• Home
  • ਫਗਵਾੜਾ ’ਚ ਅਮਨ ਤੇ ਸ਼ਾਂਤੀ ਦੀ ਕਾਇਮੀ

ਫਗਵਾੜਾ ’ਚ ਅਮਨ ਤੇ ਸ਼ਾਂਤੀ ਦੀ ਕਾਇਮੀ

ਫਗਵਾੜਾ ’ਚ ਹੌਲੀ ਹੌਲੀ ਹਾਲਾਤ ਆਮ ਵਾਂਗ ਹੁੰਦੇ ਜਾ ਰਹੇ ਹਨ। ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਅਤੇ ਐਸਐਸਪੀ ਸੰਦੀਪ ਸ਼ਰਮਾ ਅੱਜ ਲਗਾਤਾਰ ਪੰਜਵੇਂ ਦਿਨ ਵੀ ਫਗਵਾੜਾ ਵਿਖੇ ਬਣੇ ਰਹੇ। ਦੋਵਾਂ ਅਧਿਕਾਰੀਆਂ ਵੱਲੋਂ ਸਮੂਹ ਡਿਊਟੀ ਮੈਜਿਸਟਰੇਟਾਂ, ਉੱਚ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਅਤੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਲੋਕਾਂ ਵਿੱਚ ਵਿਸ਼ਵਾਸ ਬਹਾਲੀ ਲਈ ਸ਼ਹਿਰ ਵਿੱਚ ਪੁਲੀਸ ਵੱਲੋਂ ਲਗਾਤਾਰ ਫਲੈਗ ਮਾਰਚ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਹੌਲ ਨੂੰ ਆਮ ਵਾਂਗ ਰੱਖਣ ਲਈ ਦਫ਼ਾ 144 ਤਹਿਤ ਵੱਖ-ਵੱਖ ਆਦੇਸ਼ ਲਾਗੂ ਹਨ। ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦੀ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀਆਂ ਗ਼ਲਤ ਅਤੇ ਝੂਠੀਆਂ ਅਫ਼ਵਾਹਾਂ ’ਤੇ ਯਕੀਨ ਨਾ ਕਰਨ। ਉਧਰ ਐਸਐਸਪੀ ਸੰਦੀਪ ਸ਼ਰਮਾ ਨੇ ਫੋਰਸ ਦੇ ਹਥਿਆਰਾਂ, ਸਾਜ਼ੋ-ਸਾਮਾਨ ਅਤੇ ਯੰਤਰਾਂ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਿੱਚ ਪੰਜਾਬ ਪੁਲੀਸ ਤੋਂ ਇਲਾਵਾ ਆਈਆਰਬੀ, ਬੀਐਸਐਫ ਅਤੇ ਆਰਏਐਫ ਦੀਆਂ ਟੁਕੜੀਆਂ ਤਾਇਨਾਤ ਹਨ।

ਪੁਲੀਸ ਅਧਿਕਾਰੀਆਂ ਨੂੰ ਰਹਿਣ ਲਈ ਥਾਂ ਮਿਲਣੀ ਹੋਈ ਔਖੀ

ਫਗਵਾੜਾ (ਜਸਬੀਰ ਸਿੰਘ ਚਾਨਾ): ਸ਼ਹਿਰ ’ਚ ਪੈਂਦਾ ਹੋਏ ਤਣਾਅ ’ਤੇ ਕਾਬੂ ਕਰਨ ਲਈ ਪੰਜਾਬ ਭਰ ’ਚੋਂ ਸੀਨੀਅਰ ਪੁਲੀਸ ਅਧਿਕਾਰੀ ਪੁੱਜ ਗਏ ਹਨ। ਇਨ੍ਹਾਂ ਪੁਲੀਸ ਅਧਿਕਾਰੀਆਂ ਦੇ ਰਹਿਣ ਦਾ ਪ੍ਰਬੰਧ ਔਖਾ ਹੋ ਗਿਆ ਹੈ ਅਤੇ ਹੋਟਲ ਵਾਲਿਆਂ ਨੂੰ ਅਪੀਲ ਕਰ ਕੇ ਕਈ ਅਧਿਕਾਰੀ ਆਪਣੇ ਰਹਿਣ ਲਈ ਕਮਰਿਆਂ ਦੀ ਮੰਗ ਕਰ ਰਹੇ ਹਨ। ਜਾਣਕਾਰੀ ਮੁਤਾਬਕ ਪਟਿਆਲਾ, ਸੰਗਰੂਰ, ਫਾਜ਼ਿਲਕਾ, ਜਲਾਲਾਬਾਦ, ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਤੋਂ ਸੀਨੀਅਰ ਅਫ਼ਸਰ ਇਥੇ ਪੁੱਜੇ ਹੋਏ ਹਨ। ਹੋਟਲਾਂ ਵਾਲਿਆਂ ਵੱਲੋਂ ਵੀ ਇਨ੍ਹਾਂ ਅਧਿਕਾਰੀਆਂ ਨੂੰ ਸਿਰਫ਼ 2 ਤੋਂ 3 ਕਮਰਿਆਂ ’ਚ ਹੀ ਸ਼ਰਨ ਦਿੱਤੀ ਜਾ ਰਹੀ ਹੈ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਜੇ ਇਹ ਸੰਘਰਸ਼ ਲੰਬਾ ਸਮਾਂ ਚੱਲਿਆ ਤਾਂ ਉਨ੍ਹਾਂ ਦੇ ਹੋਟਲਾਂ ਨੂੰ ਵੀ ਆਰਥਿਕ ਨੁਕਸਾਨ ਝੱਲਣਾ ਪਵੇਗਾ।