• Home
  • ਪੰਜਾਬ ਵਿਚ ਵਾਧੂ ਬਿਜਲੀ ਨਹੀਂ ਹੈ ਕਹਿ ਕੇ ਕਾਂਗੜ ਆਪਣੇ ਮੁੱਖ ਮੰਤਰੀ ਨੂੰ ਝੁਠਲਾ ਰਹੇ ਹਨ: ਅਕਾਲੀ ਦਲ

ਪੰਜਾਬ ਵਿਚ ਵਾਧੂ ਬਿਜਲੀ ਨਹੀਂ ਹੈ ਕਹਿ ਕੇ ਕਾਂਗੜ ਆਪਣੇ ਮੁੱਖ ਮੰਤਰੀ ਨੂੰ ਝੁਠਲਾ ਰਹੇ ਹਨ: ਅਕਾਲੀ ਦਲ

ਚੰਡੀਗੜ 28 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਨਵੇਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਇਹ ਦਾਅਵਾ ਕਰਕੇ ਕਿ ਪੰਜਾਬ ਨੇ ਅਜੇ ਵਾਧੂ ਬਿਜਲੀ ਵਾਲਾ ਰੁਤਬਾ ਹਾਸਿਲ ਨਹੀਂ ਕੀਤਾ, ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਝੁਠਲਾ ਰਹੇ ਹਨ। ਇਸ ਤੋਂ ਇਲਾਵਾ ਉਹ ਇਹ ਵੀ ਝੂਠ ਬੋਲ ਰਹੇ ਹਨ ਕਿ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਲਿਆ ਗਿਆ ਸੀ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਗੁਰਪ੍ਰੀਤ ਸਿੰਘ ਕਾਂਗੜ ਦਾਅਵਾ ਕਰ ਰਹੇ ਹਨ ਕਿ ਪੰਜਾਬ ਨੇ ਅਜੇ ਵਾਧੂ ਬਿਜਲੀ ਵਾਲੇ ਸੂਬੇ ਨਾਲ ਰੁਤਬਾ ਹਾਸਿਲ ਨਹੀਂ ਕੀਤਾ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਦੇ ਹੀ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ।  ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਰਪੋਰੇਟ ਮੁਖੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਵਾਸਤੇ ਅਪੀਲ ਕਰਦਿਆਂ ਦੱਸਿਆ ਸੀ ਕਿ ਅਕਾਲੀ-ਭਾਜਪਾ ਦੇ ਕਾਰਜਕਾਲ ਸਮੇਂ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਗਿਆ ਸੀ। ਉਹਨਾਂ ਕਿਹਾ ਕਿ ਇਹ ਇੱਕ ਰਿਕਾਰਡ ਹੋ ਚੁੱਕਿਆ ਤੱਥ ਹੈ। ਕੈਪਟਨ ਅਮਰਿੰਦਰ ਇਹ ਗੱਲ ਕਹਿ ਚੁੱਕੇ ਹਨ ਕਿ ਮੁਲਕ ਵਿਚ ਪੰਜਾਬ ਹੀ ਇਕਲੌਤਾ ਵਾਧੂ ਬਿਜਲੀ ਵਾਲਾ ਸੂਬਾ ਹੈ, ਜਿਸ ਕੋਲ ਉਦਯੋਗਿਕ ਇਕਾਈਆਂ ਨੂੰ ਸਸਤੇ ਭਾਅ ਉੱਤੇ ਦੇਣ ਵਾਸਤੇ ਵਾਧੂ ਬਿਜਲੀ ਹੈ। ਜੇ ਤੁਸੀਂ ਅਜੇ ਵੀ ਇਸ ਗੱਲ ਉੱਤੇ ਭਰੋਸਾ ਨਹੀਂ ਕਰਦੇ ਤਾਂ ਤੁਹਾਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅਜਿਹਾ ਬਿਆਨ ਦਿੰਦੇ ਹੋਏ ਤੁਹਾਡੇ ਮੁੱਖ ਮੰਤਰੀ ਝੂਠ ਬੋਲ ਰਹੇ ਸਨ। ਜੇਕਰ ਅਜਿਹਾ ਨਹੀਂ ਹੈ ਤਾਂ ਤੁਹਾਨੂੰ ਅਜਿਹੇ ਗੈਰਜ਼ਿੰਮੇਵਾਰ ਅਤੇ ਝੂਠੇ ਬਿਆਨ ਦੇਣ ਲਈ  ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਕਿਉਂਕਿ ਤੁਹਾਡੇ ਅਜਿਹੇ ਬਿਆਨ ਸੰਭਾਵੀ ਨਿਵੇਸ਼ਕਾਰਾਂ ਨੂੰ ਡਰਾ ਸਕਦੇ ਹਨ ਅਤੇ ਸੂਬੇ ਲਈ ਮਹਿੰਗੇ ਸਾਬਿਤ ਹੋ ਸਕਦੇ ਹਨ।

