• Home
  • ਬਦੇਸ਼ਾਂ ਚ ਵੱਸਦੇ ਲੇਖਕ ਪੰਜਾਬੀ ਭਾਸ਼ਾ , ਸਾਹਿੱਤ ਤੇ ਸਭਿਆਚਾਰ ਦੇ ਅਸਲ ਦੂਤ ਹਨ—ਸੁੱਖੀ ਬਾਠ

ਬਦੇਸ਼ਾਂ ਚ ਵੱਸਦੇ ਲੇਖਕ ਪੰਜਾਬੀ ਭਾਸ਼ਾ , ਸਾਹਿੱਤ ਤੇ ਸਭਿਆਚਾਰ ਦੇ ਅਸਲ ਦੂਤ ਹਨ—ਸੁੱਖੀ ਬਾਠ

ਲੁਧਿਆਣਾ 30 ਮਈ(ਖ਼ਬਰ ਵਾਲੇ ਬਿਊਰੋ )

ਕੈਨੇਡਾ ਦੇ ਸ਼ਹਿਰ ਸੱਰੀ(ਬ੍ਰਿਟਿਸ਼ ਕੋਲੰਬੀਆ ) ਵਿਖੇ ਭਾਰਤ ਤੋਂ ਬਾਹਰ ਪਹਿਲਾ ਪੰਜਾਬ ਭਵਨ ਸਥਾਪਤ ਕਰਨ ਵਾਲੇ ਦਾਨਵੀਰ ਤੇ ਪ੍ਰਸਿੱਧ ਕਾਰੋਬਾਰੀ ਸ਼੍ਰੀ ਸੁੱਖੀ ਬਾਠ ਨੇ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਟੋਰੰਟੋ ਵੱਸਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਤੇ ਪੰਜਾਬੀ ਲੇਖਕ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦੀ ਸ੍ਵੈਜੀਵਨੀ ਮੂਲਕ ਪੁਸਤਕ ਚੇਤਿਆਂ ਦੀ ਫੁਲਕਾਰੀ ਲੋਕ ਅਰਪਨ ਕਰਦਿਆਂ ਕਿਹਾ ਹੈ ਕਿ ਬਦੇਸ਼ੀਂ ਚ ਵੱਸਦੇ ਪੰਜਾਬੀ ਲੇਖਕ ਓਪਰੀ ਧਰਤੀ ਤੇ ਪੰਜਾਬੀ ਭਾਸ਼ਾ, ਸਾਹਿੱਤ ਤੇ ਸਭਿਆਚਾਰ ਦੇ ਅਸਲ ਸੁਚੇਤ ਰਾਜਦੂਤ ਹਨ। ਉਨ੍ਹਾਂ ਕਿਹਾ ਕਿ ਬਦੇਸ਼ੀਂ ਵੱਸਦੇ ਲੇਖਕਾਂ ਕੋਲ ਆਪਣੀ ਜਨਮ ਭੂਮੀ ਤੋਂ ਫਾਸਲਾ ਵੀ ਪ੍ਰੇਰਨਾ ਦਿੰਦਾ ਹੈ, ਜਿਸ ਕਾਰਨ ਯਾਦਾਂ ਦੇ ਚਿਤਰਪਟ ਤੇ ਹਰ ਰੋਜ਼ ਪੁਰਾਣੀ ਫਿਲਮ ਚੱਲਦੀ ਰਹਿੰਦੀ ਹੈ। ਲੇਖਕ ਉਨ੍ਹਾਂ ਪਲਾਂ ਨੂੰ ਲਿਖਤ ਵਿਚ ਲਿਆ ਕੇ ਉਹ ਸਰਬ ਸਮਿਆਂ ਨੂੰ ਸੌਂਪ ਦਿੰਦਾ ਹੈ।
