• Home
  • ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਤੇ ਉਠਾਏ ਸਵਾਲ

ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਤੇ ਉਠਾਏ ਸਵਾਲ

ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਸਰਕਾਰ ਦੁਆਰਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਲਈ ਕੀਤੇ ਜਾ ਰਹੇ ਯਤਨਾਂ ਦੀ ਗੰਭੀਰਤਾ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸੰਬੰਧੀ ਬਣਦੇ ਯਤਨ ਨਹੀਂ ਕਰ ਰਹੀ। ਅਰੋੜਾ ਨੇ ਕਿਹਾ ਕਿ ਭਾਵੇਂ ਇਸ ਸੰਬੰਧੀ 2014 ਵਿਚ ਪੰਜਾਬ ਰਾਜ ਨਸ਼ਾ ਛੁਡਾਓ ਅਤੇ ਮੁੜ ਵਸੇਬਾ ਬੋਰਡ ਦਾ ਗਠਨ ਕੀਤਾ ਗਿਆ ਸੀ, ਪਰੰਤੂ ਇਸ ਸੰਬੰਧੀ 2014 ਤੋਂ ਹੁਣ ਤੱਕ ਸਿਰਫ਼ 4 ਮੀਟਿੰਗਾਂ ਹੀ ਕੀਤੀਆਂ ਗਈਆਂ ਹਨ।
ਅਰੋੜਾ ਨੇ ਕਿਹਾ ਕਿ ਜੇਕਰ ਇਸ ਅਤਿ ਸੰਵੇਦਨਸ਼ੀਲ ਮਸਲੇ ਲਈ ਬਜਟ ਵਿਚ ਤਜਵੀਜ਼ ਫ਼ੰਡ ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਮੁਕਤੀ ਅਤੇ ਮੁੜ ਵਸੇਬੇ ਦੇ ਸਾਰੇ ਦਾਅਵੇ ਹਵਾ ਹੁੰਦੇ ਨਜ਼ਰ ਆਉਂਦੇ ਹਨ, ਕਿਉਂਕਿ ਸਾਲ 2013-2014 ਤੋਂ 2017-2018 ਤੱਕ ਜਿੱਥੇ ਬਜਟ ਵਿਚ 326.11 ਕਰੋੜ ਦੀ ਬਜਟ ਐਲੋਕੇਸ਼ਨ ਕੀਤੀ ਗਈ ਸੀ ਉੱਥੇ ਹੀ ਇਸ ਵਿਚ ਮਹਿਜ਼ 161.17 ਕਰੋੜ ਇਸ ਮੰਤਵ ਵਾਸਤੇ ਖ਼ਰਚ ਕੀਤੇ ਗਏ ਜੋ ਕਿ ਬਜਟ ਐਲੋਕੇਸ਼ਨ ਦਾ ਸਿਰਫ਼ 49 ਪ੍ਰਤੀਸ਼ਤ ਬਣਦਾ ਹੈ। ਇਸ ਤੋਂ ਵੱਧ ਹੈਰਾਨੀ ਅਤੇ ਚਿੰਤਾਜਨਕ ਤੁਹਾਡੀ ਸਰਕਾਰ ਵੱਲੋਂ 2017-2018 ਵਿਚ ਇਸ ਮਕਸਦ ਲਈ ਸਿਰਫ਼ 6 ਕਰੋੜ ਦੀ ਐਲੋਕੇਸ਼ਨ ਕਰਨਾ ਹੈ।
