• Home
  • ਬੈਂਕ ਖੁਦ ਚੈੱਕ ਕਰੇ ਕਿਸਾਨਾਂ ਦੀਆਂ ਆਨ-ਲਾਇਨ ਫ਼ਰਦਾਂ, ਕੁਲਤਾਰ ਨੇ ਕੈਪਟਨ ਨੂੰ ਲਿਖਿਆ ਪੱਤਰ

ਬੈਂਕ ਖੁਦ ਚੈੱਕ ਕਰੇ ਕਿਸਾਨਾਂ ਦੀਆਂ ਆਨ-ਲਾਇਨ ਫ਼ਰਦਾਂ, ਕੁਲਤਾਰ ਨੇ ਕੈਪਟਨ ਨੂੰ ਲਿਖਿਆ ਪੱਤਰ

ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸ਼ੁੱਕਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਗੁਜ਼ਾਰਿਸ਼ ਕਰਦਿਆਂ ਕਿਹਾ ਕਿ ਉਹ ਸੂਬੇ ਵਿਚਲੇ ਬੈਂਕਾਂ ਨੂੰ ਨਿਰਦੇਸ਼ ਕਰਨ ਕਿ ਜਦੋਂ ਕਿਸਾਨ ਬੈਂਕ ਦੀ ਲਿਮਿਟ ਬਣਾਉਣਾ ਆਉਂਦੇ ਹਨ ਤਾਂ ਉਨ੍ਹਾਂ ਨੂੰ ਫ਼ਰਦਾਂ ਲਿਆਉਣ ਲਈ ਕਹਿਣ ਦੀ ਥਾਂ ਬੈਂਕ ਆਨ-ਲਾਇਨ ਸਰਕਾਰੀ ਰਿਕਾਰਡ ਚੈੱਕ ਕਰਨ। ਉਨ੍ਹਾਂ ਕਿਹਾ ਕਿ ਸੂਬੇ ਦੇ ਫ਼ਰਦ ਕੇਂਦਰਾਂ ਵਿਚ ਅਜੇ ਇੱਕ ਅਜੇ ਇੱਕ ਹੀ ਕੰਪਿਊਟਰ ਅਤੇ ਘੱਟ ਸਟਾਫ਼ ਹੈ ਜਿਸ ਕਾਰਨ ਕਿਸਾਨਾਂ ਦੀਆਂ ਫ਼ਰਦਾਂ ਸਮੇਂ ਸਿਰ ਨਿਕਲ ਨਹੀਂ ਪਾਉਂਦੀਆਂ ਅਤੇ ਉਨ੍ਹਾਂ ਨੂੰ ਖੱਜਲ-ਖ਼ੁਆਰ ਹੋਣਾ ਪੈਂਦਾ ਹੈ। ਸੰਧਵਾਂ ਨੇ ਕਿਹਾ ਕਿ ਜਦੋਂ ਸਰਕਾਰੀ ਰਿਕਾਰਡ ਆਨ-ਲਾਇਨ ਉਪਲਬਧ ਹੈ ਤਾਂ ਬੈਂਕਾਂ ਨੂੰ ਕਿਸਾਨਾਂ ਨੂੰ ਪਰੇਸ਼ਾਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨ ਪਹਿਲਾਂ ਹੀ ਕਰਜ਼ੇ ਅਤੇ ਫ਼ਸਲ ਦੀਆਂ ਕੀਮਤਾਂ ਨਾ ਮਿਲਣ ਕਾਰਨ ਨਿਰਾਸ਼ਾ ਦੇ ਆਲਮ ਵਿਚ ਹਨ ਅਤੇ ਅਜਿਹੀ ਹਾਲਤ ਵਿਚ ਬੈਂਕਾਂ ਦੁਆਰਾ ਅਜਿਹੇ ਫ਼ਰਮਾਨ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾਉਂਦੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਨਿੱਜੀ ਤੌਰ ਉੱਤੇ ਇਸ ਮਸਲੇ ਵਿਚ ਦਖ਼ਲ ਦਿੰਦਿਆਂ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ।