• Home
  • ਬਿਆਸ ਦਰਿਆ ਮਾਮਲਾ- ਐਨ.ਜੀ.ਟੀ ਚੇਅਰਪਰਸਨ ਨੇ ਕੀਤੀ ਕਾਰਵਾਈ

ਬਿਆਸ ਦਰਿਆ ਮਾਮਲਾ- ਐਨ.ਜੀ.ਟੀ ਚੇਅਰਪਰਸਨ ਨੇ ਕੀਤੀ ਕਾਰਵਾਈ

ਨਵੀਂ ਦਿੱਲੀ- (ਖਬਰ ਵਾਲੇ ਬਿਊਰੋ)ਅੱਜ ਦਿੱਲੀ ਵਿਖੇ ਐਨ.ਜੀ.ਟੀ ਕੋਲ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਨੇਤਾ ਵਲੋਂ ਦਾਇਰ ਕੀਤੀ ਗਈ ਸ਼ਿਕਾਇਤ/ਪਟੀਸ਼ਨ ਉੱਪਰ ਕਾਰਵਾਈ ਕਰਦੇ ਹੋਏ ਚੇਅਰਪਰਸਨ ਐਨ.ਜੀ.ਟੀ ਮਾਨਯੋਗ ਡਾਕਟਰ ਜਸਟਿਸ ਜਾਵੇਦ ਰਹੀਮ ਨੇ suo motto cognizance ਲਿਆ ਹੈ। ਇਸ ਤਰਾਂ ਕਰਕੇ ਐਨ.ਜੀ.ਟੀ ਇਸ ਮਾਮਲੇ ਵਿੱਚ ਖੁਦ ਸ਼ਿਕਾਇਤ ਕਰਤਾ ਬਣ ਗਿਆ ਹੈ। ਐਨ.ਜੀ.ਟੀ ਚੇਅਰਪਰਸਨ ਨੇ ਵਾਟਰ ਰਿਸੋਰਸ ਮੰਤਰਾਲੇ ਭਾਰਤ ਸਰਕਾਰ, ਸਟੇਟ ਆਫ ਪੰਜਾਬ, ਸਟੇਟ ਆਫ ਰਾਜਸਥਾਨ, ਸੀ.ਪੀ.ਸੀ.ਬੀ, ਪੀ.ਪੀ.ਸੀ.ਬੀ ਅਤੇ ਹੋਰਨਾਂ ਨੂੰ ਕੱਲ ਸਵੇਰੇ10.30 ਵਜੇ ਲਈ ਨੋਟਿਸ ਕੀਤਾ ਹੈ।

ਮਾਨਯੋਗ ਡਾਕਟਰ ਜਸਟਿਸ ਜਾਵੇਦ ਰਹੀਮ ਨੂੰ ਲਿਖਿਆ ਗਿਆ ਪੱਤਰ ਹੇਠ ਲਿਖੇ ਹੈ।

23.05.2018

ਵੱਲ
Dr. Justice Jawad Rahim,
Hon’ble Acting Chairperson,
National Green Tribunal,
New Delhi.

ਵਿਸ਼ਾ :- ਲੱਖਾਂ ਮੱਛੀਆਂ ਅਤੇ ਹੋਰਨਾਂ ਜਲ ਜੀਵ ਜੰਤੂਆਂ ਨੂੰ ਮਾਰਨ ਦੇ ਨਾਲ ਨਾਲ ਮਨੁੱਖੀ ਜਿੰਦਗੀਆਂ ਨੂੰ ਖਤਰੇ ਵਿੱਚ ਪਾਉਣ ਵਾਲੇ ਪੰਜਾਬ ਦੇ ਬਿਆਸ, ਸਤਲੁਜ ਦਰਿਆਵਾਂ, ਨਹਿਰਾਂ ਅਤੇ ਡਰੇਨਾਂ ਵਿਚਲੇ ਅੱਤ ਜਹਰੀਲੇ ਪ੍ਰਦੂਸ਼ਣ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ। ਕ੍ਰਿਪਾ ਕਰਕੇ ਜਲ ਜੀਵ ਜੰਤੂਆਂ ਦੇ ਹੋਰ ਖਾਤਮੇ ਅਤੇ ਕੈਂਸਰ, ਹੈਪਾਟਾਈਟਸ ਆਦਿ ਵਰਗੀਆਂ ਬੀਮਾਰੀਆਂ ਦੇ ਵਾਧੇ ਨੂੰ ਰੋਕਣ ਲਈ ਪੰਜਾਬ ਸੂਬੇ ਨੂੰ ਲੋੜੀਂਦੀਆਂ ਵਾਤਾਵਰਣ ਹਦਾਇਤਾਂ ਜਾਰੀ ਕੀਤੀਆਂ ਜਾਣ।

ਸ਼੍ਰੀਮਾਨ ਜੀ,

ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਦਰਿਆਵਾਂ, ਨਹਿਰਾਂ ਅਤੇ ਡਰੇਨਾਂ ਵਿਚਲੇ ਜਹਰੀਲੇ ਪ੍ਰਦੂਸ਼ਣ ਦੀਆਂ ਗੰਭੀਰ ਰਿਪੋਰਟਾਂ ਨੇ ਪੰਜਾਬ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੀ ਸ਼ੁਰੂਆਤ ਪੰਜਾਬ ਦੇ ਗੁਰਦਾਸਪੁਰ ਜਿਲੇ ਦੇ ਪਿੰਡ ਕੀੜੀ ਅਫਗਾਨਾ ਵਿੱਚ ਸਥਿਤ ਚੱਡਾ ਸ਼ੂਗਰਸ ਐਂਡ ਇੰਡਸਟਰੀਸ ਪ੍ਰਾਈਵੇਟ ਲਿਮਟਿਡ ਵੱਲੋਂ ਬਿਆਸ ਦਰਿਆ ਵਿੱਚ ਜਹਰੀਲੇ ਪਦਾਰਥ ਛੱਡੇ ਜਾਣ ਤੋਂ ਹੋਈ।

ਉਕਤ ਜਹਿਰ ਦੇ ਛੱਡੇ ਜਾਣ ਨੇ ਬਿਆਸ ਦਰਿਆ ਵਿਚਲੇ ਜੀਵ ਜੰਤੂ ਵਿਸ਼ੇਸ਼ ਤੋਰ ਉੱਪਰ ਮੱਛੀਆਂ ਹਜਾਰਾਂ ਦੀ ਗਿਣਤੀ ਵਿੱਚ ਮਾਰਨ ਦੇ ਨਾਲ ਨਾਲ ਘੜਿਆਲ, ਡੋਲਫਿਨ ਆਦਿ ਵਰਗੀਆਂ ਵਿਸ਼ੇਸ਼ ਪ੍ਰਜਾਤੀਆਂ ਨੂੰ ਵੀ ਖਤਰੇ ਵਿੱਚ ਪਾ ਦਿੱਤਾ।

ਇਥੇ ਇਹ ਦੱਸਣਾ ਜਰੂਰੀ ਹੈ ਕਿ ਤਰਨਤਾਰਨ ਜਿਲੇ ਵਿੱਚ ਹਰੀਕੇ ਪੱਤਣ ਦੇ ਸਥਾਨ ਉੱਪਰ ਬਿਆਸ ਅਤੇ ਸਤਲੁਜ ਦਰਿਆ ਆਪਸ ਵਿੱਚ ਮਿਲਦੇ ਹਨ। ਇਹ ਉਹ ਸਥਾਨ ਹੈ ਜਿਥੋਂ ਕਿ ਸਰਹਿੰਦ ਨਹਿਰ ਅਤੇ ਰਾਜਸਥਾਨ ਫੀਡਰ ਨਿਕਲਦੇ ਹਨ ਜਿਥੋਂ ਕਿ ਪੰਜਾਬ ਦੇ ਦੱਖਣੀ ਇਲਾਕੇ ਅਤੇ ਰਾਜਸਥਾਨ ਵਾਸਤੇ ਸਿੰਚਾਈ ਅਤੇ ਪੀਣ ਵਾਸਤੇ ਪਾਣੀ ਦੀ ਵਿਵਸਥਾ ਕੀਤੀ ਜਾਂਦੀ ਹੈ। ਜਿਥੇ ਸਰਹਿੰਦ ਨਹਿਰ ਮਾਲਵਾ ਦੇ ਮਾਨਸਾ, ਮੁਕਤਸਰ, ਫਰੀਦਕੋਟ, ਬਠਿੰਡਾ ਆਦਿ ਜਿਲਿਆਂ ਨੂੰ ਸਿੰਚਾਈ ਅਤੇ ਪੀਣ ਵਾਸਤੇ ਪਾਣੀ ਮੁੱਹਈਆ ਕਰਵਾਉਂਦੀ ਹੈ ਉਥੇ ਹੀ ਰਾਜਸਥਾਨ ਫੀਡਰ ਰਾਜਸਥਾਨ ਸੂਬੇ ਨੂੰ ਉਕਤ ਸੁਵਿਧਾ ਮੁਹੱਈਆ ਕਰਵਾਉਂਦਾ ਹੈ। ਉਕਤ ਰਾਜਸਥਾਨ ਨਹਿਰ ਰਾਹੀ ਰਾਜਸਥਾਨ ਵਿੱਚ ਵੀ ਜਹਰੀਲਾ ਪਾਣੀ ਪਹੁੰਚਣ ਦੀਆਂ ਖਬਰਾਂ ਆ ਚੁੱਕੀਆਂ ਹਨ।

