• Home
  • ਐੱਸ ਐੱਚ ਓ ਬਾਜਵਾ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਅੱਜ, ਬਾਜਵਾ ਦਾ ਡੋਪ ਟੈਸਟ ਆਇਆ ਨੈਗੇਟਿਵ

ਐੱਸ ਐੱਚ ਓ ਬਾਜਵਾ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਅੱਜ, ਬਾਜਵਾ ਦਾ ਡੋਪ ਟੈਸਟ ਆਇਆ ਨੈਗੇਟਿਵ

ਚੰਡੀਗੜ੍ਹ- (ਖਬਰ ਵਾਲੇ ਬਿਊਰੋ)ਸ਼ਾਹਕੋਟ ਜ਼ਿਮਨੀ ਚੋਣਾਂ ‘ਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ‘ਤੇ ਨਜਾਇਜ਼ ਮਾਇਨਿੰਗ ਪਰਚਾ ਦਰਜ ਕਰਨ ਵਾਲੇ ਮਹਿਤਪੁਰ ਦੇ ਸਾਬਕਾ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਸੁਣਵਾਈ ਹੋਵੇਗੀ। ਪਰਮਿੰਦਰ ਸਿੰਘ ਬਾਜਵਾ ਪਿਛਲੇ 9 ਦਿਨਾਂ ਤੋਂ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ‘ਚ ਦਾਖਲ ਹੈ।ਇਕ ਰਿਪੋਰਟ ਮੁਤਾਬਕ ਸਾਬਕਾ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਦਾ ਡੋਪ ਟੈਸਟ ਨੈਗੇਟਿਵ ਆਇਆ ਹੈ। ਉਸ ਦਾ ਇਲਾਜ ਕਰ ਰਹੇ ਡਾਕਟਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸਿਵਲ ਹਸਪਤਾਲ ‘ਚ ਮਨੋਰੋਗ ਵਿਭਾਗ ਦੇ ਇਕ ਡਾਕਟਰ ਮੁਤਾਬਕ ਪਰਮਿੰਦਰ ਸਿੰਘ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਜ਼ਰੂਰ ਹੈ ਪਰ ਹੁਣ ਉਹ ਇਸ ‘ਚੋਂ ਹੌਲੀ-ਹੌਲੀ ਉਭਰ ਰਿਹਾ ਹੈ ਅਤੇ ਠੀਕ ਹੋ ਰਿਹਾ ਹੈ। ਡਾਕਟਰਾਂ ਮੁਤਾਬਕ ਅਜੇ 2 ਹਫਤੇ ਉਸ ਨੂੰ ਹਸਪਤਾਲ ‘ਚ ਹੋਰ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮਹਿਤਪੁਰ ਦੇ ਐੱਸ. ਐੱਚ. ਓ. ਹੁੰਦਿਆ ਪਰਮਿੰਦਰ ਸਿੰਘ ਬਾਜਵਾ ਨੇ ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਵਿਰੁੱਧ ਮਾਈਨਿੰਗ (ਖਣਨ) ਦੇ ਮਾਮਲੇ ਸਬੰਧੀ ਐੱਫ. ਆਈ. ਆਰ. ਦਰਜ ਕਰ ਦਿੱਤੀ ਸੀ, ਜਿਸ ਨਾਲ ਕਾਂਗਰਸ ਕਸੂਤੀ ਸਥਿਤੀ ‘ਚ ਫਸ ਗਈ ਸੀ। ਉਧਰ ਪੁਲਸ ਕਮਿਸ਼ਨਰ ਐੱਸ. ਕੇ. ਸਿਨਹਾ ਮੁਤਾਬਕ, ਐੱਸ. ਐੱਚ. ਓ. ਵਿਰੁੱਧ ਦਰਜ ਕੀਤੀ ਗਈ ਐੱਫ. ਆਈ. ਆਰ. ਹਸਪਤਾਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਰੱਦ ਕੀਤੀ ਜਾਵੇਗੀ। ਬਾਜਵਾ ਨੇ ਆਪਣੀ ਜ਼ਮਾਨਤ ਦੀ ਅਰਜ਼ੀ ਵੀ ਲਾਈ ਹੋਈ ਹੈ, ਜਿਸ ਦੀ ਸੁਣਵਾਈ 23 ਮਈ ਨੂੰ ਹੋਣੀ ਹੈ।ਸੂਤਰਾਂ ਮੁਤਾਬਕ ਕਾਂਗਰਸ ਸਰਕਾਰ 28 ਮਈ ਤੋਂ ਪਹਿਲਾਂ ਪਰਮਿੰਦਰ ਸਿੰਘ ਬਾਜਵਾ ਨੂੰ ਜੇਲ੍ਹ ਤੋਂ ਬਾਹਰ ਆਉਣ ਤੋਂ ਰੋਕਣ ਲਈ ਪੂਰਾ ਜ਼ੋਰ ਲਾ ਰਹੀ ਹੈ।ਬਾਜਵਾ ਨੂੰ 11 ਮਈ ਨੂੰ ਅਦਾਲਤੀ ਕੰਪਲੈਕਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ।