• Home
  • ਮੀਡੀਆ ਸੁਰਖੀਆਂ ‘ਚ ਰਹਿਣ ਲਈ ਡਰਾਮੇਬਾਜ਼ੀ ਕਰ ਰਹੇ ਹਨ ਸਿਨਹਾ : ਸਿਰਸਾ

ਮੀਡੀਆ ਸੁਰਖੀਆਂ ‘ਚ ਰਹਿਣ ਲਈ ਡਰਾਮੇਬਾਜ਼ੀ ਕਰ ਰਹੇ ਹਨ ਸਿਨਹਾ : ਸਿਰਸਾ

ਨਵੀਂ ਦਿੱਲੀ- ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿਆਲ ਸਿੰਘ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਮਿਤਾਭ ਸਿਨਹਾ ਵੱਲੋਂ ਦਿੱਤੇ ਬਿਆਨ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਕਿਹਾ ਕਿ ਉਹ ਮੀਡੀਆ ਸੁਰਖੀਆਂ ਵਿਚ ਰਹਿਣ ਲਈ ਤੇ ਸਰਕਾਰ ਦੀ ਕਾਰਵਾਈ ਤੋਂ ਆਪਣੀ ਚਮੜੀ ਬਚਾਉਣ ਲਈ ਅਜਿਹਾ ਕਰ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦਾ ਮਾਮਲਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਪਹਿਲਾਂ ਹੀ ਸਿਖਰਲੇ ਪੱਧਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾ ਚੁੱਕੇ ਹਨ ਤੇ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਐਲਾਨ ਵੀ ਕੀਤਾ ਹੈ ਕਿ ਕਾਲਜ ਦਾ ਨਾਮ ਬਦਲਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਨਾਮ ਬਦਲਣ ਦਾ ਯਤਨ ਕਰਨ ਬਦਲੇ ਮੈਨੇਜਮੈਂਟ ਕਮੇਟੀ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਜਿਹੇ ਵਿਚ ਕਾਲਜ ਦਾ ਨਾਮ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਸਿਨਹਾ ਆਪਣੇ ਝੂਠੇ, ਆਧਾਰਹੀਣ ਤੇ ਸਿਆਸੀ ਤੌਰ 'ਤੇ ਪ੍ਰੇਰਿਤ ਦਾਅਵਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਤੇ ਮੀਡੀਆ ਸੁਰਖੀਆਂ ਵਿਚ ਰਹਿਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਲਜ ਦਾ ਨਾਮ ਰੱਖਣਾ ਜਾਂ ਬਦਲਣਾ ਦਿੱਲੀ ਯੂਨੀਵਰਸਿਟੀ ਦੀ ਐਗਜ਼ਕਿਊਟਿਵ ਕੌਂਸਲ ਦਾ ਅਧਿਕਾਰ ਖੇਤਰ ਹੈ ਜਿਸਦੀ ਪ੍ਰਵਾਨਗੀ ਮਗਰੋਂ ਵਾਈਸ ਚਾਂਸਲਰ ਤੇ ਚਾਂਸਲਰ ਤੋਂ ਪ੍ਰਵਾਨਗੀ ਮਿਲਦੀ ਹੈ।  ਉਹਨਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਸਪਸ਼ਟ ਕਰ ਚੁੱਕੀ ਹੈ ਕਿ ਕਾਲਜ ਦਾ ਨਾਮ ਨਹੀਂ ਬਦਲਿਆ ਗਿਆ।
