• Home
  • ਬਿਆਸ ਦਰਿਆ ਜ਼ਹਿਰੀਲਾ ਕਰਨ ਵਾਲੇ ਫ਼ੈਕਟਰੀ ਮਾਲਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਸਰਕਾਰ-ਡਾ. ਬਲਬੀਰ ਸਿੰਘ

ਬਿਆਸ ਦਰਿਆ ਜ਼ਹਿਰੀਲਾ ਕਰਨ ਵਾਲੇ ਫ਼ੈਕਟਰੀ ਮਾਲਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਸਰਕਾਰ-ਡਾ. ਬਲਬੀਰ ਸਿੰਘ

ਚੰਡੀਗੜ੍ਹ- (ਖਬਰ ਵਾਲੇ ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਚੱਢਾ ਪਰਿਵਾਰ ਦੀ ਕੀੜੀ ਅਫਗਾਨਾ ਸਥਿਤ ਖੰਡ ਅਤੇ ਸ਼ਰਾਬ ਫ਼ੈਕਟਰੀ ਵੱਲੋਂ ਜ਼ਹਿਰੀਲਾ ਸੀਰਾ (ਸ਼ਰਾਬ ਤਿਆਰ ਕਰਨ ਵਾਲਾ ਲਾਵਾ) ਬਿਆਸ ਦਰਿਆ ਵਿੱਚ ਸੁੱਟੇ ਜਾਣ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਫ਼ੈਕਟਰੀ ਮਾਲਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਗੰਧਲਾ ਅਤੇ ਜ਼ਹਿਰੀਲਾ ਕਰ ਰਹੇ ਸਾਰੇ ਫ਼ੈਕਟਰੀ ਮਾਲਕਾਂ ਨੂੰ ਕੰਨ ਹੋ ਜਾਣ।
'ਆਪ' ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਦੋਸ਼ੀ ਫ਼ੈਕਟਰੀ ਮਾਲਕਾਂ ਉੱਤੇ ਸਖ਼ਤ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਦੀ ਅਗਨੀ ਪ੍ਰੀਖਿਆ ਵਾਂਗ ਹੈ, ਹੁਣ ਦੇਖਣਾ ਇਹ ਹੈ ਕਿ ਮੁੱਖ ਮੰਤਰੀ ਚਹੇਤਿਆਂ ਅਤੇ ਸ਼ਰਾਬ ਮਾਫ਼ੀਆ ਨਾਲ ਖੜਦੇ ਹਨ ਜਾਂ ਫਿਰ ਨਿਰਪੱਖ ਹੋ ਕੇ ਪੰਜਾਬ ਦੇ ਲੋਕਾਂ ਪ੍ਰਤੀ ਆਪਣਾ ਫ਼ਰਜ਼ ਨਿਭਾਉਂਦੇ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ 'ਦਾ ਵਾਟਰ (ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਪਲਿਉਸ਼ਨ) ਐਕਟ 1974 ਤਹਿਤ ਪਾਣੀ ਦੇ ਕੁਦਰਤੀ ਸਰੋਤਾਂ 'ਚ ਥੁੱਕਣਾ ਵੀ ਅਪਰਾਧ ਹੈ, ਜਦਕਿ ਚੱਢਾ ਪਰਿਵਾਰ ਦੀ ਸ਼ਰਾਬ ਫ਼ੈਕਟਰੀ ਨੇ ਜ਼ਹਿਰ ਹੀ ਬਿਆਸ ਦਰਿਆ 'ਚ ਸੁੱਟਣ ਦਾ ਅਪਰਾਧ ਕੀਤਾ ਹੈ। ਇੰਨਾ ਹੀ ਨਹੀਂ ਮੀਡੀਆ ਰਿਪੋਰਟਾਂ ਮੁਤਾਬਿਕ ਇਸ ਫ਼ੈਕਟਰੀ ਵੱਲੋਂ ਨਾ ਕੇਵਲ ਜ਼ਹਿਰੀਲੇ ਤੱਤਾਂ ਵਾਲੀ ਰਹਿੰਦ-ਖਹੁੰਦ ਜ਼ਮੀਨਦੋਜ਼ ਕਰ ਕੇ ਧਰਤੀ ਹੇਠਲੇ ਪਾਣੀ ਦੇ ਸਰੋਤ ਜ਼ਹਿਰੀਲੇ ਕੀਤੇ ਜਾ ਰਹੇ ਸਨ, ਸਗੋਂ ਚੋਰੀ-ਛਿਪੇ ਲਗਾਤਾਰ ਜ਼ਹਿਰੀਲੀ ਨਿਕਾਸੀ ਦਰਿਆ 'ਚ ਕੀਤੀ ਜਾਂਦੀ ਸੀ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਫ਼ੈਕਟਰੀ ਮਾਲਕਾਂ ਨੂੰ ਅਜਿਹੇ ਬੱਜਰ ਗੁਨਾਹ ਦੀ ਮਿਸਾਲੀਆ ਸਜਾ ਮਿਲੇ ਅਤੇ ਕੀੜੀ ਅਫਗਾਨਾ ਖੰਡ ਤੇ ਸ਼ਰਾਬ ਫ਼ੈਕਟਰੀ ਸਮੇਤ ਸੂਬੇ ਦੇ ਸਾਰੇ ਦਰਿਆਵਾਂ ਤੇ ਨਦੀਆਂ ਕੰਢੇ ਸਥਿਤ ਜ਼ਹਿਰੀਲੀ ਨਿਕਾਸੀ ਕਰਨ ਵਾਲੀਆਂ ਫ਼ੈਕਟਰੀਆਂ ਨੂੰ ਪਾਣੀ ਦੇ ਕੁਦਰਤੀ ਸਰੋਤਾਂ ਤੋਂ ਦੂਰ ਕੀਤਾ ਜਾਵੇ ਅਤੇ ਹਰੇਕ ਮਿੱਲ ਦੀ ਨਿਕਾਸੀ ਉੱਤੇ ਸੀਸੀਟੀਵੀ ਕੈਮਰਿਆਂ ਦੀ ਪੱਕੀ ਨਿਗਰਾਨੀ ਹੋਵੇ।
ਡਾ. ਬਲਬੀਰ ਸਿੰਘ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਸਥਾਨਕ ਲੋਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਕਈ ਸਾਲ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਫ਼ੈਕਟਰੀ ਦੀ ਨਿਕਾਸੀ ਉੱਤੇ ਸੀਸੀਟੀਵੀ ਕੈਮਰੇ ਲਗਵਾ ਦਿੱਤੇ ਗਏ ਸਨ, ਪਰੰਤੂ ਕੈਮਰੇ ਚੱਲਣ ਤੋਂ ਪਹਿਲਾਂ ਹੀ ਮਾਲਕਾਂ ਨੇ ਸਿਆਸੀ ਦਬਾਅ ਪਾ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੰਬੰਧਿਤ ਚੇਅਰਮੈਨ ਨੂੰ ਬਦਲਵਾ ਦਿੱਤਾ ਸੀ। ਇਸੇ ਤਰ੍ਹਾਂ ਹਮੀਰਾ (ਕਪੂਰਥਲਾ) ਸਥਿਤ ਸ਼ਰਾਬ ਫ਼ੈਕਟਰੀ ਦੀ ਸੀਰਾ ਜ਼ਹਿਰੀਲਾ ਸੀਰਾ ਕਾਲੀ ਵੇਈ 'ਚ ਸੁੱਟ ਦਿੱਤਾ ਗਿਆ ਸੀ ਪਰੰਤੂ ਸ਼ਰਾਬ ਮਾਫ਼ੀਆ ਦੇ ਦਬਾਅ ਥੱਲੇ ਹੁੰਦੀ ਕਾਰਵਾਈ ਕੇਵਲ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਰਗੀ ਹੁੰਦੀ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਸ਼ਰਾਬ ਮਾਫ਼ੀਆ ਦੇ ਦਬਾਅ ਥੱਲੇ ਆ ਕੇ ਕੀੜੀ ਅਫਗਾਨਾ ਸ਼ਰਾਬ ਫ਼ੈਕਟਰੀ ਨੂੰ ਪੱਕੇ ਤੌਰ 'ਤੇ ਬੰਦ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਸਥਾਨਕ ਪੀੜਿਤ ਲੋਕਾਂ ਨੂੰ ਨਾਲ ਲੈ ਕੇ ਸ਼ਰਾਬ ਮਾਫ਼ੀਆ ਤੇ ਕੈਪਟਨ ਸਰਕਾਰ ਵਿਰੁੱਧ ਲੋਕ ਲਹਿਰ ਖੜੀ ਕਰੇਗੀ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ਼ਰਾਬ ਮਾਫ਼ੀਆ ਨੇ ਬਿਆਸ ਦਰਿਆ ਜ਼ਹਿਰੀਲਾ ਕਰਕੇ ਲੱਖਾਂ ਦੀ ਤਾਦਾਦ 'ਚ ਮੱਛੀਆਂ ਅਤੇ ਜਲ ਜੀਵ ਮਾਰੇ ਹਨ, ਦਰਜਨਾਂ ਗਊਆਂ ਅਤੇ ਮੱਝਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਹਨ। ਇਸ ਲਈ ਮੱਛੀ ਠੇਕੇਦਾਰਾਂ ਅਤੇ ਪੀੜਿਤ ਗੁੱਜਰਾਂ ਅਤੇ ਹੋਰ ਪਸ਼ੂ ਮਾਲਕਾਂ ਨੂੰ ਮੁਆਵਜ਼ੇ ਦੀ ਭਰਪਾਈ ਫ਼ੈਕਟਰੀ ਮਾਲਕਾਂ ਤੋਂ ਤੁਰੰਤ ਕਰਵਾਇਆ ਜਾਵੇ।