• Home
  • ਪੰਜਾਬ ਵਿੱਚ ਗਊ ਰੱਖਿਆ ਦੇ ਨਾਂ ਉਤੇ ਹਿੰਸਾ ਨਹੀਂ ਕਰਨ ਦਿੱਤੀ ਜਾਵੇਗੀ: -ਬਲਬੀਰ ਸਿੰਘ ਸਿੱਧੂ

ਪੰਜਾਬ ਵਿੱਚ ਗਊ ਰੱਖਿਆ ਦੇ ਨਾਂ ਉਤੇ ਹਿੰਸਾ ਨਹੀਂ ਕਰਨ ਦਿੱਤੀ ਜਾਵੇਗੀ: -ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ, 30 ਅਪ੍ਰੈਲ-(ਪਰਮਿੰਦਰ ਸਿੰਘ ਜੱਟਪੁਰੀ)
ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਗਊ ਰੱਖਿਆ ਦੇ ਨਾਂ ਉਤੇ ਹਿੰਸਾ ਬਿਲਕੁੱਲ ਬਰਦਾਸ਼ਤ ਨਹੀਂ ਹੋਵੇਗੀ ਅਤੇ ਜੇ ਕੋਈ ਹਿੰਸਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਸ. ਸਿੱਧੂ ਨੇ ਕਿਹਾ ਕਿ ਗਊ ਰੱਖਿਆ ਦੇ ਨਾਂ ਉਤੇ ਜੇ ਕੋਈ ਕਿਸਾਨਾਂ ਦਾ ਨੁਕਸਾਨ ਕਰਦਾ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਇਸ ਮੌਕੇ ਉਨ੍ਹਾਂ ਕਿਰਤ ਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਵਿਭਾਗੀ ਕੰਮਾਂ ਦੀ ਸਮੀਖਿਆ ਕੀਤੀ ਅਤੇ ਕੰਮ ਨੂੰ ਲੀਹ ਉਤੇ ਪਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਰੌਣੀ ਤੇ ਨਾਭਾ ਫਾਰਮਾਂ ਦਾ ਦੌਰਾ ਕੀਤਾ ਹੈ, ਜਿੱਥੇ ਕੰਮ ਤਸੱਲੀਬਖ਼ਸ਼ ਪਾਇਆ ਗਿਆ। ਉਨ੍ਹਾਂ ਗਾਵਾਂ ਦੀ ਸਾਹੀਵਾਲ ਨਸਲ ਦੇ ਵਿਕਾਸ ਦੀ ਗੱਲ ਆਖੀ ਅਤੇ ਕਿਹਾ ਕਿ ਇਹ ਨਸਲ ਆਪਣੇ ਦੇਸ਼ ਦੇ ਮੌਸਮ ਦੇ ਅਨੁਕੂਲ ਹੈ, ਜੋ ਇੱਥੋਂ ਦੇ ਤਾਪਮਾਨ ਵਿੱਚ ਆਸਾਨੀ ਨਾਲ ਰਹਿ ਸਕਦੀ ਹੈ, ਜਦੋਂ ਕਿ ਜਰਸੀ ਤੇ ਐਚ.ਐਫ. ਗਾਵਾਂ ਬੇਸ਼ੱਕ ਦੁੱਧ ਤਾਂ ਵੱਧ ਦਿੰਦੀਆਂ ਹਨ ਪਰ ਇਹ ਕਿਸਮਾਂ ਬਾਹਰੀ ਹੋਣ ਕਾਰਨ ਉਨ੍ਹਾਂ ਨੂੰ ਬਿਮਾਰੀਆਂ ਵੀ ਜ਼ਿਆਦਾ ਘੇਰਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਅਸੀਂ ਸਾਹੀਵਾਲ ਗਾਵਾਂ ਤੋਂ ਹੀ 30 ਤੋਂ 32 