• Home
  • ਬਾਦਲ ਪਰਿਵਾਰ ‘ਚ ਕੁਰਸੀ ਛੱਡਣ ਦੀ ਬਿਲਕੁਲ ਵੀ ਹਿੰਮਤ ਨਹੀਂ-ਮਨਪ੍ਰੀਤ

ਬਾਦਲ ਪਰਿਵਾਰ ‘ਚ ਕੁਰਸੀ ਛੱਡਣ ਦੀ ਬਿਲਕੁਲ ਵੀ ਹਿੰਮਤ ਨਹੀਂ-ਮਨਪ੍ਰੀਤ

ਚੰਡੀਗੜ੍ਹ- ਕੇਂਦਰ ਸਰਕਾਰ ਕਰਾਂ ਤੋਂ ਹੁੰਦੀ ਆਮਦਨ ਦਾ ਵਧੇਰੇ ਹਿੱਸਾ ਰਾਜਾਂ ਨੂੰ ਦੇਵੇ ਤਾਂ ਕਿ ਰਾਜਾਂ ਦਾ ਵਿਕਾਸ ਵਧੀਆ ਢੰਗ ਨਾਲ ਹੋ ਸਕੇ। ਇਹ ਬਿਆਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਿੰਦੇ ਹੋਏ ਕਿਹਾ ਕਿ ਉਹ ਇਸ ਮਸਲੇ ਨੂੰ ਲੈ ਕੇ ਦੇਸ਼ ਦੇ ਰਾਸ਼ਟਰਪਤੀ ਨੂੰ ਤਿੰਨ ਦਿਨ ਬਾਅਦ ਹੋਰਨਾ 6 ਰਾਜਾਂ ਦੇ ਵਿੱਤ ਮੰਤਰੀਆਂ ਨੂੰ ਨਾਲ ਲੈ ਕੇ ਮਿਲਣਗੇ।

ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੇ 7 ਸੂਬਿਆਂ ਵਿੱਚ ਬੀਜੇਪੀ ਦੀਆਂ ਸਰਕਾਰਾਂ ਨਹੀਂ ਇਨ੍ਹਾਂ ਸਰਕਾਰਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ ਕਿ ਮੋਦੀ ਦੀ ਕੇਂਦਰ ਸਰਕਾਰ ਇਨ੍ਹਾਂ ਰਾਜਾਂ ਦੇ ਵਿਕਾਸ ਲਈ ਘੱਟ ਫੰਡ ਦੇ ਰਹੀ ਹੈ ।ਇਸੇ ਲਈ ਵਿਜੈਵਾੜਾ ਵਿੱਚ ਇਨ੍ਹਾਂ 7 ਸੂਬਿਆਂ ਦੇ ਵਿੱਤ ਮੰਤਰੀ ਇਕੱਠੇ ਹੋਏ ਸਨ ਅਤੇ ਫੈਸਲਾ ਕੀਤਾ ਕਿ ਸੂਬਿਆਂ ਨੂੰ ਵੱਧ ਹਿੱਸਾ ਦੇਣ ਦਾ ਮਾਮਲਾ ਉਭਾਰਿਆ ਜਾਵੇਗਾ । ਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਨੇ ਸਾਰੇ ਸੂਬਿਆਂ ਦੀ ਆਮਦਨ ਹੈ ਉਸ ਤੋਂ ਵੀ ਵੱਧ ਆਮਦਨ ਕੇਂਦਰ ਸਰਕਾਰ ਨੂੰ ਹੈ । ਕਾਨੂੰਨ ਦੀ ਧਾਰਾ 270, 275 ਤੇ 280 ਦੇ ਤਹਿਤ ਕੇਂਦਰ ਸਰਕਾਰ ਇਹ ਆਮਦਨ ਰਾਜਾਂ 'ਤੇ ਖ਼ਰਚਣ ਲਈ ਪਾਬੰਦ ਹੈ। ਪਰ ਕੇਂਦਰ ਸਰਕਾਰ ਇਸ ਵਿੱਚੋਂ ਮਹਿਜ਼ 32 ਫੀਸਦੀ ਰਾਸ਼ੀ ਹੀ ਸੂਬਿਆਂ ਨੂੰ ਭੇਜਦੀ ਹੈ । ਸੂਬਿਆਂ ਨੂੰ ਰਾਸ਼ੀ ਜਨਸੰਖਿਆ ਦੇ ਆਧਾਰ 'ਤੇ ਭੇਜੀ ਜਾਂਦੀ ਹੈ ਪਰ ਪੰਜਾਬ ਦੀ ਜਨਸੰਖਿਆ ਪਹਿਲਾਂ ਨਾਲੋਂ ਬਹੁਤ ਘੱਟ ਦਰ ਨਾਲ ਵਧ ਰਹੀ ਹੈ। ਜਿਸ ਕਾਰਨ ਪੰਜਾਬ ਨੂੰ ਆਮਦਨ ਦਾ ਹਿੱਸਾ ਬਹੁਤ ਘੱਟ ਹੀ ਮਿਲਦਾ ਹੈ। ਕੇਂਦਰ ਵੱਲੋਂ ਫੰਡ ਭੇਜਣ ਲਈ ਪਹਿਲਾਂ 1971ਦੀ ਜਨਗਣਨਾ ਦੇ ਤਹਿਤ ਫ਼ੰਡ ਭੇਜੇ ਜਾਂਦੇ ਸਨ ਪਰ ਹੁਣ 2011ਦੀ ਜਨਗਣਨਾ ਮੁਤਾਬਕ ਕੇਂਦਰ ਸਰਕਾਰ ਪੰਜਾਬ ਨੂੰ ਫੰਡ ਭੇਜਦੀ ਹੈ ਜਿਸ ਨਾਲ ਸਾਲਾਨਾ 800 ਕਰੋੜ ਦਾ ਘਾਟਾ ਪੈ ਰਿਹਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨਾਲ ਕੇਂਦਰ ਵੱਲੋਂ ਕੀਤੇ ਜਾ ਰਹੇ ਧੱਕੇ ਖਿਲਾਫ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਪੁਣੇ ਦੀ ਕੁਰਸੀ ਛੱਡ ਦੇਣੀ ਚਾਹੀਦੀ ਹੈ ।ਪਰ ਬਾਦਲ ਪਰਿਵਾਰ 'ਚ ਕੁਰਸੀ ਛੱਡਣ ਦੀ ਬਿਲਕੁਲ ਵੀ ਹਿੰਮਤ ਨਹੀਂ ਹੈ।