ਸਰਦਾਰ ਗਰੇਵਾਲ ਨੇ ਕਿਹਾ ਕਿ ਇਹ ਵੀ ਬਹੁਤ ਹੈਰਾਨੀ ਦੀ ਗੱਲ ਹੈ ਕਿ ਨਵੇਂ ਬਿਜਲੀ ਮੰਤਰੀ, ਜਿਹੜੇ ਖੁਦ ਬਠਿੰਡਾ ਰਿਫਾਈਨਰੀ ਦੇ ਠੇਕੇਦਾਰਾਂ ਤੋਂ ਗੁੰਡਾਟੈਕਸ ਵਸੂਲਣ ਦੇ ਦੋਸ਼ੀ ਹਨ, ਪੰਜਾਬ ਦੇ ਵਾਧੂ ਬਿਜਲੀ ਵਾਲਾ ਸੂਬਾ ਹੋਣ ਬਾਰੇ ਅਣਜਾਣ ਹਨ, ਕਿਉਂਕਿ ਇਹ ਗੱਲ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਰੂਪ ਰੇਖਾ ਤਿਆਰ ਕਰਦੇ ਸਮੇਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਵਾਰ ਵਾਰ ਕਹੀ ਜਾਂਦੀ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਤੁਹਾਨੂੰ ਯਕੀਨ ਸੀ ਕਿ ਸੂਬੇ ਨੇ ਅਜੇ ਵਾਧੂ ਬਿਜਲੀ ਵਾਲਾ ਰੁਤਬਾ ਹਾਸਿਲ ਨਹੀਂ ਕੀਤਾ ਤਾਂ ਤੁਸੀਂ ਆਪਣੇ ਵਿੱਤ ਮੰਤਰੀ ਦੀ ਗੱਲ ਨੂੰ ਕਿਉਂ ਨਹੀਂ ਝੁਠਲਾਇਆ ਅਤੇ ਤੁਸੀਂ ਬਠਿੰਡਾ ਥਰਲ ਪਲਾਂਟ ਨੂੰ ਬੰਦ ਕੀਤੇ ਜਾਣ ਦਾ ਸਮਰਥਨ ਕਿਉਂ ਕੀਤਾ ਸੀ?

ਨਵੇਂ ਬਿਜਲੀ ਮੰਤਰੀ ਨੂੰ ਆਪਣੇ ਤੱਥ ਸਹੀ ਦਰੁਸਤ ਕਰਨ ਅਤੇ ਲੋਕਾਂ ਅੱਗੇ ਝੂਠ ਨਾ ਬੋਲਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਕਾਂਗੜ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਪ੍ਰਕਿਰਿਆ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਹੀ ਲਗਭਗ ਮੁਕੰਮਲ ਕੀਤੀ ਜਾ ਚੁੱਕੀ ਸੀ। ਉਹਨਾਂ ਕਿਹਾ ਕਿ ਕਾਂਗੜ ਦੀ ਜਾਣਕਾਰੀ ਲਈ ਦੱਸਦੇ ਹਾਂ ਕਿ ਅਕਾਲੀ ਭਾਜਪਾ ਕਾਰਜਕਾਲ ਦੌਰਾਨ ਇਸ ਪਲਾਂਟ ਦੇ ਆਧੁਨਿਕੀਕਰਨ ਉੱਤੇ 600 ਕਰੋੜ ਰੁਪਏ ਖਰਚ ਕੀਤੇ ਗਏ ਸਨ ਅਤੇ ਕੈਬਨਿਟ ਨੇ ਇਸ ਪਲਾਂਟ ਨੂੰ ਬੰਦ ਕਰਨ ਦੇ ਕਿਸੇ ਵੀ ਮਤੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਪਿਛਲੇ ਸਾਲ 20 ਦਸੰਬਰ ਨੂੰ ਕਾਂਗਰਸ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਇਸ ਸੰਬੰਧੀ ਲਏ ਫੈਸਲੇ ਮਗਰੋਂ ਬੰਦ ਕੀਤਾ ਗਿਆ ਸੀ। ਕਾਂਗੜ ਨੂੰ ਆਪਣੀ ਸਰਕਾਰ ਵੱਲੋਂ ਲਏ ਗਲਤ ਫੈਸਲਿਆਂ ਨੂੰ ਕੱਜਣ ਲਈ ਝੂਠ ਨਹੀਂ ਬੋਲਣਾ ਚਾਹੀਦਾ।

ਸਰਦਾਰ ਗਰੇਵਾਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੂਝ ਸਦਕਾ ਵਾਧੂ ਬਿਜਲੀ ਵਾਲਾ ਸੂਬਾ ਬਣ ਚੁੱਕਿਆ ਹੈ। ਸਰਦਾਰ ਬਾਦਲ ਨੇ ਇਸ ਵਾਸਤੇ ਪੰਜਾਬ ਵਿਚ 4000 ਮੈਗਾਵਾਟ ਵਾਧੂ ਬਿਜਲੀ ਪੈਦਾ ਕਰਨ ਵਾਲੇ ਤਿੰਨ ਥਰਮਲ ਪਲਾਂਟ ਲਗਵਾਏ ਸਨ। ਉਹਨਾਂ ਕਿਹਾ ਕਿ ਇਹ ਸਭ ਪਿਛਲੀ ਕਾਂਗਰਸ ਸਰਕਾਰ ਦੀ ਨਾਕਾਮੀ ਕਰਕੇ ਪੈਦਾ ਹੋਏ ਬਿਜਲੀ ਸਪਲਾਈ ਦੇ 30 ਫੀਸਦੀ ਘਾਟੇ ਨੂੰ ਪੂਰਾ ਕਰਨ ਲਈ ਕੀਤਾ ਗਿਆ ਸੀ, ਕਿਉਂਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਬਿਜਲੀ ਦੇ ਭੰਡਾਰ ਵਿਚ ਇੱਕ ਵਾਟ ਦਾ ਵੀ ਵਾਧਾ ਨਹੀਂ ਸੀ ਕੀਤਾ।  ਸਰਦਾਰ ਕਾਂਗੜ ਇੱਕ ਬਿਜਲੀ ਮੰਤਰੀ ਵਜੋਂ ਇਹਨਾਂ ਸਾਰੇ ਅੰਕੜਿਆਂ ਨੂੰ ਖੁਦ ਚੈਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਸਰਦਾਰ ਕਾਂਗੜ ਆ ਰਹੇ ਝੋਨਾ ਲਵਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬੇਰੋਕ ਬਿਜਲੀ ਦੇਣ 'ਚ ਆਪਣੀ ਸੰਭਾਵੀ ਨਾਕਾਮੀ ਤੋਂ ਡਰਦੇ ਅਜਿਹੇ ਗੁੰਮਰਾਹਕੁਨ ਬਿਆਨ ਦੇ ਰਹੇ ਹਨ।