ਕਿਲੋ ਦੁੱਧ ਪ੍ਰਤੀ ਗਾਂ ਦੀ ਪੈਦਾਵਾਰ ਕਰ ਸਕੀਏ ਤਾਂ ਇਹ ਕਿਸਾਨਾਂ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਡੇਅਰੀ ਮਾਲਕਾਂ ਦੇ ਹਿੱਤਾਂ ਦੀ ਰਾਖੀ ਲਈ ਸਰਕਾਰ ਵਚਨਬੱਧ ਹੈ ਅਤੇ ਸਹਾਇਕ ਧੰਦੇ ਵਜੋਂ ਡੇਅਰੀ ਦੇ ਕਿੱਤੇ ਨੂੰ ਹੋਰ ਉਤਸ਼ਾਹਤ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਫੰਡਾਂ ਦੀ ਵੰਡ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਅਤੇ ਆਖਿਆ ਕਿ ਉਹ ਅਗਲੇ ਦਿਨਾਂ ਵਿੱਚ ਜ਼ਿਲ੍ਹਾ ਹੈੱਡ ਕੁਆਰਟਰਾਂ ਉਤੇ ਜਾ ਕੇ ਕਿਰਤੀਆਂ ਸਬੰਧੀ ਸਕੀਮਾਂ ਦੀ ਸਮੀਖਿਆ ਕਰਨਗੇ। ਉਨ੍ਹਾਂ ਨਿਰਮਾਣ ਕਾਮਿਆਂ ਦੀ ਰਜਿਸਟਰੇਸ਼ਨ ਦਾ ਰਹਿੰਦਾ ਬੈਕਲਾਗ ਤੁਰੰਤ ਪੂਰਾ ਕਰਨ ਦਾ ਆਦੇਸ਼ ਦਿੱਤਾ ਅਤੇ ਕਿਹਾ ਕਿ ਕਿਰਤੀਆਂ ਦੀਆਂ ਉਜਰਤਾਂ ਦੀ ਸਮਾਂਬੱਧ ਅਦਾਇਗੀ ਹੋਵੇ। ਇਸ ਸਬੰਧੀ ਐਸਡੀਐਮ ਦੇ ਪੱਧਰ ਉਤੇ ਕਮੇਟੀਆਂ ਬਣਾਈਆਂ ਜਾਣ, ਜੋ ਕਿਰਤੀਆਂ ਦੀਆਂ ਰੱਦ ਹੋਈਆਂ ਅਰਜ਼ੀਆਂ ਦੀ ਘੋਖ ਕਰਨਗੀਆਂ।

ਸ. ਸਿੱਧੂ ਨੇ ਠੇਕੇਦਾਰਾਂ ਅਧੀਨ ਕੰਮ ਕਰਦੇ ਆਊਟ-ਸੋਰਸ ਜਾਂ ਡੇਲੀਵੇਜ ਕਾਮਿਆਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਉਣ ਲਈ ਵੀ ਆਖਿਆ। ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਕਿਰਤ ਸੰਜੇ ਕੁਮਾਰ, ਵਧੀਕ ਡਾਇਰੈਕਟਰ ਫੈਕਟਰੀਜ਼ ਪੰਜਾਬ ਸੋਢੀ ਮੱਲ, ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਵਧੀਕ ਕਿਰਤ ਕਮਿਸ਼ਨਰ ਪੰਜਾਬ ਮੋਨਾ ਪੁਰੀ, ਸੰਯੁਕਤ ਡਾਇਰੈਕਟਰ ਫੈਕਟਰੀਜ਼ ਪੰਜਾਬ ਐਮ.ਪੀ. ਬੇਰੀ, ਉਪ ਸਕੱਤਰ ਪੰਜਾਬ ਬਿਲਡਿੰਗ ਤੇ ਅਦਰ ਕਸਟਰਕਸ਼ਨ ਬੋਰਡ ਐਸ.ਐਸ. ਬਾਂਡੀ, ਵਧੀਕ ਕਿਰਤ ਕਮਿਸ਼ਨਰ ਮੁਹਾਲੀ ਜੇ.ਪੀ. ਸਿੰਘ ਹਾਜ਼ਰ ਸਨ।