤੇ ਹਥਿਆਰ ਬਣਾਉਂਦਾ ਹੈ। ਉਹ ਭਾਈ ਸੰਤੋਖ ਸਿੰਘ ਵੱਲੋਂ ਗੁਰੂ ਸਾਹਿਬ ਪ੍ਰਤੀ ਲਿਖੀਆਂ ਸਿਫ਼ਤਾਂ ਨਹੀਂ ਸੁਣਾਉਂਦਾ, ਇਹ ਉਸ ਦੀ ਕਵੀ ਭਾਈ ਸੰਤੋਖ ਸਿੰਘ ਪ੍ਰਤੀ ਬੇਈਮਾਨ ਮਾਨਸਿਕਤਾ ਦਾ ਪ੍ਰਗਟਾਵਾ ਨਹੀਂ ਕਰ ਰਿਹਾ?।

(25) ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਉਣ ਅਤੇ ਹਿੰਦੂ ਪੁਜਾਰੀਆਂ ਵੱਲੋਂ ਮੂਰਤੀਆਂ ਨੂੰ ਭੋਗ ਲਾਉਣ 'ਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ । ਗੁਰਸਿਖਾਂ 'ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਭੋਗ ਲਾਉਣ ਨੂੰ ਪਖੰਡ ਅਤੇ ਮਨਮਤਿ ਠਹਿਰਾ ਰਿਹਾ ਹੈ।

(26) ਵੀਰ ਰਸੀ ਬਾਣੀਆਂ ਨੂੰ ਝੁਠਲਾਉਣ ਦੀ ਕੋਸ਼ਿਸ਼ ਕਰਦਿਆਂ ਕਹਿ ਰਿਹਾ ਹੈ ਕਿ ਪਾਠ ਕਰਨ ਨਾਲ ਦਲੇਰੀ ਨਹੀ ਆ ਸਕਦੀ। ਕੀ ਇਹ ਗੁਰਬਾਣੀ 'ਚ ਦਰਜ ਬੀਰ ਰਸੀ ਬਾਣੀਆਂ ਪ੍ਰਤੀ ਸਤਿਕਾਰ ਹੈ ਜਾਂ ਅਪਮਾਨ?

(27) ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਵੱਲੋਂ ਛੱਜੂ ਝੀਵਰ ਨੂੰ ਛੜੀ ਰੱਖ ਕੇ ਗਿਆਨ ਕਰਾਏ ਜਾਣ ਤੋਂ ਇਨਕਾਰ ਕਰਦਿਆਂ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਕਰਾਮਾਤਾਂ ਸਰਬ ਕਲਾ ਭਰਪੂਰ ਹੋਣ ਪ੍ਰਤੀ ਕਿੰਤੂ ਪ੍ਰੰਤੂ ਤੇ ਸ਼ੰਕਾ ਉਤਪੰਨ ਕਰਨ ਵਾਲਾ।

( 28 ) ਸੰਗਤ, ਸਾਧੂ, ਸੰਤ ਦੀ ਚਰਨ ਧੂੜ ਦੀ ਮਹਿਮਾ ਦਾ ਡਟ ਕੇ ਖੰਡਨ ਤੇ ਵਿਰੋਧ ਕਰ ਰਿਹਾ ਹੈ। ਸੇਵਾ ਸਿਧਾਂਤ ਦੀ ਤੌਹੀਨ ਬੇਸ਼ਰਮੀ ਨਾਲ ਕਰ ਰਿਹਾ ਤੁਹਾਨੂੰ ਨਜ਼ਰ ਨਹੀਂ ਆਉਂਦਾ?

(29) 84 ਲੱਖ ਜੂਨਾਂ ਤੋਂ ਡਰਨ ਦੀ ਲੋੜ ਨਹੀਂ ਇਹ ਵੀ ਰਬ ਦੀਆਂ ਬਣਾਈਆਂ ਹੋਈਆਂ ਹਨ ਸੋ ਇਸ ਤੋਂ ਬਚਨ ਲਈ ਬੰਦਗੀ ਜ਼ਰੂਰੀ ਨਹੀਂ, ਇਹੀ ਹੈ ਇਸ ਦਾ ਸਿਖੀ ਪ੍ਰਚਾਰ?

(30) ਆਵਾਗਵਨ ਦਾ ਕੋਈ ਚੱਕਰ ਨਾ ਹੋਣ ਬਾਰੇ, ਦੇਵੀ ਦੇਵਤੇ, ਭੂਤ ਪ੍ਰੇਤ, ਸਵਰਗ ਨਰਕ, ਧਰਮਰਾਜ ਪ੍ਰਤੀ ਬੇਲੋੜਾ ਵਿਵਾਦ ਪੈਦਾ ਕੀਤਾ ਗਿਆ। ਗੁਰਬਾਣੀ ਦਾ ਮਨ ਘੜਤ ਕਾਮਰੇਡੀ ਤਰੀਕੇ ਨਾਲ ਅਰਥ ਕਰਦਿਆਂ ਸੰਗਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ।

(31) ਦੀਵਾਲੀ ਅਤੇ ਬੰਦੀਛੋੜ ਦਿਹਾੜੇ ਦਾ ਵਿਰੋਧ ਕਰ ਕੇ ਇਸ ਦੀ ਇਤਿਹਾਸਕ ਮਹੱਤਤਾ ਪ੍ਰਤੀ ਸੰਗਤ ਨੂੰ ਹਨੇਰੇ 'ਚ ਰਖਣ ਦੀ ਕੋਸ਼ਿਸ਼ ਕੀਤੀ ਗਈ । ਦੀਵਾਲੀ ਨੂੰ ਸਿਖ ਪੰਥ ਬੰਦੀਛੋੜ ਦਿਵਸ ਵੱਜੋ ਮਨਾਉਂਦਾ ਆ ਰਿਹਾ ਹੈ । ਬੰਦੀਛੋੜ ਦਿਵਸ ਤੋਂ ਮੂੰਹ ਫੇਰਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ 52 ਹਿੰਦੂ ਰਾਜਿਆਂ ਨੂੰ ਛੁਡਾ ਕੇ ਲਿਆਉਣ ਦੇ ਇਤਿਹਾਸਕ ਪ੍ਰਸੰਗ ਤੋਂ ਮੁਨਕਰ ਹੋਣ ਦੀ ਤਿਆਰੀ ਨਹੀਂ ਹੈ?।

(32) ਜ਼ਿੰਦਗੀ ਜਾਂ ਦੁਨੀਆ ਦੀ ਹੋਂਦ ਨੂੰ ਖ਼ੁਦ ਮਨੁੱਖ 'ਤੇ ਨਿਰਭਰ ਹੋਣ ਦਾ ਪ੍ਰਚਾਰ ਕਰਦਾ ਹੋਵੇ, ਗੁਰਮਤਿ ਸਿਧਾਂਤ ਦੇ ਉਲਟ ਜਾ ਕੇ ਮਨੁੱਖੀ ਜੀਵਨ, ਜਨਮ ਮਰਨ ਨੂੰ ਰੱਬ ਦੀ ਰਜ਼ਾ 'ਚ ਨਾ ਮੰਨ ਕੇ ਲੇਖ ਨ ਮਿਟਣੀ ਹੈ ਸਖੀ ਜੋ ਲਿਖਿਆ ਕਰਤਾਰਿ।। ਨੂੰ ਅੰਧ ਵਿਸ਼ਵਾਸ ਅਤੇ ਅਗਿਆਨਤਾ ਕਹੇ। ?

(33) ਢੱਡਰੀਆਂ ਵਾਲਾ ਗਾਣਿਆਂ ਦੀ ਤਰਜ਼ 'ਤੇ ਧਾਰਨਾਵਾਂ ਲਾਕੇ ਸੰਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਦੋਸ਼ੀ ਨਹੀਂ ?

(34) ਜਿਸ ਨੂੰ ਗੁਰੂ ਦੇ ਲੰਗਰ ਦੀ ਉਸਤਤ ਸੁਣਨ ਨਾਲ ਖਿਝ ਚੜ੍ਹ ਜਾਵੇ ਅਤੇ ਇਸ ਦੇ ਉਲਟ ਉਹ ਚਰਚਾਂ ਅਤੇ ਵਿਦੇਸ਼ਾਂ ਦੇ ਸਿਸਟਮ ਨੂੰ ਗੁਰੂ ਕੇ ਲੰਗਰ ਤੋਂ ਮਹਾਨ ਦੱਸਣ ਲੱਗ ਜਾਵੇ ਉਸ ਤੋਂ ਸਿਖੀ ਦੇ ਪ੍ਰਚਾਰ ਦੀ ਕੀ ਉਮੀਦ?

(35) ਇੰਦਰ ਅਤੇ ਅਹਿਲਿਆ ਦੀ ਸਾਖੀ ਸਾਡੇ 'ਤੇ ਥੋਪੀ ਕਹਿ ਰਿਹਾ ਹੈ। ਜਦ ਕਿ ਇਹ ਸਾਖੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕਈ ਥਾਂਈ ਦਰਜ ਹਨ। ਕੀ ਇਹ ਕੂੜ ਪ੍ਰਚਾਰ ਨਹੀਂ ?

