• Home
  • ਪੰਜਾਬ ਸੜਕੀ ਹਾਦਸੇ ਘਟਾਉਣ ‘ਚ ਬਣਿਆ ਦੇਸ਼ ਦਾ ਪਹਿਲਾ ਸੂਬਾ

ਪੰਜਾਬ ਸੜਕੀ ਹਾਦਸੇ ਘਟਾਉਣ ‘ਚ ਬਣਿਆ ਦੇਸ਼ ਦਾ ਪਹਿਲਾ ਸੂਬਾ

ਵੱਡੇ ਸ਼ਹਿਰਾਂ 'ਚ ਐਂਬੂਲੈਂਸਾਂ ਖਾਤਰ ਸੁਖਾਲੇ ਰਸਤਿਆਂ ਲਈ 'ਗ੍ਰੀਨ ਕੋਰੀਡੋਰ' ਜਲਦ ਬਣਨਗੀਆਂ

ਪੀੜਤਾਂ ਦੀ ਮੱਦਦ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਹੋਵੇਗਾ 'ਭਾਈ ਕਨ੍ਹੱਈਆ ਸੇਵਾ ਸਨਮਾਨ'

ਚੰਡੀਗੜ੍ਹ , 4 ਮਈ(ਪਰਮਿੰਦਰ ਸਿੰਘ ਜੱਟਪੁਰੀ)

ਪੰਜਾਬ ਪੁਲੀਸ ਨੇ ਸੜਕ ਦੁਰਘਟਨਾਵਾਂ ਵਾਪਰਨ ਤੋਂ ਰੋਕਣ ਦੇ ਉਦੇਸ਼ ਨਾਲ ਆਪਣੀ ਸਮਰੱਥਾ ਨੂੰ ਸੁਧਾਰਨ ਅਤੇ ਮਜ਼ਬੂਤ ਕਰਨ ਵੱਲ ਪੁੱਟੇ ਵੱਡੇ ਕਦਮਾਂ ਸਦਕਾ ਸਾਲ 2018 ਦੀ ਪਹਿਲੀ ਤਿਮਾਹੀ ਦੌਰਾਨ ਸੜਕੀ ਹਾਦਸਿਆਂ ਵਿਚ ਗਿਰਾਵਟ ਆਈ ਹੈ ਅਤੇ ਇਸ ਸਮੇਂ ਦੌਰਾਨ ਕੁੱਲ 1,070 ਦੁਰਘਟਨਾਵਾਂ ਵਾਪਰੀਆਂ ਜਦਕਿ ਪਿਛਲੇ ਸਾਲ ਇੰਨਾਂ ਦੀ ਗਿਣਤੀ 1,134 ਸੀ।

          ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਜੀ.ਪੀ. ਟਰੈਫਿਕ ਪੁਲਿਸ ਪੰਜਾਬ ਡਾ. ਸ਼ਰਦ ਸੱਤਿਆ ਚੌਹਾਨ ਨੇ ਕਿਹਾ ਕਿ ਪਿਛਲੇ ਸਾਲ 2017 ਦੌਰਾਨ 799 ਕੀਮਤੀ ਜਾਨਾਂ ਬਚਾਉਣ ਵਿਚ ਕਾਮਯਾਬ ਰਹੇ ਜਦਕਿ ਸਾਲ 2016 ਵਿੱਚ ਵਾਪਰੇ ਹਾਦਸਿਆਂ ਦੌਰਾਨ ਕੁੱਲ 5,077 ਮੌਤਾਂ ਹੋਈਆਂ ਸਨ ਕਿਉਂਕਿ ਪੁਲਿਸ ਵੱਲੋਂ ਹਰੇਕ ਸੜਕੀ ਹਾਦਸਿਆਂ ਨੂੰ ਰੋਕਣ ਲਈ ਕਾਫ਼ੀ ਸਖ਼ਤ ਮਿਹਨਤ ਕੀਤੀ ਗਈ।

