• Home
  • ਬਿਕਰਮ ਸਿੰਘ ਮਜੀਠੀਆ ਨਾਲ ਮੇਰਾ ਕੋਈ ਰਿਸ਼ਤਾ ਨਹੀਂ: ਕੈਪਟਨ 

ਬਿਕਰਮ ਸਿੰਘ ਮਜੀਠੀਆ ਨਾਲ ਮੇਰਾ ਕੋਈ ਰਿਸ਼ਤਾ ਨਹੀਂ: ਕੈਪਟਨ 

ਚੰਡੀਗੜ੍ਹ ,7 ਮਈ(ਪਰਮਿੰਦਰ ਸਿੰਘ ਜੱਟਪੁਰੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਕਿਸੇ ਵੀ ਤਰ੍ਹਾਂ ਦੇ ਰਿਸ਼ਤੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਗਰ ਨਸ਼ਾ ਮਾਮਲੇ ਵਿੱਚ ਮਜੀਠੀਆ ਦਾ ਹੱਥ ਹੋਇਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਨਸ਼ਾ ਤਸਕਰਾਂ ਨਾਲ ਸਾਂਝ ਭਿਆਲੀ ਬਾਰੇ ਮਾਮਲਾ ਹਾਈਕੋਰਟ ਦੇ ਵਿਚਾਰ ਅਧੀਨ ਹੈ ਅਤੇ ਇਸ ਮਾਮਲੇ ਚ ਜਾਂਚ ਵੀ ਚੱਲ ਰਹੀ ਹੈ। ਜਦੋਂ ਵੀ ਠੋਸ ਸਬੂਤ ਪੰਜਾਬ ਪੁਲਸ ਦੇ ਹੱਥ ਲੱਗੇ ਤਾਂ ਮਜੀਠੀਆ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਲਿਹਾਜ਼ ਨਹੀਂ ਵਰਤੀ ਜਾਵੇਗੀ ।ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੂੰ ਅੰਦਰ ਕਰਨ ਲਈ ਕਾਂਗਰਸ ਦੇ ਆਗੂਆਂ ਨੇ ਸਾਲ ਪਹਿਲਾਂ ਦਾਅਵੇ ਠੋਕੇ ਸਨ ਪਰ ਹੁਣ ਉਨ੍ਹਾਂ ਦਾਅਵਿਆਂ ਦੀ ਫੂਕ ਨਿਕਲ ਗਈ ਹੈ । ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸੀ ਆਗੂ ਹਿੱਕ ਠੋਕ ਕੇ ਕਹਿੰਦੇ ਸਨ ਕਿ ਨਸ਼ਾ ਤਸਕਰਾਂ ਦੇ ਸਰਗਣੇ ਨੂੰ ਜੇਲ੍ਹ "ਚ ਡੱਕ ਦੇਵਾਂਗੇ । ਸਰਕਾਰ ਬਣੀ ਨੂੰ ਇੱਕ ਸਾਲ ਤੋਂ ਉੱਪਰ ਹੋ ਗਿਆ ਹੈ, ਇਸ ਮਾਮਲੇ ਵਿੱਚ ਢਿੱਲ ਹੀ ਵੇਖਣ ਨੂੰ ਮਿਲ ਰਹੀ ਹੈ। ਜਿਸ ਕਾਰਨ ਪੰਜਾਬ ਸਰਕਾਰ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਲੰਮੇ ਸਮੇਂ ਤੋਂ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲਿਆ ਹੋਇਆ ਹੈ ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਨਸ਼ਾ ਵੇਚਣ ਵਾਲੇ ਜੇਲ੍ਹਾਂ 'ਚ ਬੰਦ ਕਰ ਦਿੱਤੇ ਗਏ ਹਨ ਪਰ ਵੱਡੇ ਤਸਕਰ ਵਿਦੇਸ਼ਾਂ ਨੂੰ ਦੌੜ ਗਏ ਹਨ ਜਿਨ੍ਹਾਂ ਨੂੰ ਵਿਦੇਸ਼ਾਂ ਤੋਂ ਫੜ ਕੇ ਇੱਥੇ ਲਿਆਂਦਾ ਜਾਵੇਗਾ ।ਕੈਪਟਨ ਅਮਰਿੰਦਰ ਸਿੰਘ ਨੇ ਫਿਰ ਦਾਅਵਾ ਕੀਤਾ ਕਿ ਪੰਜਾਬ ਵਿੱਚ ਨਸ਼ੇ ਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਜਾਵੇਗਾ ।