• Home
  • ਫਗਵਾੜਾ ਗੋਲੀ ਕਾਂਡ-ਬੌਬੀ ਹਾਰਿਆ ਮੌਤ ਦੀ ਜੰਗ, ਪੁਲਿਸ ਸੁਰੱਖਿਆ ਹੇਠ ਕੀਤਾ ਸੰਸਕਾਰ ,ਸ਼ਹਿਰ ਦੇ ਚਪੇ-ਚਪੇ ਉਤੇ ਪੁਲਿਸ ਤੈਨਾਤ

ਫਗਵਾੜਾ ਗੋਲੀ ਕਾਂਡ-ਬੌਬੀ ਹਾਰਿਆ ਮੌਤ ਦੀ ਜੰਗ, ਪੁਲਿਸ ਸੁਰੱਖਿਆ ਹੇਠ ਕੀਤਾ ਸੰਸਕਾਰ ,ਸ਼ਹਿਰ ਦੇ ਚਪੇ-ਚਪੇ ਉਤੇ ਪੁਲਿਸ ਤੈਨਾਤ

ਫਗਵਾੜਾ,29ਅਪ੍ਰੈਲ -(ਪਰਮਿੰਦਰ ਸਿੰਘ ਜੱਟਪੁਰੀ)

ਬੀਤੀ 13 ਅਪ੍ਰੈਲ ਨੂੰ ਫਗਵਾੜਾ ਵਿੱਚ ਇਕ ਪੁਰਾਣੇ ਚੌਂਕ ਦਾ ਨਾਮ ਬਦਲਣ ਦੇ ਮਾਮਲੇ ਨੂੰ ਲੈ ਕੇ ਹੋਈ ਭਿਆਨਕ ਹਿੰਸਾ ਦੌਰਾਨ ਗੋਲੀਆਂ ਚਲਣ ਨਾਲ ਕਾਫੀ ਲੋਕ ਜਖਮੀ ਹੋਏ ਅਤੇ ਇਸੇ ਹਿੰਸਾ ਵਿਚ ਜਸਵੰਤ ਉਰਫ ਬੌਬੀ ਨਾਮ ਦਾ ਨੌਜਵਾਨ ਦੇ ਸਿਰ ਵਿਚ ਗੌਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ। ਜੋ ਲੁਧਿਆਣਾ ਦੇ ਡੀ.ਐੱਮ.ਸੀ ਹਸਪਤਾਲ ਵਿੱਚ ਜੇਰੇ ਇਲਾਜ ਸੀ, ਅੱਜ ਐਤਵਾਰ ਨੂੰ ਬੌਬੀ ਜ਼ਖਮਾਂ ਦੀ ਤਾਬ ਨਾ ਝਲਦਿਆਂ ਹੋਇਆ ਮੌਤ ਦੀ ਜੰਗ ਹਾਰ ਗਿਆ।

ਇਸ ਦੌਰਾਨ ਜਦੋਂ ਬੋਬੀ ਦੀ ਮੌਤ ਦੀ ਪੁਸ਼ਟੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕੀਤੀ ਤਾਂ ਪ੍ਰਸਾਸ਼ਨ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸ਼ਹਿਰ ਦੇ ਚਪੇ-ਚਪੇ ਉਤੇ ਪੁਲਿਸ ਤੈਨਾਤ ਕਰ ਦਿੱਤੀ ਅਤੇ ਪੰਜਾਬ ਸਰਕਾਰ ਵਲੋਂ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਲੁਧਿਆਣਾ ਵਿਚ ਇਕ ਦਿਨ ਲਈ ਅੱਜ ਤੋਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਤਾਂ ਕਿ ਕਿਸੇ ਵੀ ਹਾਲਾਤਾਂ ਵਿਚ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ।

ਬੌਬੀ ਦੀ ਮ੍ਰਿਤਕ ਦੇਹ ਜਦੋਂ ਉਸ ਦੇ ਘਰ ਪਹੁੰਚੀ ਤਾਂ ਪਰਿਵਾਰ ਵਾਲਿਆਂ ਨੇ ਆਖਰੀ ਰਸਮਾਂ ਪੂਰੀਆਂ ਕਰਦੇ ਹੋਏ ਅੱਜ ਹੀ ਬੌਬੀ ਦਾ ਪੁਲਿਸ ਪ੍ਰਸ਼ਾਸਨ ਦੀ ਸਖਤ ਸਿਕਿਉਰਿਟੀ ਵਿਚ ਉਸਦਾ ਸੰਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 13 ਅਪ੍ਰੈਲ ਦੀ ਰਾਤ ਫਗਵਾੜਾ ਦੇ ਗੌਲ ਚੌਕ ਵਿੱਚ ਡਾ. ਬੀ.ਆਰ ਅੰਬੇਡਕਰ ਦਾ ਬੋਰਡ ਲਾ ਰਹੇ ਦਲਿਤਾਂ ਨਾਲ ਸ਼ਿਵ ਸੈਨਿਕਾਂ ਦਾ ਝਗੜਾ ਹੋ ਗਿਆ ਸੀ। ਇਸ ਦੌਰਾਨ ਗੋਲੀਆਂ ਲੱਗਣ ਨਾਲ ਦੋ ਮੁੰਡੇ ਜ਼ਖਮੀ ਹੋ ਗਏ ਸਨ। 19 ਸਾਲ ਦੇ ਬੌਬੀ ਦੇ ਸਿਰ ਵਿੱਚ ਗੋਲੀ ਲੱਗੀ ਸੀ। ਮੁੱਖ ਮੰਤਰੀ ਨੇ ਪਰਿਵਾਰ ਦੀ ਮਦਦ ਦਾ ਐਲਾਨ ਕੀਤਾ ਹੈ।