• Home
  • ਭਾਰਤ ਨੂੰ ਸ੍ਰੀਲੰਕਾ ਤੇ ਮਾਲਦੀਵਜ਼ ਨਾਲ ਪੂਲ ‘ਬੀ’ ਵਿੱਚ ਮਿਲੀ ਥਾਂ

ਭਾਰਤ ਨੂੰ ਸ੍ਰੀਲੰਕਾ ਤੇ ਮਾਲਦੀਵਜ਼ ਨਾਲ ਪੂਲ ‘ਬੀ’ ਵਿੱਚ ਮਿਲੀ ਥਾਂ

ਸੱਤ ਵਾਰ ਦੇ ਚੈਂਪੀਅਨ ਭਾਰਤ ਨੂੰ 2018 ਸੈਫ (ਸਾਊਥ ਏਸ਼ੀਆ ਫੁਟਬਾਲ ਫੈਡਰੇਸ਼ਨ ਕੱਪ) ਫੁਟਬਾਲ ਟੂਰਨਾਮੈਂਟ ਦੇ ਗਰੁੱਪ ‘ਬੀ’ ਵਿੱਚ ਮਾਲਦੀਵਜ਼ ਅਤੇ ਸ੍ਰੀਲੰਕਾ ਨਾਲ ਥਾਂ ਮਿਲੀ ਹੈ। ਗਰੁਪ ‘ਏ’ ਵਿੱਚ ਟੂਰਨਾਮੈਂਟ ਦੇ ਮੇਜ਼ਬਾਨ ਬੰਗਲਾਦੇਸ਼ ਤੋਂ ਇਲਾਵਾ ਨੇਪਾਲ, ਪਾਕਿਸਤਾਨ ਅਤੇ ਭੂਟਾਨ ਨੂੰ ਰੱਖਿਆ ਗਿਆ ਹੈ। ਦੱਖਣੀ ਏਸ਼ੀਆ ਖੇਤਰ ਦਾ ਚੋਟੀ ਦਾ ਇਹ ਫੁਟਬਾਲ ਟੂਰਨਾਮੈਂਟ ਸੈਫ ਸੁਜ਼ੂਕੀ ਕੱਪ ਬੰਗਲਾਦੇਸ਼ ਵਿੱਚ ਚਾਰ ਤੋਂ 15 ਸਤੰਬਰ ਤਕ ਚੱਲੇਗਾ। ਬੰਗਲਾਦੇਸ਼ ਵਿੱਚ ਤੀਜੀ ਵਾਰ ਇਹ ਟੂਰਨਾਮੈਂਟ ਹੋ ਰਿਹਾ ਹੈ। ਭਾਰਤ ਸੈਫ ਕੱਪ ਦੇ ਫਾਈਨਲ ਵਿੱਚ ਤਿੰਨ ਵਾਰ ਮਾਲਦੀਵਜ਼ ਨਾਲ ਭਿੜਿਆ ਹੈ ਅਤੇ 1997 ਅਤੇ 2009 ਦੌਰਾਨ ਜਿੱਤਾਂ ਦਰਜ ਕੀਤੀਆਂ ਹਨ। ਮਾਲਦੀਵਜ਼ ਨੇ ਪਹਿਲਾ ਅਤੇ ਇੱਕੋ-ਇੱਕ ਇਹ ਟੂਰਨਾਮੈਂਟ ਭਾਰਤ ਨੂੰ ਹਰਾ ਕੇ 2008 ਵਿੱਚ ਜਿੱਤਿਆ ਸੀ। ਭਾਰਤ ਟੂਰਨਾਮੈਂਟ ਦਾ ਮੌਜੂਦਾ ਚੈਂਪੀਅਨ ਹੈ ਅਤੇ ਉਸ ਨੇ 2015 ਦੌਰਾਨ ਅਫ਼ਗਾਨਿਸਤਾਨ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਅਫ਼ਗਾਨਸਿਤਾਨ ਦੀ ਟੀਮ ਇਸ ਵਾਰ ਟੂਰਨਾਮੈਂਟ ਦਾ ਹਿੱਸਾ ਨਹੀਂ ਹੈ ਕਿਉਂਕਿ ਉਹ ਮੱਧ ਏਸ਼ੀਆ ਫੁਟਬਾਲ ਸੰਘ ਨਾਲ ਜੁੜ ਗਈ ਹੈ। ਢਾਕਾ ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਦੋਵੇਂ ਗਰੁੱਪਾਂ ਤੋਂ ਚੋਟੀ ਦੀਆਂ ਦੋ ਟੀਮਾਂ ਸੈਮੀ ਫਾਈਨਲ ਵਿੱਚ ਥਾਂ ਬਣਾਉਣਗੀਆਂ। ਬੰਗਲਾਦੇਸ਼ ਨੂੰ ਉਮੀਦ ਹੈ ਕਿ ਉਹ ਆਪਣੀ ਮੇਜ਼ਬਾਨੀ ਵਿੱਚ ਦੂਜੀ ਵਾਰ ਖ਼ਿਤਾਬ ਜਿੱਤਣ ਵਿੱਚ ਸਫਲ ਰਹੇਗਾ। ਟੀਮ ਨੇ 2003 ਵਿੱਚ ਆਪਣੀ ਹੀ ਮੇਜ਼ਬਾਨੀ ਵਿੱਚ ਫਾਈਨਲ ਵਿੱਚ ਮਾਲਦੀਵਜ਼ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਭਾਰਤ ਤਿੰਨ ਵਾਰ ਇਸ ਟੂਰਨਾਮੈਂਟ ਵਿੱਚ ਉਪ ਜੇਤੂ ਵੀ ਰਿਹਾ, ਜਦਕਿ ਅਫ਼ਗਾਨਿਸਤਾਨ, ਮਾਲਦੀਵਜ਼, ਬੰਗਲਾਦੇਸ਼ ਅਤੇ ਸ੍ਰੀਲੰਕਾ ਨੇ ਇੱਕ-ਇੱਕ ਵਾਰ ਖ਼ਿਤਾਬ ਜਿੱਤਿਆ ਹੈ