ਚੱਡਾ ਇੰਡਸਟਰੀਜ ਦੁਆਰਾ ਬਿਆਸ ਦਰਿਆ ਵਿੱਚ ਜਹਰੀਲਾ ਪਦਾਰਥ ਛੱਡੇ ਜਾਣ ਦੀਆਂ ਸਨਸਨੀਖੇਜ਼ ਰਿਪੋਰਟਾਂ ਤੋਂ ਇਲਾਵਾ ਪਿੰਡਾਂ ਅਤੇ ਸ਼ਹਿਰਾਂ ਵੱਲੋਂ ਸਾਰੇ ਹੀ ਦਰਿਆਵਾਂ, ਨਹਿਰਾਂ, ਪਾਣੀ ਦੇ ਸਰੋਤਾਂ ਅਤੇ ਡਰੇਨਾਂ ਵਿੱਚ ਸਨਅਤੀ ਰਹਿੰਦ ਖੂੰਹਦ, ਮੈਡੀਕਲ ਵੇਸਟ, ਅਨਟਰੀਟਡ ਸੀਵਰੇਜ ਡਿਸਚਾਰਜ ਛੱਡੇ ਜਾਣ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਇਸੇ ਤਰਾਂ ਹੀ ਤਾਕਤਵਰ ਕਾਂਗਰਸੀ ਸਿਆਸਤਦਾਨ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਬੁੱਟਰ ਸਿਵੀਆਂ ਵਿਖੇ ਸਥਿਤ ਰਾਣਾ ਸ਼ੂਗਰਸ ਲਿਮਟਿਡ ਵੱਲੋਂ ਆਪਣੀ ਨਜਦੀਕੀ ਡਰੇਨ ਵਿੱਚ ਜਹਰੀਲੇ ਕੈਮੀਕਲ ਅਤੇ ਹੋਰ ਰਹਿੰਦ ਖੂੰ੍ਹਹਦ ਛੱਡਿਆ ਜਾ ਰਿਹਾ ਹੈ ਅਤੇ ਚੱਡਾ ਸ਼ੂਗਰ ਮਿੱਲ ਵਾਂਂਗ ਹੀ ਬਿਆਸ ਦਰਿਆ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ।

ਅਜਿਹੇ ਅਨਟਰੀਟਡ ਰਹਿੰਦ ਖੂੰਹਦ ਨਾਲ ਲੋਕਾਂ ਵਿੱਚ ਕੈਂਸਰ, ਹੈਪਾਟਾਈਟਸ, ਲੀਵਰ ਖਰਾਬ ਹੋਣਾ, ਦਿਲ ਦੀਆਂ ਬੀਮਾਰੀਆਂ ਆਦਿ ਵਰਗੀਆਂ ਗੰਭੀਰ ਬੀਮਾਰੀਆਂ ਫੈਲ ਰਹੀਆਂ ਹਨ। ਜਲ ਜੀਵ ਜੰਤੂ ਅਤੇ ਦੁਧਾਰੂ ਪਸ਼ੂਆਂ ਸਮੇਤ ਹੋਰ ਜਾਨਵਰ ਵੀ ਬੀਮਾਰੀਆਂ ਤੋਂ ਨਹੀਂ ਬਚੇ ਹਨ ਅਤੇ ਵੱਡੀ ਗਿਣਤੀ ਵਿੱਚ ਮਰ ਰਹੇ ਹਨ।

ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਸਰਹਿੰਦ ਨਹਿਰ ਦੱਖਣੀ ਪੰਜਾਬ ਜਾਂ ਮਾਲਵਾ ਦੇ ਜਿਲਿਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਂਦੀ ਹੈ ਕਿਉਂਕਿ ਜਮੀਨੀ ਪਾਣੀ ਵਿੱਚ ਭਾਰੀ ਮੈਟਲ, ਯੂਰੇਨੀਅਮ ਦੀ ਵੱਡੀ ਮਾਤਰਾ ਕਾਰਨ ਮਨੁੱਖੀ ਇਸਤੇਮਾਲ ਅਤੇ ਸਿੰਚਾਈ ਲਈ ਆਯੋਗ ਹੈ। ਕਿਉਂਕਿ ਪਾਣੀ ਬੁਰੀ ਤਰਾਂ ਨਾਲ ਪ੍ਰਦੂਸ਼ਿਤ ਹੋਣ ਕਾਰਨ ਜਹਿਰ ਦਾ ਰੂਪ ਧਾਰ ਗਿਆ ਹੈ ਇਸ ਲਈ ਇਲਾਕੇ ਵਿੱਚ ਕੈਂਸਰ, ਹੈਪਾਟਾਈਟਸ, ਗੁਰਦੇ ਫੇਲ ਆਦਿ ਵਰਗੀਆਂ ਬੀਮਾਰੀਆਂ ਫੈਲ ਰਹੀਆਂ ਹਨ। ਇਥੇ ਇਹ ਦੱਸਣਾ ਜਰੂਰੀ ਹੈ ਕਿ ਮਾਲਵੇ ਦੇ ਉਕਤ ਜਿਲਿਆਂ ਵਿੱਚ ਭਾਰੀ ਗਿਣਤੀ ਵਿੱਚ ਕੈਂਸਰ ਹੋਣ ਕਾਰਨ ਬਠਿੰਡਾ ਤੋਂ ਬੀਕਾਨੇਰ ਜਾਣ ਵਾਲੀ ਇੱਕ ਰੇਲਗੱਡੀ ਦਾ ਨਾਮ ਹੀ ਕੈਂਸਰ ਟਰੇਨ ਪੈ ਗਿਆ ਹੈ।

ਮੇਰੇ ਸੂਬੇ ਦੇ ਲੋਕਾਂ ਵੱਲੋਂ ਸ਼ਿਕਾਇਤਾਂ ਪ੍ਰਾਪਤ ਹੋਣ ਉਪਰੰਤ ਮੈਂ ਵਿਰੋਧੀ ਧਿਰ ਦੇ ਨੇਤਾ ਵਜੋਂ ਸਾਡੀ ਟੀਮ ਦੇ ਨਾਲ ਹਾਲ ਹੀ ਵਿੱਚ ਦੋ ਸਥਾਨਾਂ ਦਾ ਦੋਰਾ ਕੀਤਾ ਤਾਂ ਕਿ ਪਾਣੀ ਵਿਚਲੇ ਪ੍ਰਦੂਸ਼ਣ ਅਤੇ ਮਨੁੱਖਾਂ ਅਤੇ ਹੋਰ ਜੰਤੂਆਂ ਉੱਪਰ ਇਸ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਅੰਦਾਜਾ ਲਗਾਇਆ ਜਾ ਸਕੇ।