(36) ਇਹ ਸਿਖ ਸੰਗਤ ਨੂੰ ਕਕਾਰਾਂ ਦੀ ਪਕਿਆਈ ਤੋਂ ਛੋਟ ਦੇਣ ਦੀ ਵਕਾਲਤ ਕਰਦਾ ਹੈ। ਉਸ ਅਨੁਸਾਰ ਦਾੜ੍ਹਾ ਕੇਸ ਕ੍ਰਿਪਾਨਿ ਆਦਿ ਪੰਜ ਕਕਾਰ ਧਾਰਨ ਕਰਨ ਨਾਲ ਅਸੀਂ ਸਿਖੀ ਨੂੰ ਭੇਖ ਬਣਾ ਲਿਆ ਹੈ। ਕਕਾਰ ਪਉਣ ਦੀ ਕੋਈ ਲੋੜ ਨਹੀਂ । ਕੇਸ ਦਸਤਾਰ ਕੋਈ ਜ਼ਰੂਰੀ ਨਹੀਂ ਸਿਖੀ ਅੰਦਰ ਹੋਣੀ ਚਾਹੀਦੀ ਹੈ , ਇਹ ਸਿਖੀ ਪ੍ਰਚਾਰ ਦੀ ਕਿਹੜੀ ਸ਼੍ਰੇਣੀ ਹੈ।?

(37) ਗੁਰਬਾਣੀ ਮਾਤ ਗਰਭ 'ਚ ਨਾਮ ਸਿਮਰਨ ਕਰਨ ਦੀ ਸਾਖੀ ਭਰਦੀ ਹੈ ਪਰ ਇਹ ਇਸ ਪ੍ਰਤੀ ਸ਼ੰਕੇ ਕਰਦਿਆਂ ਗਰਭ 'ਚ ਰੱਬ ਦੇ ਨਿਯਮਾਂ ਅਨੁਸਾਰ ਚਲਣ ਨੂੰ ਸਿਮਰਨ ਦਾ ਨਾਮ ਦੇਣਾ,

(38) ਜਿਸ ਦੀਆਂ ਨਜ਼ਰਾਂ 'ਚ ਤਖਤ ਸ੍ਰੀ ਹਜੂਰਿ ਸਾਹਿਬ ਬੱਕਰੇ ਵੱਢਣਾ ਕਸਾਈਪੁਣਾ ਹੈ।

(39) ਸਤਿਕਾਰਤ ਮਾਈ ਭਾਗੋ ਜੀ ਬਾਰੇ ਬੇਸ਼ਰਮੀ ਨਾਲ ਘਟੀਆ ਪ੍ਰਚਾਰ ਦੀ ਕੋਈ ਹੱਦ ਰਹਿਣ ਦਿੱਤੀ ?

(40) ਦੂਜਿਆਂ ਦਾ ਪ੍ਰਚਾਰ ਗੱਪ ਕਹਾਣੀਆਂ ਅਤੇ ਆਪ ਦੀਆਂ ਗੱਪ ਕਹਾਈਆਂ ਅਖੌਤੀ ਇਤਿਹਾਸ ਦਾ ਹਿੱਸਾ।

(41) ਸੰਤ ਕਹਾਉਣ ਨੂੰ 'ਹਰਾਮਜ਼ਦਗੀ' ਕਹਿ ਕੇ ਅਤੇ ਸੰਪਰਦਾਵਾਂ, ਸਾਧੂ, ਸੰਤਾਂ ਮਹਾਂਪੁਰਸ਼ਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਦਿਆਂ ਸੰਗਤ ਦੇ ਹਿਰਦਿਆਂ ਨੂੰ ਦੁਖਾ ਰਿਹਾ ਹੈ। ਆਪ ਸੰਤ ਦੀ ਅਵਸਥਾ ਤੱਕ ਨਹੀਂ ਪਹੁੰਚ ਸਕਿਆ ਪਰ ਸੰਤ ਦੀ ਅਵਸਥਾ ਦਾ ਖੰਡਨ ਕਰ ਕੇ ਤੌਹੀਨ ਕੀਤਾ ਜਾਣਾ ਯੋਗ ਹੈ?

