• Home
  • ਬਿਆਸ ਦਰਿਆ ਵਿੱਚ ਸੀਰਾ ਸੁੱਟਣ ਵਾਲੀ ਮਿੱਲ ਦੀ ਸਕਿਉਰਿਟੀ ਰਕਮ ਜ਼ਬਤ ਕਰਨ ਦੇ ਆਦੇਸ਼

ਬਿਆਸ ਦਰਿਆ ਵਿੱਚ ਸੀਰਾ ਸੁੱਟਣ ਵਾਲੀ ਮਿੱਲ ਦੀ ਸਕਿਉਰਿਟੀ ਰਕਮ ਜ਼ਬਤ ਕਰਨ ਦੇ ਆਦੇਸ਼

ਚੰਡੀਗੜ- (ਖਬਰ ਵਾਲੇ ਬਿਊਰੋ) ਪੰਜਾਬ ਦੇ ਵਾਤਾਵਰਨ, ਸਿੱਖਿਆ ਤੇ ਸੁਤੰਤਰਤਾ ਸੰਗਰਾਮੀ ਭਲਾਈ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਕਸਬਾ ਬਿਆਸ ਨੇੜੇ ਬਿਆਸ ਦਰਿਆ ਵਿੱਚ ਸੀਰਾ ਸੁੱਟਣ ਵਾਲੀ ਕੀੜੀ ਅਫਗਾਨਾ ਦੀ ਚੱਢਾ ਸ਼ੂਗਰ ਮਿੱਲ ਸੀਲ ਕਰਨ ਅਤੇ ਮਿੱਲ ਦੀ 25 ਲੱਖ ਰੁਪਏ ਦੀ ਸਕਿਉਰਿਟੀ ਰਾਸ਼ੀ ਜ਼ਬਤ ਕਰਨ ਦਾ ਆਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਸਬੇ ਨੇੜੇ ਦਰਿਆ ਵਿੱਚ ਮੱਛੀਆਂ ਤੇ ਹੋਰ ਜੀਵ ਜੰਤੂ ਵੱਡੀ ਪੱਧਰ ਉਤੇ ਮਰੇ ਹੋਏ ਪਾਏ ਗਏ ਸਨ। ਕੈਬਨਿਟ ਮੰਤਰੀ ਸ੍ਰੀ ਸੋਨੀ ਨੇ ਜਾਂਚ ਕਮੇਟੀ ਕਾਇਮ ਕਰ ਕੇ ਤਿੰਨ ਦਿਨਾਂ ਵਿੱਚ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ ਅਤੇ ਜਾਂਚ ਰਿਪੋਰਟ ਵਿੱਚ ਜੇ ਮਿੱਲ ਪ੍ਰਬੰਧਕ ਕਸੂਰਵਾਰ ਪਾਏ ਗਏ ਤਾਂ ਉਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਸੋਨੀ ਨੇ ਇੱਥੇ ਪੰਜਾਬ ਭਵਨ ਵਿੱਚ ਵਾਤਾਵਰਨ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸਪੱਸ਼ਟ ਹਦਾਇਤ ਕੀਤੀ ਕਿ ਜੇ ਕਿਸੇ ਨਗਰ ਨਿਗਮ ਤੇ ਨਗਰ ਕੌਂਸਲ ਅਧੀਨ ਪੈਂਦੀਆਂ ਸਨਅਤਾਂ ਬਿਨਾਂ ਸਾਫ਼ ਕੀਤਾ ਪਾਣੀ ਨਾਲਿਆਂ ਜਾਂ ਦਰਿਆਵਾਂ ਵਿੱਚ ਸੁੱਟਦੀਆਂ ਪਾਈਆਂ ਗਈਆਂ ਤਾਂ ਉਨਾਂ ਨਿਗਮਾਂ ਤੇ ਕੌਂਸਲਾਂ ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤੀ ਹੋਵੇਗੀ। ਉਨਾਂ ਕਿਹਾ ਕਿ ਸਾਡੀ ਸਰਕਾਰ ਦਾ ਮਕਸਦ ਸੂਬੇ ਦਾ ਸਨਅਤੀਕਰਨ ਹੈ ਪਰ ਨਾਲ ਹੀ ਵਾਤਾਵਰਨ ਨੂੰ ਵੀ ਬਚਾਇਆ ਜਾਵੇਗਾ। ਸਰਕਾਰ ਸਨਅਤਾਂ ਖ਼ਿਲਾਫ਼ ਨਹੀਂ ਹੈ, ਸਗੋਂ ਸਰਕਾਰ ਸਸਤੀ ਬਿਜਲੀ ਤੇ ਹੋਰ ਸਬਸਿਡੀਆਂ ਦੇ ਕੇ ਸਨਅਤਾਂ ਨੂੰ ਪ੍ਰਫੁੱਲਿਤ ਕਰ ਰਹੀ ਹੈ। ਉਨਾਂ ਕਿਹਾ ਕਿ ਸਨਅਤਾਂ ਵਿੱਚ ਟਰੀਟਮੈਂਟ ਪਲਾਂਟ ਲਾਉਣੇ ਯਕੀਨੀ ਬਣਾਏ ਜਾਣ। ਉਨਾਂ ਜ਼ਿੰਮੇਵਾਰੀ ਤੈਅ ਕੀਤੀ ਕਿ ਜਿਸ ਐਕਸੀਅਨ ਅਧੀਨ ਪੈਂਦੇ ਇਲਾਕੇ ਵਿੱਚ ਕੋਈ ਸਨਅਤ ਨਿਯਮਾਂ ਦੀ ਉਲੰਘਣਾ ਕਰਦੀ ਪਾਈ ਗਈ ਤਾਂ ਇਸ ਲਈ ਸਬੰਧਤ ਐਕਸੀਅਨ ਜ਼ਿੰਮੇਵਾਰ ਹੋਵੇਗਾ। ਵਾਤਾਵਰਨ ਮੰਤਰੀ ਨੇ ਪਰਾਲੀ ਤੇ ਕਣਕ ਦਾ ਨਾੜ ਫੂਕਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੀ ਸਖ਼ਤੀ ਵਰਤਣ ਵਾਸਤੇ ਆਖਿਆ। ਉਨਾਂ ਕਿਹਾ ਕਿ ਕਿਸਾਨਾਂ ਨੂੰ ਸਮਝਾ ਕੇ ਪਰਾਲੀ ਤੇ ਨਾੜ ਨਾ ਫੂਕਣ ਲਈ ਪ੍ਰੇਰਿਆ ਜਾਵੇ। ਇਸ ਤੋਂ ਇਲਾਵਾ ਪਰਾਲੀ ਤੇ ਨਾੜ ਦੇ ਖੇਤ ਵਿੱਚ ਹੀ ਨਿਬੇੜੇ ਲਈ ਕਿਸਾਨਾਂ ਨੂੰ ਲੋੜੀਂਦੇ ਉਪਕਰਨ ਦਿੱਤੇ ਜਾਣ। ਉਨਾਂ ਇਸ ਗੱਲ 'ਤੇ ਖ਼ੁਸ਼ੀ ਵੀ ਪ੍ਰਗਟਾਈ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਬੀਤੇ ਵਰੇ ਨਾਲੋਂ ਇਸ ਸਾਲ ਨਾੜ ਸਾੜਨ ਦੇ ਮਾਮਲਿਆਂ ਵਿੱਚ 20 ਤੋਂ 25 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਮੀਟਿੰਗ ਵਿੱਚ ਵਿਭਾਗ ਦੇ ਵਾਤਾਵਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਡਾ. ਰੌਸ਼ਨ ਸੁੰਕਾਰੀਆ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂ ਨੇ ਵਿਭਾਗ ਦੀਆਂ ਪ੍ਰਾਪਤੀਆਂ ਤੇ ਨੇੜ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਪੇਸ਼ਕਾਰੀ ਵੀ ਦਿੱਤੀ।