• Home
  • ਪੰਜਾਬ ਸਰਕਾਰ ਵਲੋਂ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਕਰਨ ਲਈ ਨੋਟੀਫਿਕੇਸ਼ਨ ਜਾਰੀ

ਪੰਜਾਬ ਸਰਕਾਰ ਵਲੋਂ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਕਰਨ ਲਈ ਨੋਟੀਫਿਕੇਸ਼ਨ ਜਾਰੀ

ਚੰਡੀਗੜ•, 24 ਅਪ੍ਰੈਲ
ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਪਿਛਲੇ ਸਾਲਾਂ ਦੇ ਮੁਕਾਬਲੇ ਪੰਜ ਦਿਨ ਹੋਰ ਪਿਛੇਤੀ ਕਰਨ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ ਜਿਸ ਕਰਕੇ ਆਉਂਦੇ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਹੋਵੇਗੀ।
ਇਸ ਦੀ ਜਾਣਕਾਰੀ ਦਿੰਦੇ ਹੋਏ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਵਿਸ਼ਵਜੀਤ ਖੰਨਾ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਪਨੀਰੀ ਦੀ ਬਿਜ਼ਾਈ ਅਤੇ ਝੋਨੇ ਦੀ ਲਵਾਈ 5 ਦਿਨ ਪਿਛੇਤੀ ਕਰ ਦਿਤੀ ਹੈ ਜਿਸ ਕਾਰਨ ਇਸ ਸਾਲ ਝੋਨੇ ਦੀ ਬਿਜਾਈ 20 ਜੂਨ ਤੋਂ ਸ਼ੁਰੂ ਹੋਵੇਗੀ। ਉਨ•ਾਂ ਦਸਿਆ ਕਿ ਇਸ ਦਾ ਮੁੱਖ ਮਕਸਦ ਧਰਤੀ ਹੇਠਲੇ ਪਾਣੀ ਦੇ ਪੱਧਰ ਹੋਰ ਹੇਠਾਂ ਜਾਣ ਤੋਂ ਰੋਕਣਾ ਅਤੇ ਸੂਬੇ ਨੂੰ ਮਾਰੂਥਲ ਬਣਨ ਤੋਂ ਠੱਲ ਪਾਉਣਾ ਹੈ। ਗੌਰਤਲਬ ਹੈ ਕਿ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਤਕਰੀਬਨ 2.5 ਫੁਟ ਪ੍ਰਤੀ ਸਾਲ ਹੇਠਾਂ ਜਾ ਰਿਹਾ ਹੈ ਜਿਸ ਕਰਕੇ ਇਹ ਫੈਸਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਲਾਹ ਨਾਲ ਕੀਤਾ ਗਿਆ ਹੈ।
ਖੇਤੀਬਾੜੀ ਵਿਭਾਗ ਵਲੋਂ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ ਇਸ ਸਾਲ ਝੋਨੇ ਦੀ ਪਨੀਰੀ ਪਿਛਲੇ ਸਾਲ ਦੀ 15 ਮਈ ਦੀ ਬਜਾਏ 20 ਮਈ ਤੋਂ ਲਾਏ ਜਾਣ ਦੀ ਤਰੀਕ ਨਿਰਧਾਰਤ ਕੀਤੀ ਹੈ। ਇਹ ਨੋਟੀਫਿਕੇਸ਼ਨ ਪ੍ਰੋਵੀਜ਼ਨ ਆਫ ਪੰਜਾਬ ਪਰੈਜਰਵੇਸ਼ਨ ਆਫ ਸਬ ਸੋਇਲ ਵਾਟਰ ਐਕਟ 2009 ਅਧੀਨ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਰਕਾਰ ਨੇ 2014 ਵਿਚ ਝੋਨੇ ਦੀ ਲਵਾਈ ਦੀ ਤਰੀਕ 15 ਜੂਨ ਨਿਸ਼ਚਤ ਕੀਤੀ ਹੈ।
ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕੇ ਐਸ ਪਨੂੰ ਨੇ ਇਸ ਫੈਸਲੇ ਦੇ ਹਾਂ ਪੱਖੀ ਪੱਖਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ 14 ਲੱਖ ਟਿਉਬਵੈਲ ਇਹਨਾਂ 5 ਦਿਨ•ਾਂ ਵਿੱਚ 24 ਲੱਖ ਮੀਲੀਅਨ ਲੀਟਰ ਪਾਣੀ ਜ਼ਮੀਨ ਚੋਂ ਖਿਚਦੇ ਹਨ। ਇਸ ਲਈ 5 ਦਿਨ ਦੀ ਦੇਰੀ ਨਾਲ ਇਹ ਪਾਣੀ ਬਚਾਇਆ ਜਾ ਸਕੇਗਾ, ਜੋ ਕਿ ਪੂਰੇ ਪੰਜਾਬ ਦੇ ਘਰੇਲੂ ਵਰਤੋਂ ਦੇ 2 ਸਾਲ ਦੇ ਪਾਣੀ ਦੇ ਬਰਾਬਰ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਨੇ ਇਸ ਸਬੰਧ ਵਿਚ ਕਿਹਾ ਕਿ ਇਸ ਫੈਸਲੇ ਨਾਲ ਕੇਵਲ ਪਾਣੀ ਵਰਗੇ ਕੀਮਤੀ ਕੁਦਰਤੀ ਵਸੀਲਿਆਂ ਨੂੰ ਹੀ ਬਚਾਇਆ ਨਹੀ ਜਾ ਸਕੇਗਾ ਸਗੋਂ ਖੇਤੀ ਉਪਰ ਆਉਂਦੇ ਖਰਚੇ ਨੂੰ ਵੀ ਘਟਾਇਆ ਜਾ ਸਕੇਗਾ।