19 ਮਈ 2015 ਨੂੰ ਲੁਧਿਆਣਾ ਜਿਲੇ ਦੇ ਪਿੰਡ ਬਲੀਪੁਰ ਵਿਖੇ ਜਿਥੇ ਕਿ ਮਸ਼ਹੂਰ ਬੁੱਢਾ ਨਾਲਾ ਸਤਲੁਜ ਦਰਿਆ ਵਿੱਚ ਮਿਲਦਾ ਹੈ, ਮੇਰੀ ਉਥੇ ਦੀ ਫੇਰੀ ਦੋਰਾਨ ਮੈਂ ਖੁਦ ਦੇਖ ਕੇ ਅਤੇ ਲੋਕਲ ਵਾਸੀਆਂ ਕੋਲੋਂ ਉਹਨਾਂ ਦੀਆਂ ਜਿੰਦਗੀਆਂ ਉੱਪਰ ਜਹਰੀਲੇ ਰਹਿੰਦ ਖੂੰਹਦ ਦੇ ਮਾੜੇ ਅਸਰਾਂ ਬਾਰੇ ਸੁਣ ਕੇ ਹੈਰਾਨ ਹੋ ਗਿਆ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਬੁੱਢਾ ਨਾਲਾ ਪੂਰੀ ਤਰਾਂ ਨਾਲ ਲੁਧਿਆਣਾ ਸ਼ਹਿਰ ਅਤੇ ਪਿੰਡਾਂ ਦੇ ਕਾਲੇ ਰੰਗ ਦੇ ਜਹਰੀਲੇ ਇੰਡਸਟਰੀਅਲ ਰਹਿੰਦ ਖੂੰਹਦ, ਮੈਡੀਕਲ ਵੇਸਟ, ਅਨਟਰੀਟਡ ਸੀਵਰੇਜ ਡਿਸਚਾਰਜ ਨਾਲ ਭਰਿਆ ਪਿਆ ਸੀ ਜੋ ਕਿ ਉਕਤ ਸਥਾਨ ਉੱਪਰ ਸਤਲੁਜ ਦਰਿਆ ਵਿੱਚ ਮਿਲਦਾ ਹੈ।

ਲੋਕਾਂ ਨੇ ਸ਼ਿਕਾਇਤ ਕੀਤੀ ਕਿ ਬੁੱਢਾ ਨਾਲਾ ਵਿੱਚ ਵੱਗ ਰਹੇ ਜਹਿਰ ਕਾਰਨ ਉਹਨਾਂ ਦੇ ਪਰਿਵਾਰਾਂ ਦੇ 6-8 ਮੈਂਬਰ ਹੈਪਾਟਾਈਟਸ ਅਤੇ ਕੈਂਸਰ ਵਰਗੀਆਂ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਕਾਰਨ ਮਾਰੇ ਜਾ ਚੁੱਕੇ ਹਨ। ਬੁੱਢਾ ਨਾਲਾ ਤੋਂ ਸਤਲੁਜ ਦਰਿਆ ਵਿੱਚ ਪਾਏ ਜਾ ਰਹੇ ਉਕਤ ਜਹਰੀਲੇ ਰਹਿੰਦ ਖੂੰਹਦ ਕਾਰਨ ਮੱਛੀਆਂ ਸਮੇਤ ਹੋਰਨਾਂ ਜਲ ਜੀਵ ਜੰਤੂਆਂ ਦੇ ਖਾਤਮੇ ਦੀ ਸ਼ਿਕਾਇਤ ਵੀ ਲੋਕਾਂ ਨੇ ਕੀਤੀ। ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੋਰਾਨ ਉਹਨਾਂ ਦੀਆਂ ਮੱਝਾਂ ਅਤੇ ਹੋਰ ਜਾਨਵਰ ਵੱਡੀ ਗਿਣਤੀ ਵਿੱਚ ਮਾਰੇ ਜਾ ਚੁੱਕੇ ਹਨ ਅਤੇ ਨਾਲ ਹੀ ਜਹਰੀਲੇ ਦੁੱਧ ਦਾ ਉਤਪਾਦਨ ਕਰ ਰਹੇ ਹਨ।

ਮੈਂ ਮਿਤੀ 15.05.2018 ਨੂੰ ਮੁਕਤਸਰ ਜਿਲੇ ਵਿੱਚ ਲੰਬੀ ਦੇ ਖੁੱਡੀਆ ਪੁੱਲ ਉੱਪਰ ਸਰਹਿੰਦ ਨਹਿਰ ਅਤੇ ਰਾਜਸਥਾਨ ਫੀਡਰ ਦਾ ਵੀ ਦੋਰਾ ਕੀਤਾ ਜਿਥੇ ਕਿ ਅਜਿਹਾ ਹੀ ਪ੍ਰਦੂਸ਼ਿਤ ਪਾਣੀ ਵੱਗ ਰਿਹਾ ਸੀ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਵਸਨੀਕ ਆਪਣੇ ਪਿੰਡਾਂ ਦੇ ਵਾਟਰ ਵਰਕਸ ਦੁਆਰਾ ਮੁਹੱਈਆ ਕਰਵਾਇਆ ਜਾ ਰਿਹਾ ਪਾਣੀ ਇਸਤੇਮਾਲ ਕਰਦੇ ਹਨ ਜੋ ਕਿ ਟਰੀਟ ਨਹੀਂ ਕੀਤਾ ਗਿਆ ਹੁੰਦਾ। ਉਹ ਨਹਿਰਾਂ ਵਿੱਚ ਵੱਗ ਰਿਹਾ ਗੰਦਾ ਅਤੇ ਪ੍ਰਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ।

ਮੈਂ ਇਸ ਦੇ ਨਾਲ ਫਰੀਦਕੋਟ ਦੀ ਰਾਜੋਵਾਲ ਡਿਸਟਰੀਬਿਊਟਰੀ ਦੇ ਦੋ ਛੋਟੇ ਵੀਡੀਉ ਕਲਿੱਪ ਵੀ ਨੱਥੀ ਕਰ ਰਿਹਾ ਹਾਂ ਜੋ ਕਿ ਵੱਡੀ ਗਿਣਤੀ ਵਿੱਚ ਮੱਛੀਆਂ ਨੂੰ ਮਾਰਨ ਵਾਲੇ ਪ੍ਰਦੂਸ਼ਿਤ ਨਹਿਰੀ ਪਾਣੀ ਦੀ ਸਮੱਸਿਆ ਦਾ ਖੁਲਾਸਾ ਕਰਦੀਆਂ ਹਨ।

ਇਹ ਤੱਥ ਹੈ ਕਿ ਜਿਆਦਾਤਰ ਇੰਡਸਟਰੀਅਲ ਯੂਨਿਟ ਪ੍ਰਦੂਸ਼ਣ ਕੰਟਰੋਲ ਕਰਨ ਦੇ ਇੰਡਸਟਰੀਅਲ ਸਟੈਂਡਰਡ ਨਹੀਂ ਪੂਰੇ ਕਰਦੇ ਨਾ ਹੀ ਉਹਨਾਂ ਕੋਲ ਢੁੱਕਵੇਂ ਵੇਸਟ ਟਰੀਟਮੈਂਟ ਪਲਾਂਟ ਹਨ। ਭਾਂਵੇ ਕਿ ਸੂਬੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਪਰੰਤੂ ਮੈਨੂੰ ਇਹ ਸ਼ਿਕਾਇਤ ਕਰਨੀ ਪੈ ਰਹੀ ਹੈ ਕਿ ਸਿਆਸੀ ਦਬਾਅ ਕਾਰਨ ਉਹ ਡਿਫਾਲਟਰ ਇੰਡਸਟਰੀਅਲ ਯੂਨਿਟਾਂ ਖਿਲਾਫ ਕਾਰਵਾਈ ਨਹੀਂ ਕਰ ਸਕਦੇ। ਸੂਬੇ ਦੀ ਹੋਰ ਸਰਕਾਰੀ ਮਸ਼ੀਨਰੀ ਵਾਂਗ ਪੀ.ਪੀ.ਸੀ.ਬੀ ਵੀ ਸਿਆਸੀ ਦਬਾਅ ਹੇਠ ਸਹਿਕਦੀ ਹੈ।

