• Home
  • ਬਾਦਲਕਿਆਂ ਨੇ ਵਜੀਰੀ ਖਾਤਰ ਸਿੱਖਾਂ ਦੀ ਜ਼ਮੀਰ ਵੇਚੀ -ਜਾਖੜ

ਬਾਦਲਕਿਆਂ ਨੇ ਵਜੀਰੀ ਖਾਤਰ ਸਿੱਖਾਂ ਦੀ ਜ਼ਮੀਰ ਵੇਚੀ -ਜਾਖੜ

ਰਾਜਪੁਰਾ(ਖ਼ਬਰ ਵਾਲੇ ਬਿਊਰੋ):
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਅਤੇ ਇਸਦੇ ਕਿਸਾਨ ਨੂੰ ਬਚਾਉਣ ਲਈ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਚਲਦਾ ਕੀਤਾ ਜਾਵੇ ਅਤੇ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾਵੇ।
ਸ੍ਰੀ ਜਾਖੜ ਅੱਜ ਇਥੇ ਪੰਜਾਬ ਯੂਥ ਕਾਂਗਰਸ ਵੱਲੋਂ ਕੁਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਅਤੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ 'ਭਾਰਤ ਬਚਾਓ ਜਨ ਅੰਦੋਲਨ' ਤਹਿਤ ਕੱਢੇ ਗਏ ਇੱਕ ਵਿਸ਼ਾਲ 'ਟ੍ਰੈਕਟਰ ਮਾਰਚ' ਨੂੰ ਝੰਡੀ ਦੇ ਕੇ ਰਵਾਨਾ ਕਰਨ ਮਗਰੋਂ ਰਾਜਪੁਰਾ ਦੇ ਗਗਨ ਚੌਂਕ ਵਿਖੇ ਕੀਤੀ ਗਈ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਸ੍ਰੀ ਸੁਨੀਲ ਜਾਖੜ ਨੇ ਖ਼ੁਦ ਟ੍ਰੈਕਟਰ ਚਲਾ ਕੇ ਕਰੀਬ 20 ਕਿਲੋਮੀਟਰ ਲੰਮੇ ਚੱਲੇ ਇਸ ਵਿਸ਼ਾਲ ਟ੍ਰੈਕਟਰ ਮਾਰਚ ਦੀ ਅਗਵਾਈ ਕੀਤੀ ਅਤੇ ਇਸ ਦੌਰਾਨ ਨੌਜਵਾਨਾਂ ਅਤੇ ਲੋਕਾਂ ਦੇ ਉਤਸ਼ਾਹ ਨੂੰ ਵੇਖਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਇਸ ਮਾਰਚ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਹਨ। ਯੂਥ ਕਾਂਗਰਸ ਦੀ ਇਸ ਟ੍ਰੈਕਟਰ ਯਾਤਰਾ ਤੋਂ ਕਾਂਗਰਸ ਲੀਡਰਸ਼ਿਪ ਬਾਗੋਬਾਗ ਨਜ਼ਰ ਆਈ।
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਅਮਰਪ੍ਰੀਤ ਸਿੰਘ ਲਾਲੀ ਦੀ ਦੇਖ-ਰੇਖ ਅਤੇ ਸ੍ਰੀ ਨਿਰਭੈ ਸਿੰਘ ਮਿਲਟੀ ਕੰਬੋਜ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਦੀ ਰਾਜਪੁਰਾ ਦੇ ਗਗਨ ਚੌਂਕ ਵਿਖੇ ਸਮਾਪਤੀ ਮਗਰੋਂ ਕਰਵਾਈ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਮੌਕੇ ਮੋਦੀ ਸਰਕਾਰ 'ਤੇ ਵਰ੍ਹਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਬੀ.ਜੇ.ਪੀ. ਦੀ ਚਲਾਕੀ ਤੋਂ ਸਭ ਭਲੀਂ ਭਾਂਤ ਵਾਕਫ਼ ਹਨ ਪ੍ਰੰਤੂ ਪੰਜਾਬ ਦੇ ਲੋਕਾਂ ਨੂੰ ਬਾਦਲਕਿਆਂ ਤੋਂ ਉਮੀਦ ਸੀ ਕਿ ਉਹ ਤਾਂ ਉਨ੍ਹਾਂ ਦੀ ਗੱਲ ਕਰਨਗੇ ਪ੍ਰੰਤੂ ਉਹ ਵੀ ਇੱਕ ਵਜ਼ੀਰੀ ਲਈ ਮੂੰਹ 'ਚ ਘੁੰਗਣੀਆਂ ਪਾ ਗਏ।
ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਪ੍ਰਧਾਨ ਮੰਤਰੀ ਨੂੰ ਮਿਲਣ 'ਚ ਕੋਈ ਔਖਿਆਈ ਨਾ ਸਮਝਣ ਵਾਲੇ ਅੱਜ ਨਰਿੰਦਰ ਮੋਦੀ ਨੂੰ ਮਿਲਣ ਲਈ ਅਮਿਤ ਸ਼ਾਹ ਦੀਆਂ ਲਿਲਕੜੀਆਂ ਕੱਢਦੇ ਸਭ ਨੇ ਵੇਖੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਹ ਕਿਸ ਗੱਲੋਂ ਅਮਿਤ ਨੂੰ ਸਿਰੋਪਾ ਪਾ ਰਹੇ ਸਨ ਜਦੋਂ ਕਿ ਸ੍ਰੀ ਦਰਬਾਰ ਸਾਹਿਬ 'ਤੇ ਜੀ.ਐਸ.ਟੀ. ਲਾਉਣ ਸਮੇਂ ਤਾਂ ਇਹ ਖ਼ੁਦ ਵੀ ਭਾਈਵਾਲ ਸਨ। ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਨੂੰ ਕਿਸਾਨਾਂ ਬਾਰੇ ਕੁਝ ਪਤਾ ਹੀ ਨਹੀਂ ਕਿਉਂਕਿ ਉਹ ਤਾਂ ਦੇਸ਼ ਦਾ ਨਹੀਂ ਵਿਦੇਸ਼ ਦਾ ਵਾਸੀ ਬਣ ਗਿਆ ਹੈ, ਪਰੰਤੂ 50 ਸਾਲ ਲੋਕਾਂ ਤੇ ਕਿਸਾਨਾਂ ਦਾ ਵਫ਼ਾਦਾਰ ਬਣਕੇ ਬੇਵਕੂਫ਼ ਬਣਾਉਣ ਵਾਲੇ ਬਾਦਲਾਂ ਨੇ ਵੀ ਉਸਦਾ ਸਾਥ ਦਿੱਤਾ। ਜਦੋਂਕਿ ਸੰਤ ਫ਼ਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ ਵਰਗੇ ਆਗੂ ਤਾਂ ਮੋਰਚੇ ਲਾਉਂਦੇ ਰਹੇ ਲੜਾਈਆਂ ਲੜਦੇ ਰਹੇ ਪਰ ਇਨ੍ਹਾਂ ਨੇ ਤਾਂ ਇੱਕ ਵਜੀਰੀ ਦੀ ਖਾਤਰ ਆਪਣਾ ਜਮੀਰ ਵੇਚ ਦਿੱਤਾ।
ਸ੍ਰੀ ਜਾਖੜ ਨੇ 'ਮੋਦੀ ਭਜਾਓ, ਰਾਹੁਲ ਲਿਆਓ ਦੇਸ਼ ਬਚਾਓ' ਦਾ ਨਾਅਰਾ ਦਿੰਦਿਆਂ ਕਿਹਾ ਕਿ ਜੇਕਰ ਦੇਸ਼ 'ਚ ਮੋਦੀ ਸਰਕਾਰ ਰਹੀ ਤਾਂ ਨਾ ਗਰੀਬ ਰਹੇਗਾ, ਨਾ ਕਿਸਾਨ ਅਤੇ ਨਾ ਹੀ ਜਵਾਨ, ਇਸ ਲਈ ਹਰ ਵਰਗ ਦੀ ਕਦਰ ਕਰਨ ਵਾਲੇ ਸ੍ਰੀ ਰਾਹੁਲ ਗਾਂਧੀ ਨੂੰ ਲਿਆਉਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਉਹ ਬੜੇ ਯਕੀਨ ਨਾਲ ਕਹਿ ਸਕਦੇ ਹਨ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਸਮੇਤ ਹਰ ਵਰਗ ਦੀ ਬਾਂਹ ਫੜੀ ਹੈ ਉਸੇ ਤਰ੍ਹਾਂ ਦੇਸ਼ 'ਚ ਕਾਂਗਰਸ ਦੀ ਅਗਵਾਈ ਵਾਲੀ ਸ੍ਰੀ ਰਾਹੁਲ ਗਾਂਧੀ ਦੀ ਸਰਕਾਰ ਦੇਸ਼ ਦੀ ਬਾਂਹ ਫੜੇਗੀ, ਇਸ ਲਈ ਕਾਂਗਰਸ ਪਾਰਟੀ ਚੈਨ ਨਾਲ ਨਹੀਂ ਬੈਠੇਗੀ,