(42) ਆਪਣੇ ਕੀਤੇ ਪੰਥ ਵਿਰੋਧੀ ਅਤੇ ਅਖੌਤੀ ਤਰਕਵਾਦੀ, ਇਤਰਾਜ਼ਯੋਗ ਭੰਡੀ ਪ੍ਰਚਾਰ ਤੋਂ ਬਾਅਦ ਦੂਜਿਆਂ ਨਾਲ ਵਿਚਾਰ ਕਰਨ ਲਈ ਰਾਜ਼ੀ ਨਾ ਹੋਵੇ, ਇਹ ਕਹੇ ਕੇ ਤੁਸੀਂ ਆਪਣੇ ਤਰੀਕੇ ਨਾਲ ਪ੍ਰਚਾਰ ਕਰੋ ਅਤੇ ਮੈਨੂੰ ਮੇਰੇ ਤਰੀਕੇ ਨਾਲ ਕਰਨ ਦਿਓ। ਕੀ ਕਿਸੇ ਨੂੰ ਵੀ ਭੰਡੀ ਪ੍ਰਚਾਰ ਦੀ ਅਜਿਹੀ ਖੁਲ ਦਿਤੀ ਜਾ ਸਕਦੀ ਹੈ?

(43) ਜਿਸ ਪ੍ਰਚਾਰਕ ਕੋਲ ਜਪ, ਤਪ, ਬੰਦਗੀ ਨਾ ਹੋਏ ਤੇ ਇਹਨਾਂ ਦਾ ਵਿਰੋਧ ਕਰੇ। ਅਜਿਹੀਆਂ ਅਨੇਕਾਂ ਇਤਰਾਜ਼-ਯੋਗ ਟਿੱਪਣੀਆਂ ਹਨ ਜੋ ਢੱਡਰੀਆਂ ਵਾਲੇ ਦੁਆਰਾ ਸਟੇਜਾਂ 'ਤੇ ਸੰਗਤਾਂ ਨੂੰ ਗੁਮਰਾਹ ਕਰ ਕੇ ਕੁਰਾਹੇ ਪਾਉਣ ਲਈ ਕੀਤੀਆਂ ਗਈਆਂ ਹਨ ।

(45) ਅਜਿਹੀਆਂ ਫੁੱਟ ਪੁਆਊ, ਸ਼ੰਕਾ-ਵਾਦੀ ਟਿੱਪਣੀਆਂ ਸਿੱਖਾਂ ਵਿਚ ਸ਼ਰਧਾ, ਨਾਮ ਸਿਮਰਨ, ਬੰਦਗੀ, ਮਿਲ ਬੈਠ ਵਿਚਾਰ ਕਰਨ ਦੀ ਭਾਵਨਾ, ਸ਼ਹੀਦੀ ਤੇ ਕੁਰਬਾਨੀ ਦੇ ਜਜ਼ਬੇ ਦੀ ਘਾਟ ਪੈਦਾ ਕਰਨ ਦੀ ਸਾਜ਼ਿਸ਼ ਨਹੀਂ?

(47) ਉਹ ਸਿਖ ਸੰਗਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਵਾਬਦੇਹੀ ਤੋਂ ਹੀ ਨਹੀਂ ਭੱਜ ਰਿਹਾ ਸਗੋਂ ਧਰਮ ਦੀ ਨਵੀ ਵਿਆਖਿਆ ਕਰਨ ਵਲ ਰੁਚਿਤ ਹੈ ਜੋ ਕਿ ਗੁਰਮਤਿ ਦੇ ਅਨੁਸਾਰੀ ਬਿਲਕੁਲ ਨਹੀਂ ਕਿਹਾ ਜਾ ਸਕਦਾ। ਇਸ ਸਭ ਦੇ ਪਿੱਛੇ ਇਕ ਡੂੰਘੀ ਸਾਜ਼ਿਸ਼ ਕੰਮ ਕਰ ਰਿਹਾ ਤੁਹਾਨੂੰ ਨਜ਼ਰ ਨਹੀਂ ਆਉਂਦਾ?

ਸੋ ਕੀ ਤੁਸੀਂ ਉਕਤ ਮੁੱਦਿਆਂ ( ਜਿਸ ਦੇ ਸਬੂਤ ਦਮਦਮੀ ਟਕਸਾਲ ਕੋਲ ਮੌਜੂਦ ਹਨ ) ਪ੍ਰਤੀ ਸੰਜੀਦਗੀ ਦਿਖਾਉਂਦਿਆਂ ਸਿਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀਆਂ ਹਰਕਤਾਂ ਕਰਨ ਵਾਲੇ ਰਣਜੀਤ ਸਿੰਘ ਢੱਡਰੀਆਂ ਵਾਲਾ ਖ਼ਿਲਾਫ਼ ਆਪਣੀ ਜ਼ਿੰਮੇਵਾਰੀ ਸਮਝਦਿਆਂ ਠੋਸ ਕਾਰਵਾਈ ਕਰੋਗੇ?
ਧੰਨਵਾਦ ਸਹਿਤ।
ਗੁਰੂ ਪੰਥ ਦਾ ਦਾਸ
( ਸਰਚਾਂਦ ਸਿੰਘ )