ਅੰਤ ਵਿੱਚ ਸੂਬੇ ਦੇ ਦਰਿਆਵਾਂ, ਨਹਿਰਾਂ ਅਤੇ ਡਰੇਨਾਂ ਵਿੱਚ ਵੱਗ ਰਹੇ ਪ੍ਰਦੂਸ਼ਿਤ ਜਹਰੀਲੇ ਪਾਣੀ ਦਾ ਸ਼ਿਕਾਰ ਲੋਕ, ਜਾਨਵਰ, ਜਲ ਜੀਵ ਜੰਤੂ ਹੋ ਰਹੇ ਹਨ। ਜੇਕਰ ਇਸ ਸਮੱਸਿਆ ਨੂੰ ਕਾਬੂ ਨਾ ਕੀਤਾ ਗਿਆ ਤਾਂ ਇਹ ਸਾਡੇ ਮਨੁੱਖਾਂ ਅਤੇ ਜੀਵ ਜੰਤੂਆਂ ਨੂੰ ਤਬਾਹ ਕਰ ਦੇਵੇਗੀ।

ਇਸ ਲਈ ਅਸੀ ਪੰਜਾਬ ਦੇ ਜਿੰਮੇਵਾਰ ਨਾਗਰਿਕਾਂ ਵਜੋਂ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਢੁੱਕਵੇਂ ਸੁਧਾਰ ਦੇ ਕਦਮ ਚੁੱਕਣ ਲਈ ਤੁਰੰਤ ਜਲਦ ਤੋਂ ਜਲਦ ਦਖਲ ਦੇਵੋ ਅਤੇ ਸੂਬੇ ਵਿੱਚ ਇੰਡਸਟਰੀ ਦੇ ਅੰਤਰਰਾਸ਼ਟਰੀ ਪ੍ਰਦੂਸ਼ਣ ਕਾਨੂੰਨ ਸਖਤੀ ਨਾਲ ਲਾਗੂ ਕਰਵਾਉ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਪੰਜਾਬ ਸੂਬੇ ਨੂੰ ਨਿਰਦੇਸ਼ ਦਿੱਤੇ ਜਾਣ ਕਿ ਪਿੰਡਾਂ ਅਤੇ ਸ਼ਹਿਰਾਂ ਦਾ ਰਹਿੰਦ ਖੂੰਹਦ ਅਤੇ ਵੇਸਟ ਪਾਣੀ ਦਰਿਆਵਾਂ, ਨਹਿਰਾਂ ਆਦਿ ਵਿੱਚ ਨਾ ਪਾਇਆ ਜਾਵੇ।

ਨਾਲ ਹੀ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਗੁਰਦਾਸਪੁਰ ਜਿਲੇ ਵਿੱਚ ਕੀੜੀ ਅਫਗਾਨਾ ਵਿਖੇ ਸਥਿਤ ਚੱਡਾ ਸ਼ੂਗਰ ਅਤੇ ਇੰਡਸਟਰੀਸ ਪ੍ਰਾਈਵੇਟ ਲਿਮਟਿਡ ਸਮੇਤ ਸੂਬੇ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਸਾਰੀਆਂ ਇੰਡਸਟਰੀਅਲ ਯੂਨਿਟਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਪੰਜਾਬ ਦੇ ਹਲਾਤਾਂ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀਆਂ ਬੇਨਤੀਆਂ ਤੋਂ ਇਲਾਵਾ ਹੋਰ ਵੀ ਕੋਈ ਸਖਤ ਕਾਰਵਾਈ ਕਰਨ ਦਾ ਫੈਸਲਾ ਅਸੀਂ ਤੁਹਾਡੇ ਉੱਪਰ ਛੱਡਦੇ ਹਾਂ।

ਧੰਨਵਾਦ ਸਹਿਤ,

ਸੁਖਪਾਲ ਸਿੰਘ ਖਹਿਰਾ

ਵਿਰੋਧੀ ਧਿਰ ਨੇਤਾ

ਨਾਜਰ ਸਿੰਘ ਮਾਨਸਾਹੀਆ,

ਐਮ.ਐਲ.ਏ, ਮਾਨਸਾ

ਰੁਪਿੰਦਰ ਕੋਰ ਰੂਬੀ,

ਐਮ.ਐਲ.ਏ, ਬਠਿੰਡਾ ਦਿਹਾਤੀ