• Home
  • ਮਹਾਰਾਜਾ ਰਣਜੀਤ ਸਿੰਘ ਭੰਗੜਾ ਵਰਲਡ ਕੱਪ ਕਰਵਾਉਣ ਦਾ ਫੈਸਲਾ-ਪੰਜਾਬ ਕਲਚਰਲ ਸੋਸਾਇਟੀ ਕਰੇਗੀ ਆਯੋਜਿਤ

ਮਹਾਰਾਜਾ ਰਣਜੀਤ ਸਿੰਘ ਭੰਗੜਾ ਵਰਲਡ ਕੱਪ ਕਰਵਾਉਣ ਦਾ ਫੈਸਲਾ-ਪੰਜਾਬ ਕਲਚਰਲ ਸੋਸਾਇਟੀ ਕਰੇਗੀ ਆਯੋਜਿਤ

ਚੰਡੀਗੜ੍ਹ, 11 ਮਈ :
ਪੰਜਾਬ ਕਲਚਰਲ ਸੋਸਇਟੀ (ਰਜ਼ਿ.) ਵੱਲੋਂ ਪੰਜਾਬੀ ਲੋਕ ਨਾਚ ਭੰਗੜੇ ਦੀ ਪ੍ਰਫੁਲਤਾ ਲਈ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਭੰਗੜਾ ਵਰਲਡ ਕੱਪ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰਵਿੰਦਰ ਸਿੰਘ ਰੰਗੂਵਾਲ ਨੇ ਦੱਸਿਆ ਕਿ ਇਸ ਸਾਲ ਨਵੰਬਰ ਦੇ ਪਹਿਲੇ ਹਫ਼ਤੇ ਲੁਧਿਆਣਾ ਵਿੱਚ ਇਹ ਮੁਕਾਬਲਾ ਕਰਵਾਇਆ ਜਾਵੇਗਾ ਜੋ ਪੰਜਾਬ ਦਿਵਸ ਨੂੰ ਸਮਰਪਿਤ ਹੋਵੇਗਾ। ਅੱਜ ਇੱਥੇ ਪੱਤਰਕਾਰ ਵਾਰਤਾ ਦੌਰਾਨ ਸ਼੍ਰੀ ਰੰਗੂਵਾਲ ਨੇ ਦੱਸਿਆ ਇਸ ਵੇਲੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਹਜ਼ਾਰਾਂ ਨੌਜਵਾਨ ਇਸ ਲੋਕ ਨਾਚ ਨਾਲ ਜੁੜੇ ਹਨ ਅਤੇ ਆਪਣੇ ਕਾਰੋਬਾਰ ਦੇ ਨਾਲ ਨਾਲ ਲਗਾਤਾਰ ਕਿਸੇ ਨਾ ਕਿਸੇ ਰੂਪ ਵਿੱਚ ਭੰਗੜਾ ਪਾ ਰਹੇ ਹਨ, ਇਸ ਮੁਕਾਬਲੇ ਨਾਲ ਜਿੱਥੇ ਸਭ ਨੂੰ ਇੱਕ ਪਲੇਟ ਫਾਰਮ ਤੇ ਆਉਣ ਦਾ ਮੌਕਾ ਮਿਲੇਗਾ ਉਥੇ ਲੋਕ ਉਹਨਾਂ ਦੇ ਇਸ ਹੁਨਰ ਦਾ ਅਨੰਦ ਵੀ ਮਾਣ ਸਕਣਗੇ।
ਵਰਣਨ ਯੋਗ ਹੈ ਕਿ ਪੰਜਾਬ ਕਲਚਰਲ ਸੋਸਾਇਟੀ ਪਿਛਲੇ ਵੀਹ ਸਾਲ ਤੋਂ ਪੰਜਾਬੀ ਬੋਲੀ, ਸੱਭਿਆਚਾਰ ਅਤੇ ਵਿਰਾਸਤੀ ਕਦਰਾਂ ਕੀਮਤਾਂ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਹੈ। ਸੋਸਾਇਟੀ ਵੱਲੋਂ ਦੇਸ਼ ਅਤੇ ਵਿਦੇਸ਼ਾਂ ਵਿੱਚ 'ਪਰਫੈਕਟ ਕੈਂਪ' ਲਗਾਏ ਜਾਂਦੇ ਹਨ ਜਿੰਨ੍ਹਾਂ ਵਿੱਚ ਪੰਜਾਬ ਦੇ ਲੋਕ ਨਾਚ, ਲੋਕ ਗੀਤ, ਲੋਕ ਸਾਜ਼ ਅਤੇ ਵਿਰਾਸਤੀ ਕਲਾਵਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ ਅਤੇ ਸੋਸਾਇਟੀ ਦੇ ਮੈਂਬਰ ਭਾਰਤ ਸਰਕਾਰ ਵੱਲੋਂ ਬਹੁਤ ਸਾਰੇ ਦੇਸ਼ਾਂ ਵਿੱਚ ਪੰਜਾਬੀ ਲੋਕ ਨਾਚਾਂ ਦੀ ਪ੍ਰਦਰਸ਼ਨੀ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਇਹ ਅੰਤਰਰਾਸ਼ਟਰੀ ਭੰਗੜਾ ਮੁਕਾਬਲਾ ਨਿਵੇਕਲਾ ਅਤੇ ਖੂਬਸੂਰਤ ਹੋਵੇਗਾ ਜਿਸ ਲਈ ਭਾਰਤ, ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਭੰਗੜੇ ਦੀਆਂ ਟੀਮਾਂ ਨੂੰ ਸੱਦਾ ਦਿੱਤਾ ਜਾਵੇਗਾ। ਰਵਿੰਦਰ ਰੰਗੂਵਾਲ ਨੇ ਦੱਸਿਆ ਕਿ ਇਸ ਮੁਕਾਬਲੇ ਦੀ ਖੂਬਸੂਰਤ ਦਿੱਖ ਲਈ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਨਾਲ ਜੋੜਿਆ ਜਾਵੇਗਾ। ਇਸ ਵਕਤ ਪੰਜਾਬੀ ਗੀਤ ਕਾਰ ਸਮਸ਼ੇਰ ਸੰਧੂ, ਰੇਡੀਓ ਟੀਵੀ ਕਲਾਕਾਰ ਨਿਰਮਲ ਜੌੜਾ, ਭੰਗੜਾ ਕਲਾਕਾਰ ਗੁਰਚਰਨ ਸਿੰਘ ਸੰਧੂ, ਦਲਜੀਤ ਖੱਖ, ਪਰਮਿੰਦਰ ਸਿੰਘ, ਪ੍ਰੀਤਮ ਰੁਪਾਲ, ਪ੍ਰੀਤ ਇੰਦਰ ਗਰੇਵਾਲ, ਨਿੰਦਰ ਘੁਗਿਆਣਵੀ ਮੈਡਮ ਪੂਨਮ ਸ਼ਰਮਾ, ਕੋਹਲੀ, ਕੰਵਲਜੀਤ ਸਿੰਘ ਹਾਜ਼ਰ ਸਨ।