'ਆਪ' ਆਗੂ ਨੇ ਕਿਹਾ ਕਿ ਸਿਹਤ ਮੰਤਰੀ ਵੱਲੋਂ ਮੁਹੱਈਆ ਇਹ ਅੰਕੜੇ ਦਰਸਾ ਰਹੇ ਹਨ ਕਿ 2014 ਵਿਚ ਜਦੋਂ ਤੋਂ ਇਸ ਬੋਰਡ ਦਾ ਗਠਨ ਹੋਇਆ ਹੈ ਉਦੋਂ ਤੋਂ ਹੀ ਸਰਕਾਰੀ ਓ.ਪੀ. ਡੀ. ਦੇ ਅੰਕੜੇ ਲਗਾਤਾਰ ਗਿਰਦੇ ਹੋਏ ਕ੍ਰਮਵਾਰ 2014 ਵਿਚ 289366, 2015 ਵਿਚ 189242 ਅਤੇ 2016 ਵਿਚ 149409 ਤੋਂ ਬਾਅਦ 2017 ਵਿਚ 108767 ਤੇ ਆ ਚੁੱਕੇ ਹਨ। ਜਦਕਿ ਇਸ ਦੇ ਉਲਟ ਪ੍ਰਾਈਵੇਟ ਓ.ਪੀ.ਡੀ. ਵਿਚ ਇਹ ਅੰਕੜੇ ਲਗਾਤਾਰ ਵਧਦੇ ਹੋਏ ਕ੍ਰਮਵਾਰ 32258, 74108, 195700 ਤੋਂ ਬਾਅਦ 2017 ਵਿਚ 426619 ਤੇ ਪਹੁੰਚ ਚੁੱਕੇ ਹਨ। ਇਹ ਅੰਕੜੇ ਹੀ ਖ਼ੁਦ ਵਾ ਖ਼ੁਦ ਇਹ ਸਪਸ਼ਟ ਕਰ ਰਹੇ ਹਨ ਕਿ ਇਸ ਮੁੱਦੇ ਤੇ ਸਰਕਾਰ ਲੋਕਾਂ ਵਿਚ ਆਪਣਾ ਵਿਸ਼ਵਾਸ ਖੋ ਚੁੱਕੀ ਹੈ ਅਤੇ ਲੋਕ ਸਰਕਾਰੀ ਓ.ਪੀ.ਡੀ ਦੇ ਬਜਾਏ ਪ੍ਰਾਈਵੇਟ ਓ.ਪੀ.ਡੀ ਨੂੰ ਤਰਜੀਹ ਦੇ ਰਹੇ ਹਨ।
ਅਰੋੜਾ ਨੇ ਕਿਹਾ ਕਿ ਇੱਕ ਜਨ ਪ੍ਰਤੀਨਿਧੀ ਅਤੇ ਪੰਜਾਬ ਦਾ ਚਿੰਤਕ ਹੋਣ ਦੇ ਨਾਤੇ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਦੇ ਇਸ ਅਤਿ ਸੰਵੇਦਨਸ਼ੀਲ ਮਸਲੇ ਲਈ ਸਰਕਾਰ ਨੂੰ ਬੇਹੱਦ ਸੰਜੀਦਗੀ ਨਾਲ ਢੁਕਵੇਂ ਕਦਮ ਪੁੱਟਦੇ ਹੋਏ ਜਿੱਥੇ ਇਸ ਬੋਰਡ ਦੀ ਪ੍ਰਤਿ ਤਿਮਾਹੀ ਬੈਠਕ ਯਕੀਨੀ ਬਣਾਏ ਉੱਥੇ ਹੀ ਇਸ ਮਕਸਦ ਲਈ ਸਰਕਾਰੀ ਫ਼ੰਡਾਂ ਦੀ ਕੋਈ ਕਮੀ ਨਾ ਆਉਣ ਦਿੱਤੀ ਜਾਵੇ ਤਾਂ ਜੋ ਨਸ਼ਾ ਪੀੜਿਤ ਨੌਜਵਾਨਾਂ ਨੂੰ ਪ੍ਰਾਈਵੇਟ ਨਸ਼ਾ ਛੁਡਾਉ ਅਤੇ ਮੁੜ ਵਸੇਬਾ ਕੇਂਦਰਾਂ ਵਿਚ ਜਾਣ ਦੀ ਬਜਾਏ ਸਰਕਾਰੀ ਕੇਂਦਰਾਂ ਵਿਚ ਇਲਾਜ ਮੁਹੱਈਆ ਕਰਾਇਆ ਜਾ ਸਕੇ।