ਸਿਰਸਾ ਨੇ ਕਿਹਾ ਕਿ ਸਿਨਹਾ ਦਾ ਕਾਰਜਕਾਲ ਖਤਮ ਹੋ ਚੁੱਕਾ ਹੈ ਤੇ ਉਹ ਆਪਣੀ ਚੀਚੀ ਉਂਗਲੀ 'ਤੇ ਖੂਨ ਲਗਾ ਕੇ ਸ਼ਹੀਦ ਬਣਨ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਸਿਨਹਾ ਦੇ ਦਿਆਲ ਸਿੰਘ ਮਜੀਠੀਆ ਦਾ ਨਾਮ ਵਰਤਣ ਦੇ ਯਤਨ ਸਫਲ ਨਹੀਂ ਹੋਣ ਦਿੱਤੇ ਜਾਣਗੇ ਤੇ ਉਹ ਹਰ ਇਕ ਨੂੰ ਭਰੋਸਾ ਦੁਆਉਂਦੇ ਹਨ ਕਿ ਦਿਆਲ ਸਿੰਘ ਮਜੀਠੀਆ ਦੀ ਵਿਰਾਸਤ ਹਰ ਹਾਲਤ ਵਿਚ ਸਾਂਭੀ ਜਾਵੇਗੀ। ਉਹਨਾਂ ਕਿਹਾ ਕਿ ਸਿਨਹਾ ਵੱਡੇ ਫਰਾਡ ਹਨ ਤੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੋਗੇਸ਼ ਤਿਆਗੀ ਉਹਨਾਂ ਦੇ ਨਾਲ ਰਲ ਗਏ ਹਨ। ਉਹਨਾਂ  ਨੇ ਪ੍ਰਕਾਸ਼ ਜਾਵੜੇਕਰ ਨੂੰ ਅਪੀਲ ਕੀਤੀ ਕਿ ਉਹ ਵਾਈਸ ਚਾਂਸਲਰ ਖਿਲਾਫ ਕਾਰਵਾਈ ਦੇ ਵੀ ਹੁਕਮ ਜਾਰੀ ਕਰਨ।
1947 ਦੀ ਵੰਡ ਵੇਲੇ ਭਾਰਤ ਆਏ ਲੋਕਾਂ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸਿਰਸਾ ਨੇ ਕਿਹਾ ਕਿ ਇਕ ਵਿਅਕਤੀ ਜਿਸਦੀ ਕੋਈ ਸਾਖ ਨਹੀਂ, ਸਮਾਜ ਤੇ ਦੇਸ਼ ਲਈ ਕੋਈ ਯੋਗਦਾਨ ਨਹੀਂ ਹੈ, ਨੂੰ ਉਹਨਾਂ ਵਿਅਕਤੀਆਂ ਬਾਰੇ ਬੋਲਣ ਦਾ ਹੱਕ ਨਹੀਂ ਜਿਹਨਾਂ ਨੇ ਆਪਣੀਆਂ ਪ੍ਰਾਪਤੀਆਂ ਦੀ ਬਦੌਲਤ ਦੇਸ਼ ਦਾ ਮਾਣ ਵਧਾਇਆ ਹੈ। ਉਹਨਾਂ ਕਿਹਾ ਕਿ 1947 ਵਿਚ ਇਥੇ ਆਉਣ ਵਾਲੇ ਸਾਰੇ ਵਿਅਕਤੀ ਜਿਹਨਾਂ ਵਿਚ ਸਿੱਖ ਭਾਈਚਾਰਾ ਵੀ ਸ਼ਾਮਲ ਹੈ, ਦਾ ਮਹਾਨ ਇਤਿਹਾਸ ਹੈ ਤੇ ਇਹਨਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਸਿਰਫ ਦੇਸ਼ ਵਾਸਤੇ ਹੀ ਪ੍ਰਾਪਤੀਆਂ ਨਹੀਂ ਕੀਤੀਆਂ ਬਲਕਿ ਵਿਅਕਤੀਗਤ ਤੌਰ 'ਤੇ ਵੀ ਇਹਨਾਂ ਦੀਆਂ ਵੱਡੀਆਂ ਪ੍ਰਾਪਤੀਆਂ ਹਨ ਤੇ ਇਹਨਾਂ ਨੂੰ ਹਰ ਮੁਹਾਜ਼ 'ਤੇ ਜ਼ੀਰੋ ਰਹੇ ਵਿਅਕਤੀਆਂ ਕੋਲੋਂ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਤੇ ਦਿੱਲੀ ਗੁਰਦੁਆਰਾ ਕਮੇਟੀ 'ਤੇ ਹਮਲਾ ਬੋਲਣ ਦਾ ਸਿਨਹਾ ਦਾ ਮਕਸਦ ਦੋਹਾਂ ਭਾਈਚਾਰਿਆਂ ਵਿਚਾਲੇ ਕੁੜਤਣ ਪੈਦਾ ਕਰਨਾ ਤੇ ਫਿਰ ਖਤਰੇ ਦੇ ਨਾਮ 'ਤੇ ਗੰਨਮੈਨ ਹਾਸਲ ਕਰਨਾ ਹੈ ਜਦਕਿ  ਸੱਚਾਈ ਹੋਰ ਹੈ।
ਸਿਰਸਾ ਨੇ ਹਰਸਿਮਰਤ ਕੌਰ ਬਾਦਲ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹਨਾਂ ਨੇ ਸਿਖਰਲੇ ਪੱਧਰ 'ਤੇ ਮਾਮਲਾ ਚੁੱਕਿਆ ਹੈ ਅਤੇ ਉਹਨਾਂ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਇਸ ਮਾਮਲੇ 'ਤੇ ਸਪਸ਼ਟ ਭਰੋਸਾ ਦੁਆਇਆ ਹੈ।