ਇਸ ਤੋਂ ਪਹਿਲਾਂ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਸ੍ਰੀ ਕੇਸ਼ਵ ਚੰਦ ਯਾਦਵ ਨੇ ਆਪਣੇ ਪਲੇਠੇ ਪੰਜਾਬ ਦੌਰੇ ਸਮੇਂ ਪੰਜਾਬ ਯੂਥ ਕਾਂਗਰਸ ਵੱਲੋਂ ਕੱਢੀ ਗਈ ਅੱਜ ਦੀ ਇਸ ਵਿਸ਼ਾਲ ਟ੍ਰੈਕਟਰ ਯਾਤਰਾ ਦੀ ਕਾਮਯਾਬੀ ਲਈ ਯੂਥ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਰੈਲੀ ਨੇ ਜਿਥੇ ਤੁਹਾਡੀ ਆਪਣੀ ਤਾਕਤ ਵਧਾਈ ਹੈ
ਇੰਡੀਅਨ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੇ ਗ਼ੈਰਰਾਜਨੀਤਕ ਪਿਛੋਕੜ ਵਾਲੇ ਮਿਹਨਤਕਸ਼ ਆਗੂਆਂ ਨੂੰ ਅੱਗੇ ਲਿਆਂਦਾ ਹੈ, ਇਸ ਲਈ ਉਨ੍ਹਾਂ ਦੀ ਅਗਵਾਈ 'ਚ ਦੇਸ਼ ਦਾ ਭਵਿੱਖ ਸੁਰੱਖਿਅਤ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਕਸ਼ਮੀਰ ਤੋਂ ਲੈਕੇ ਕੰਨਿਆ ਕੁਮਾਰੀ ਤੱਕ ਦੇਸ਼ ਦੇ ਕੋਨੇ-ਕੋਨੇ 'ਚੋ ਮੋਦੀ ਵਿਰੋਧੀ ਆਵਾਜਾਂ ਆ ਰਹੀਆਂ ਹਨ।
ਜਿਕਰਯੋਗ ਹੈ ਕਿ ਬਨੂੜ ਦੇ ਟੌਲ ਪਲਾਜ਼ਾ ਨੇੜੇ ਪਿੰਡ ਖਿਜ਼ਰਗੜ੍ਹ (ਕਨੌੜ) ਨੇੜਿਓਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਕੁਮਾਰ ਜਾਖੜ ਅਤੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਅਮਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਹੇਠਲੇ ਇਸ ਵਿਸ਼ਾਲ ਟ੍ਰੈਕਟਰ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਸੀ।
ਇਸ ਮੌਕੇ ਇੰਡੀਅਨ ਯੂਥ ਕਾਂਗਰਸ ਦੇ ਵਾਇਸ ਪ੍ਰਧਾਨ ਸ੍ਰੀ ਸ੍ਰੀਨਿਵਾਸ ਬੀ.ਵੀ., ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਗੁਰਦਾਸਪੁਰ ਦੇ ਵਿਧਾਇਕ ਸ੍ਰੀ ਗੁਰਿੰਦਰਜੀਤ ਸਿੰਘ ਪਾਹੜਾ, ਸ੍ਰੀ ਦੀਪਇੰਦਰ ਸਿੰਘ ਢਿੱਲੋਂ, ਸ੍ਰੀ ਹਰਿੰਦਰਪਾਲ ਸਿੰਘ ਹੈਰੀਮਾਨ, ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸਮੇਤ ਯੂਥ ਕਾਂਗਰਸ ਦੇ ਲੋਕ ਸਭਾ ਪਟਿਆਲਾ ਹਲਕਾ ਪ੍ਰਧਾਨ ਸ੍ਰੀ ਧਨਵੰਤ ਸਿੰਘ ਜਿੰਮੀ ਡਕਾਲਾ, ਯੂਥ ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਨਿਰਭੈ ਸਿੰਘ ਮਿਲਟੀ, ਸ੍ਰੀ ਗਗਨਦੀਪ ਸਿੰਘ ਜੌਲੀ, ਸ੍ਰੀ ਮੋਹਿਤ ਮਹਿੰਦਰਾ, ਸ੍ਰੀ ਰਿੱਕੀ ਮਾਨ, ਸ੍ਰੀ ਉਦੇਵੀਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ 'ਚ ਯੂਥ ਕਾਂਗਰਸ ਦੇ ਆਗੂ ਮੌਜੂਦ ਰਹੇ, ਇਨਾ੍ਹਂ ਦੀ ਮਿਹਨਤ ਦੀ ਬਦੌਲਤ ਇਹ ਮਾਰਚ ਬੇਹੱਦ ਕਾਮਯਾਬ ਰਿਹਾ।