ਉਨ੍ਹਾਂ ਕਿਹਾ ਕਿ 1995 ਚ ਪੰਜਾਬ ਦੀ ਸਿਰਮੌਰ ਵਿਦਿਅਕ ਸੰਸਥਾ ਗੁਰੂਸਰ ਸਧਾਰ(ਲੁਧਿਆਣਾ) ਤੋਂ ਸੇਵਾ ਮੁਕਤ ਹੋ ਕੇ ਪ੍ਰਿੰਸੀਪਲ ਬਾਜਵਾ ਕੁਲਵਕਤੀ ਲੇਖਕ ਵਜੋਂ ਸੱਤ ਪੁਸਤਕਾਂ ਸਾਹਿੱਤ ਦੀ ਝੋਲੀ ਪਾ ਚੁਕੇ ਹੋਣ ਕਾਰਨ ਪੂਰੇ ਕੈਨੇਡਾ ਚ ਸਨਮਾਨਿਤ ਲੇਖਕ ਵਜੋਂ ਜਾਣੇ ਜਾਂਦੇ ਹਨ।
ਪੁਸਤਕ ਬਾਰੇ ਗੱਲ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿਪ੍ਰਿੰਸੀਪਲ ਬਾਜਵਾ ਜੀ ਨੇ 1995 ਚ ਪਹਿਲੀ ਪੁਸਤਕ ਸਿੱਖਿਆ ਸੱਭਿਆਚਾਰ- ਵਿਰਸਾ ਤੇ ਵਰਤਮਾਨ ਨਾਲ ਆਪਣਾ ਸਿਰਜਣਾ ਪੰਧ ਸ਼ੁਰੂ ਕੀਤਾ ਸੀ ਤੇ ਹੁਣ ਤੀਕ ਮੇਰੇ ਰਾਹਾਂ ਦੇ ਰੁੱਖ,ਰੰਗ ਕੈਨੇਡਾ ਦੇ, ਹਾਕੀ ਸਿਤਾਰੇ ਸਧਾਰ ਦੇ, ਮੇਰੇ ਹਮਸਫ਼ਰ, ਨਿਆਰੇ ਰੰਗ ਮੈਪਲਾਂ ਦੇ ਅਤੇ ਪੀੜ ਪਰਵਾਸੀਆਂ ਦੀ ਲਿਖ ਕੇ ਦੇਸ਼ ਪ੍ਰਦੇਸ਼ ਦੀਆਂ ਘਟਨਾਵਾਂ, ਵਿਅਕਤੀਂਆਂ, ਸਮੱਸਿਆਵਾਂ, ਖੂਬਸੂਰਤੀਆਂ ਤੋਂ ਇਲਾਵਾ
ਸਭਿਆਚਾਰਕ ਤਬਦੀਲੀ ਆਂ ਬਾਰੇ ਬਹੁਤ ਕੁਝ ਲਿਖ ਚੁਕੇ ਹਨ।
ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਉਹ ਮੇਰੇ ਵੱਡੇ ਵੀਰ ਹਨ। ਇਸ ਪੁਸਤਕ ਨੂੰ ਪ੍ਰਿੰਸੀਪਲ ਬਾਜਵਾ ਦੇ ਪੁਰਾਣੇ ਵਿਦਿਆਰਥੀ ਹਰੀਸ਼ ਪੱਖੋਵਾਲ ਨੇ ਗੋਰਕੀ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤਾ ਹੈ।
ਇਸ ਮੌਕੇ ਸੁਖਵਿੰਦਰ ਕੌਰ ਬਾਠ, ਜਸਵਿੰਦਰ ਕੌਰ ਗਿੱਲ, ਅੰਮ੍ਰਿਤਪਾਲ ਸਿੰਘ ਪਤਾਰਾ ਤੇ ਅਸ਼ੋਕ ਮਹਿਰਾ (ਪੁਨਰਜੋਤ)ਫਗਵਾੜਾ ਵੀ ਹਾਜ਼ਰ ਸਨ।