• Home
  • ਮਹੀਨਾਵਾਰ ਗੁੰਡਾ ਟੈਕਸ ਲੈਣ ਦੀ ਸਾਜ਼ਿਸ਼ ਕਰਨ ਵਾਲੇ ਕਾਂਗਰਸੀ ਆਗੂ ਖ਼ਿਲਾਫ਼ ਕੀਤੀ ਜਾਵੇ ਸਖ਼ਤ ਕਾਰਵਾਈ

ਮਹੀਨਾਵਾਰ ਗੁੰਡਾ ਟੈਕਸ ਲੈਣ ਦੀ ਸਾਜ਼ਿਸ਼ ਕਰਨ ਵਾਲੇ ਕਾਂਗਰਸੀ ਆਗੂ ਖ਼ਿਲਾਫ਼ ਕੀਤੀ ਜਾਵੇ ਸਖ਼ਤ ਕਾਰਵਾਈ

ਚੰਡੀਗੜ੍ਹ- ਮਾਈਨਿੰਗ ਮਾਫ਼ੀਆ ਕੋਲੋਂ ਮਹੀਨਾਵਾਰ ਗੁੰਡਾ ਟੈਕਸ ਲੈਣ ਉੱਤੇ ਗ਼ੈਰਕਾਨੂੰਨੀ ਰੇਤ ਖ਼ੁਦਾਈ ਵਿਚ ਸ਼ਮੂਲੀਅਤ ਕਰਨ ਵਾਲੇ ਕਾਂਗਰਸੀ ਲੀਡਰਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਇੱਕ ਪ੍ਰੈੱਸ ਬਿਆਨ ਜਾਰੀ ਕੀਤਾ ਹੈ।
ਸ਼ਾਹਕੋਟ ਹਲਕਾ ਇੰਚਾਰਜ ਹਰਦੇਵ ਸਿੰਘ ਉਰਫ਼ ਲਾਡੀ ਸ਼ੇਰੂਵਾਲੀ ਖ਼ਿਲਾਫ਼ ਇੱਕ ਸਟਿੰਗ ਆਪ੍ਰੇਸ਼ਨ ਦਾ ਲਿੰਕ ਰਿਲੀਜ਼ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਸਟਿੰਗ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੇ ਮਾਈਨਿੰਗ ਮਾਫ਼ੀਆ ਨਾਲ ਡੂੰਘੇ ਸੰਬੰਧਾਂ ਦਾ ਖ਼ੁਲਾਸਾ ਕਰਦਾ ਹੈ। ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਸਟਿੰਗ ਵਿਚ ਲਾਡੀ ਮਾਈਨਿੰਗ ਮਾਫ਼ੀਆ ਕੋਲੋਂ ਸਾਫ਼ ਤੋਰ ਉੱਤੇ ਮਹੀਨਾਵਾਰ ਗੁੰਡਾ ਟੈਕਸ ਮੰਗਦਾ ਦਿਖਾਈ ਦਿੰਦਾ ਹੈ ਜਿਨ੍ਹਾਂ ਨੇ ਕਿ ਸ਼ਾਹਕੋਟ ਹਲਕੇ ਵਿਚ ਪੈਂਦੀ ਇੱਕ ਖੱਡ ਉੱਪਰ ਗ਼ੈਰਕਾਨੂੰਨੀ ਮਾਈਨਿੰਗ ਕਰਨ ਲਈ ਮਦਦ ਵਾਸਤੇ ਉਸ ਤੱਕ ਪਹੁੰਚ ਕੀਤੀ ਸੀ।
ਖਹਿਰਾ ਨੇ ਕਿਹਾ ਕਿ ਸਟਿੰਗ ਵਿਚ ਲਾਡੀ ਇਹ ਵੀ ਹਵਾਲਾ ਦਿੰਦਾ ਹੈ ਕਿ ਗ਼ੈਰਕਾਨੂੰਨੀ ਮਾਈਨਿੰਗ ਦੇ ਇਸ ਕਾਲੇ ਵਪਾਰ ਵਿਚ ਖਡੂਰ ਸਾਹਿਬ ਦਾ ਐਮ.ਐਲ.ਏ ਰਮਨਜੀਤ ਸਿੰਘ ਸਿੱਕੀ ਉਸ ਦਾ ਭਾਈਵਾਲ ਹੈ। ਖਹਿਰਾ ਨੇ ਕਿਹਾ ਕਿ ਇਹ ਇੱਕ ਖੁੱਲ੍ਹਾ ਭੇਤ ਹੈ ਕਿ ਲਾਡੀ ਸ਼ੇਰੂਵਾਲੀ ਅਤੇ ਐਮ.ਐਲ.ਏ ਸਿੱਕੀ ਗ਼ੈਰਕਾਨੂੰਨੀ ਮਾਈਨਿੰਗ ਲਈ ਜਾਣੇ ਜਾਂਦੇ ਰਾਣਾ ਗੁਰਜੀਤ ਗੈਂਗ ਦਾ ਹਿੱਸਾ ਹਨ। ਖਹਿਰਾ ਨੇ ਕਿਹਾ ਕਿ ਸਟਿੰਗ ਵਿਚਲੀ ਗੱਲਬਾਤ ਤੋਂ ਸਿਰਫ਼ ਇਹ ਹੀ ਸਾਬਤ ਹੁੰਦਾ ਹੈ ਕਿ ਗ਼ੈਰਕਾਨੂੰਨੀ ਰੇਤ ਖ਼ੁਦਾਈ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਅਖੌਤੀ ਸਖ਼ਤ ਹੁਕਮਾਂ ਦੀ ਕੋਈ ਵੀ ਪ੍ਰਵਾਹ ਨਹੀਂ ਕਰਦਾ।
ਖਹਿਰਾ ਨੇ ਕਿਹਾ ਕਿ ਹੁਣ ਜਦ ਕੈਪਟਨ ਅਮਰਿੰਦਰ ਸਿੰਘ ਖ਼ੁਦ ਵੱਲੋਂ ਹਾਲ ਹੀ ਵਿਚ ਟਵੀਟ ਕੀਤੀਆਂ ਨਵਾਂ ਸ਼ਹਿਰ ਦੀਆਂ ਛੇ ਖੱਡਾਂ ਦੇ ਮਾਮਲੇ ਵਿਚ ਤਾਕਤਵਰ ਸਿਆਸਤਦਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਵਿਚ ਅਸਫਲ ਰਹੇ ਹਨ ਤਾਂ ਲਾਡੀ ਅਤੇ ਸਿੱਕੀ ਵਰਗੇ ਲੀਡਰਾਂ ਨੇ ਮੁੜ ਫਿਰ ਗ਼ੈਰਕਾਨੂੰਨੀ ਮਾਈਨਿੰਗ ਸ਼ੁਰੂ ਕਰ ਦਿੱਤੀ ਹੈ। ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਨਵਾਂ ਸ਼ਹਿਰ ਦੀ ਮੰਡਾਲਾ ਖੱਡ ਮਾਮਲੇ ਨਾਲ ਸਬੰਧਿਤ ਆਪਣੇ ਮੰਤਰੀ ਚੰਨੀ ਅਤੇ ਰਾਣਾ ਗੁਰਜੀਤ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੁੰਦੀ ਤਾਂ ਲਾਡੀ ਅਤੇ ਸਿੱਕੀ ਵਰਗੇ ਲੀਡਰਾਂ ਨੇ ਮਾਈਨਿੰਗ ਮਾਫ਼ੀਆ ਤੋਂ ਗੁੰਡਾ ਟੈਕਸ ਉਗਰਾਹੁਣ ਦੀ ਕਦੇ ਵੀ ਜੁਰੱਅਤ ਨਹੀਂ ਕਰਨੀ ਸੀ। ਲਾਡੀ ਸ਼ੇਰੂਵਾਲੀ ਦਾ ਸਟਿੰਗ ਇਹ ਹੀ ਦਰਸਾਉਂਦਾ ਹੈ ਕਿ ਸਿਆਸਤਦਾਨ-ਮਾਈਨਿੰਗ ਮਾਫ਼ੀਆ ਅੱਜ ਵੀ ਪੰਜਾਬ ਵਿਚ ਜਿਉਂ ਦਾ ਤਿਉਂ ਕਾਇਮ ਹੈ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਰਾਹੁਲ ਗਾਂਧੀ ਕੋਲੋਂ ਮੰਗ ਕੀਤੀ ਕਿ ਉਹ ਸ਼ਾਹਕੋਟ ਜ਼ਿਮਨੀ ਚੋਣ ਲਈ ਲਾਡੀ ਸ਼ੇਰੂਵਾਲੀ ਨੂੰ ਕਾਂਗਰਸੀ ਉਮੀਦਵਾਰ ਨਾਮਜ਼ਦ ਨਾ ਕਰਨ ਕਿਉਂਕਿ ਉਸ ਦੀ ਨਾਮਜ਼ਦਗੀ ਪੰਜਾਬ ਵਿਚ ਸਿਆਸਤਦਾਨ-ਮਾਈਨਿੰਗ ਮਾਫ਼ੀਆ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਉਨ੍ਹਾਂ ਦਾ ਜ਼ੀਰੋ ਟੋਲਰੈਂਸ ਦਾ ਵਾਅਦਾ ਇੱਕ ਮਜ਼ਾਕ ਬਣ ਕੇ ਰਹਿ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਕੋਲੋਂ ਇਹ ਵੀ ਮੰਗ ਕੀਤੀ ਕਿ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਰ ਰਹੇ ਮਾਈਨਿੰਗ ਮਾਫ਼ੀਆ ਕੋਲੋਂ ਗੁੰਡਾ ਟੈਕਸ ਇਕੱਠਾ ਕਰ ਰਹੇ ਐਮ.ਐਲ.ਏ ਸਿੱਕੀ ਸਮੇਤ ਸਾਰੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਲਾਡੀ ਸ਼ੇਰੂਵਾਲੀ ਦੇ ਕਾਲੇ ਕਾਰਨਾਮਿਆਂ ਵਾਲੇ ਸਟਿੰਗ ਦੀ ਸਮਾਂਬੱਧ ਜਾਂਚ ਕਰਵਾਉਣ।