          ਉਨਾਂ ਕਿਹਾ ਕਿ ਇਸ ਵੇਲੇ ਸੜਕ ਸੁਰੱਖਿਆ ਦਾ ਮੁੱਦਾ ਪੂਰੇ ਦੇਸ਼ ਵਿੱਚ ਖਾਸ ਕਰਕੇ ਪੰਜਾਬ ਵਿੱਚ ਨਵੇਂ ਸੰਦਰਭ ਵਿੱਚ ਦਾਖਲ ਹੋ ਰਿਹਾ ਹੈ ਅਤੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸਨੇ ਵਿਗਿਆਨਕ ਤਰੀਕੇ ਅਪਣਾਕੇ ਸੜਕਾਂ 'ਤੇ ਹੁੰਦੇ ਹਾਦਸਿਆਂ ਨੂੰ ਰੋਕਣ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨਾਂ ਕਿਹਾ ਕਿ ਸੜਕੀ ਹਾਦਸੇ ਵਾਪਰਨ ਨੂੰ ਰੱਬ ਦੀ ਮਰਜੀ ਕਹਿ ਕੇ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਹੁੰਦੇ ਸੜਕੀ ਹਾਦਸਿਆਂ ਵਿਚ ਰੋਜ਼ਾਨਾ 12 ਕੀਮਤੀ ਜਾਨਾਂ ਜਾ ਰਹੀਆਂ ਹਨ ਅਤੇ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਧੁੰਦ ਦੌਰਾਨ ਸੜਕ ਸੁਰੱਖਿਆ 'ਤੇ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਧਿਆਨ ਦੇਣ ਕਾਰਨ ਇਸ ਸਾਲ ਹਾਦਸਿਆਂ ਵਿਚ 28 ਫੀਸਦੀ ਤੱਕ ਕਮੀ ਆਈ ਹੈ। ਇਸ ਤਰਾਂ ਸਾਲ 2016 ਵਿਚ 441 ਅਤੇ 2017 ਵਿਚ 319 ਦੁਰਘਟਨਾਵਾਂ ਵਾਪਰੀਆਂ ਜੋ ਕਿ 2016 ਦੇ ਮੁਕਾਬਲੇ ਘੱਟ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਸਾਲ ਸੜਕੀ ਹਾਦਸਿਆਂ ਵਿਚ 10 ਫ਼ੀਸਦ ਤੱਕ ਦੀ ਕਮੀ ਲਿਆਉਣਾ ਸਾਡਾ ਮੁੱਖ ਟੀਚਾ ਹੈ।

ਰਾਜ ਅੰਦਰ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਏ.ਡੀ.ਜੀ.ਪੀ ਟਰੈਫਿਕ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਸਹਿਯੋਗ ਨਾਲ ਸੜਕਾਂ 'ਤੇ ਵੱਖ-ਵੱਖ ਥਾਵਾਂ 'ਤੇ 400 ਤੋ ਵੱਧ ਅਚਾਨਕ ਹਾਦਸਾ ਹੋਣ ਵਾਲੇ ਸਥਾਨਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿਚੋਂ 142 ਥਾਵਾਂ ਨੂੰ ਸੁਧਾਰਿਆ ਗਿਆ ਹੈ ਅਤੇ ਨਤੀਜੇ ਵਜੋਂ ਦੁਰਘਟਨਾ ਦੌਰਾਨ ਹੋਣ ਵਾਲੀਆਂ ਮੌਤਾਂ ਵਿਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਮੁੱਖ ਸੜਕਾਂ 'ਤੇ ਗਸ਼ਤ, ਰੈਪਿਡ ਰੂਰਲ ਪੁਲਿਸਿੰਗ, ਫਸੇ ਹੋਏ ਲੋਕਾਂ ਨੂੰ ਬਚਾਉਣ ਅਤੇ ਹਾਦਸੇ ਉਪਰੰਤ ਦੇਣ ਵਾਲੀ ਸਹਾਇਤਾ ਵਿਚ ਸੁਧਾਰ ਲਿਆਂਦਾ ਜਾ ਰਿਹਾ ਹੈ।

ਡਾ.  ਚੌਹਾਨ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਨੇ ਵੱਖ-ਵੱਖ ਟਰੱਕ ਯੂਨੀਅਨਾਂ ਅਤੇ ਸਿੱਖਿਆ ਵਿਭਾਗ ਨਾਲ ਮਿਲਕੇ ਪਿਛਲੇ ਸਾਲ 8,355 ਟ੍ਰੈਫਿਕ ਜਾਗਰੂਕਤਾ ਵਰਕਸ਼ਾਪ ਲਗਾਈਆਂ। ਇਸ ਤੋਂ ਇਲਾਵਾ ਟਰੈਫਿਕ ਪੁਲੀਸ ਵੱਲੋਂ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਜਿਨ੍ਹਾਂ ਵਿਚ ਸ਼ਰਾਬ ਪੀ ਕੇ ਅਤੇ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਹੰਗਾਮੀ ਹਾਲਤ ਦੌਰਾਨ ਯਾਤਰੂਆਂ ਲਈ ਤੁਰੰਤ ਸੇਵਾ ਨੂੰ ਯਕੀਨੀ ਬਣਾਉਣ ਲਈ ਟਰੈਫਿਕ ਪੁਲਿਸ ਵੱਲੋਂ ਹਸਪਤਾਲਾਂ ਤੱਕ ਐਂਬੂਲੈਂਸਾਂ ਨੂੰ ਬੇਰੋਕ ਸੜਕਾਂ ਰਾਹੀਂ ਸੁਰੱਖਿਅਤ ਅਤੇ ਤੇਜ਼ੀ ਨਾਲ ਲਿਜਾਣ ਲਈ ਸਾਰੇ ਵੱਡੇ ਸ਼ਹਿਰਾਂ ਵਿਚ 'ਗਰੀਨ ਕਾਰੀਡੋਰ' ਤਿਆਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਰਾਜ ਅੰਦਰ ਟੋਲ ਪਲਾਜਿਆਂ 'ਤੇ 32 ਟਰੈਫਿਕ ਏਡ ਪੋਸਟਾਂ-ਕਮ ਸਾਂਝ ਪੋਸਟਾਂ ਵੀ ਸਥਾਪਤ ਕੀਤੀਆਂ ਜਾ ਰਹੀਆਂ ਹਨ।

ਸੜਕ ਸੁਰੱਖਿਆ ਬਾਰੇ ਰਵਾਇਤੀ ਪਹੁੰਚ ਵਿਚ ਸੁਧਾਰ ਲਿਆਉਣ ਅਤੇ ਹੋਰ ਵਿਗਿਆਨਕ ਤਰੀਕੇ ਅਪਨਾਉਣ ਬਾਰੇ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ. ਡਾ. ਚੌਹਾਨ ਨੇ ਕਿਹਾ ਸੜਕੀ ਹਾਦਸਿਆਂ ਮੌਕੇ ਜ਼ਖ਼ਮੀਆਂ ਨੂੰ ਮੱਦਦ ਦੇਣ ਅਤੇ ਹੋਰ ਸਹੂਲਤਾਂ ਦੇਣ ਲਈ ਟਰੈਫਿਕ ਪੁਲਿਸ ਨੇ ਪੰਜਾਬ ਟਰੈਫਿਕ ਪ੍ਰਯੋਗਸ਼ਾਲਾ ਨੂੰ ਵਿਸ਼ਾ ਮਾਹਿਰਾਂ ਦੀ ਮੱਦਦ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਿਲੌਰ ਵਿਖੇ ਪੰਜਾਬ ਟਰੈਫਿਕ ਸੰਸਥਾ ਨੂੰ ਵੀ ਸਿਖਲਾਈ ਦੇ ਉਦੇਸ਼ਾਂ ਲਈ ਅਪਗ੍ਰੇਡ ਕੀਤਾ ਜਾਵੇਗਾ। ਉਨਾਂ ਦੱਸਆ ਕਿ ਸੜਕੀ ਹਾਦਸਿਆਂ ਤੋਂ ਪੀੜਤਾਂ ਨੂੰ ਲੋੜੀਂਦੀ ਮੱਦਦ ਪਹੁੰਚਾਉਣ ਲਈ ਨਾਗਰਿਕਾਂ ਨੂੰ ਉਤਸ਼ਾਹਿਤ ਕਰਨ ਖਾਤਰ ਟਰੈਫਿਕ ਪੁਲਿਸ ਇਸ ਵਰ੍ਹੇਤੋਂ 'ਭਾਈ ਕਨੱਈਆ ਸੇਵਾ ਸਨਮਾਨ' ਸ਼ੁਰੂ ਕਰੇਗੀ।

ਸੜਕ ਸੁਰੱਖਿਆ ਦੇ ਸਬੰਧ ਵਿਚ ਇਕ ਕਿਸੇ ਵੀ ਕਿਸਮ ਦੀ ਢਿੱਲ੍ਹ ਨਾ ਅਪਣਾਉਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ 'ਦਾ ਪਟਿਆਲਾ ਫਾਊਂਡੇਸ਼ਨ' ਵਰਗੀਆਂ ਗੈਰ-ਸਰਕਾਰੀ ਸਵੈ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਟਰੈਫਿਕ ਪੁਲਿਸ ਵੱਲੋਂ ਰਾਜ ਵਿਚ ਆਵਾਜਾਈ ਨਿਯਮਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਕਰ ਰਹੀ ਸੀ ਅਤੇ ਪਟਿਆਲਾ ਫਾਊਂਡੇਸ਼ਨ ਦੀ ਸਹਾਇਤਾ ਨਾਲ 'ਚਿਲਡਰਨ ਚਲਾਨ ਬੁੱਕ' ਹਾਲ ਹੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੀ ਗਈ ਹੈ ਤਾਂ ਜੋ ਛੋਟੇ ਬੱਚਿਆਂ ਵਿੱਚ ਆਵਾਜਾਈ ਨਿਯਮਾਂ ਸਬੰਧੀ ਵਧੇਰੇ ਚੇਤਨਤਾ ਅਤੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਉਨਾਂ ਕਿਹਾ ਕਿ ਇਸ ਚਲਾਨ ਬੁੱਕ ਨੂੰ ਰਾਜ ਦੇਸਾਰੇ ਸ਼ਹਿਰਾਂ ਵਿਚ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕੀ ਸੁਰੱਖਿਆ ਬਾਰੇ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਲਈ ਜਨਤਕ ਮੀਡੀਆ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਏ.ਡੀ.ਜੀ.ਪੀ ਟਰੈਫਿਕ ਨੇ ਦੱਸਿਆ ਕਿ ਆਵਾਜਾਈ ਨਿਯਮਾਂ ਵਿੱਚ ਆਧੁਨੀਕੀਕਰਨ ਅਤੇ ਇੰਜੀਨੀਅਰਿੰਗ ਲਾਗੂ ਕਰਨ ਲਈ ਰਾਜ ਦੀਆਂ ਤਿੰਨ ਪ੍ਰਮੁੱਖ ਤਕਨੀਕੀ ਸੰਸਥਾਵਾਂ - ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਅਤੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਸ੍ਰੀ ਅੰਮ੍ਰਿਤਸਰ ਨਾਲ ਤਿੰਨ ਦੁਵੱਲੇ ਸਮਝੌਤੇ ਸਹੀਬੱਧ ਕੀਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹੀਆਂ ਪਹਿਲਕਦਮੀਆਂ ਨਾਲ ਰਾਜ ਵਿਚ ਸੜਕ ਸੁਰੱਖਿਆ ਲਈ ਖੋਜ ਅਤੇ ਵਿਕਾਸ ਕੇਂਦਰ ਦੀ ਸਥਾਪਨਾ ਕਰਨ ਵਿਚ ਮੱਦਦ ਕਰੇਗੀ। ਡਾ. ਚੌਹਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ-ਆਰਥਿਕਲਾਗਤ ਮੁਲਾਂਕਣ ਅਨੁਸਾਰ ਟਰੈਫ਼ਿਕ ਪੁਲਿਸ ਨੇ ਸੜਕ ਹਾਦਸਿਆਂ ਵਿਚ ਕਮੀ ਲਿਆਕੇ ਪਿਛਲੇ ਸਾਲ ਦੌਰਾਨ 810 ਕਰੋੜ ਰੁਪਏ ਦੀ ਬੱਚਤ ਵੀ ਕੀਤੀ ਹੈ।

ਉਨਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਸੜਕੀ ਸੁਰੱਖਿਆ ਲਈ ਇਸ ਵੇਲੇ ਅਪਣਾਏ ਜਾ ਰਹੇ ਤਿੰਨ ਬਿੰਦੂਆਂ - ਇੰਜੀਨੀਅਰਿੰਗ, ਇਨਫੋਰਸਮੈਂਟ ਤੇ ਸਿੱਖਿਆ ਤੋਂ ਇਲਾਵਾ ਦੋ ਹੋਰ ਮੁੱਦੇ ਵੀ ਜੋੜੇ ਗਏ ਹਨ ਜਿਸ ਵਿੱਚ ਲੋਕਾਂ ਦੀ ਸ਼ਮੂਲੀਅਤ ਅਤੇ ਇਲੈਕਟਰੋਨਿਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਟਰੈਫਿਕ ਪੁਲਿਸ ਹੋਰ ਬਿਹਤਰ ਤਰੀਕੇ ਨਾਲ ਨਤੀਜੇ ਦੇ ਸਕੇ।