• Home
  • ਪੰਜਾਬ ਲਈ ਇਤਿਹਾਸਿਕ ਪਲ-ਸਵੱਛ ਸਰਵੇਖਣ ‘ਚ ਮੂਨਕ ਤੇ ਭਾਦਸੋਂ ਨੇ ਮਾਰੀ ਬਾਜ਼ੀ 

ਪੰਜਾਬ ਲਈ ਇਤਿਹਾਸਿਕ ਪਲ-ਸਵੱਛ ਸਰਵੇਖਣ ‘ਚ ਮੂਨਕ ਤੇ ਭਾਦਸੋਂ ਨੇ ਮਾਰੀ ਬਾਜ਼ੀ 

ਚੰਡੀਗੜ•, 17 ਮਈ : (ਖਬਰ ਵਾਲੇ ਬਿਊਰੋ)
ਇਹ ਪੰਜਾਬ ਲਈ ਇੱਕ ਇਤਿਹਾਸਿਕ ਪਲ ਹੈ ਜਦੋਂ ਉਸਦੇ ਦੋ ਸ਼ਹਿਰਾਂ ਨੇ ਸਫ਼ਾਈ ਮਾਪਦੰਡਾਂ ਦੇ ਮਾਮਲੇ ਵਿੱਚ ਕੌਮੀ ਪੱਧਰ ਉੱਤੇ ਬਾਜੀ ਮਾਰੀ ਹੈ। ਪਟਿਆਲਾ ਖੇਤਰ ਦੇ ਸ਼ਹਿਰ ਭਾਦਸੋਂ ਨੂੰ 1 ਲੱਖ ਤੋਂ ਹੇਠਲੀ ਆਬਾਦੀ ਦੇ ਸ਼ਹਿਰਾਂ ਪੱਖੋਂ ਉੱਤਰੀ ਭਾਰਤ ਦਾ ਸਭ ਤੋਂ ਸਾਫ਼ ਸ਼ਹਿਰ ਐਲਾਨਿਆ ਗਿਆ ਹੈ। ਪੰਜਾਬ ਦੇ ਹੀ ਇੱਕ ਹੋਰ ਸ਼ਹਿਰ ਮੂਨਕ ਨੂੰ ਸਿਟੀਜ਼ਨ ਫੀਡਬੈਕ ਭਾਵ ਲੋਕਾਂ ਦੀ ਰਾਇ ਪੱਖੋਂ ਉੱਤਰੀ ਭਾਰਤ ਦਾ ਸਰਵੋਤਮ ਸ਼ਹਿਰ ਐਲਾਨਿਆ ਗਿਆ ਹੈ। ਉੱਤਰੀ ਜ਼ੋਨ ਵਿੱਚ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਸ਼ਾਮਲ ਹਨ।
ਇਹ ਧਿਆਨ ਦੇਣ ਯੋਗ ਹੈ ਕਿ ਭਾਰਤ ਸਰਕਾਰ ਨੇ ਸਵੱਛ ਸਰਵੇਖਣ-2018 ਜੋ ਕਿ ਕੇਂਦਰੀ ਸਿਹਤ ਅਤੇ ਸ਼ਹਿਰੀ ਮਾਮਲੇ ਦੇ ਮੰਤਰਾਲਿਆਂ ਵੱਲੋਂ ਕਰਵਾਇਆ ਗਿਆ ਸੀ, ਦੇ ਨਤੀਜੇ ਐਲਾਨ ਦਿੱਤੇ ਹਨ। ਬੀਤੇ ਵਰ•ੇ ਸਵੱਛ ਸਰਵੇਖਣ ਭਾਰਤ ਭਰ ਦੇ 1 ਲੱਖ ਜਾਂ ਉਸ ਤੋਂ ਵੱਧ ਆਬਾਦੀ ਵਾਲੇ 434 ਸ਼ਹਿਰਾਂ ਵਿੱਚ ਕਰਵਾਇਆ ਗਿਆ ਸੀ। ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ 16 ਸ਼ਹਿਰਾਂ ਵਿੱਚੋਂ ਮੁਹਾਲੀ ਨੂੰ 121ਵਾਂ ਸਥਾਨ ਹਾਸਿਲ ਹੋਇਆ ਜਦੋਂ ਕਿ ਬਾਕੀ ਕੁਝ ਹੋਰ ਸ਼ਹਿਰਾਂ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਹੀਂ ਰਹੀ। ਸਵੱਛ ਸਰਵੇਖਣ 2018 ਵਿੱਚ ਭਾਰਤ ਭਰ ਦੇ 4203 ਸ਼ਹਿਰਾਂ ਨੂੰ ਸੇਵਾਵਾਂ ਦੇ ਪੱਧਰ ਉੱਤੇ ਕੀਤੀ ਕਾਰਗੁਜ਼ਾਰੀ, ਲੋਕਾਂ ਦੁਆਰਾ ਪ੍ਰਗਟਾਈ ਰਾਇ ਅਤੇ ਸਿੱਧੇ ਤੌਰ 'ਤੇ ਪਰਖ ਕਰਨ ਦੇ 3 ਮਾਪਦੰਡਾਂ ਪੱਖੋਂ ਜਾਂਚਿਆ ਗਿਆ ਸੀ।
ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਸੂਬੇ ਦੀ  ਇਸ ਸ਼ਾਨਦਾਰ ਕਾਮਯਾਬੀ ਲਈ ਵਿਭਾਗ ਦੇ ਅਫ਼ਸਰਾਂ ਖਾਸ ਕਰਕੇ ਪ੍ਰਮੁੱਖ ਸਕੱਤਰ ਸੀ੍ਰ ਏ. ਵੇਣੂੰ ਪ੍ਰਸਾਦ ਅਤੇ ਮਿਸ਼ਨ ਡਾਇਰੈਕਟਰ ਸੀ੍ਰ ਅਜੋਏ ਸ਼ਰਮਾ ਨੂੰ ਵਧਾਈ ਦਿੱਤੀ ਹੈ।
ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ. ਵੇਣੂੰ ਪ੍ਰਸਾਦ ਨੇ ਕਿਹਾ ਕਿ ਇਹ ਕਾਮਯਾਬੀ  ਸ. ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਭਰ ਵਿੱਚ ਸਫ਼ਾਈ ਅਤੇ ਸਵੱਛ ਭਾਰਤ ਮਿਸ਼ਨ ਨੂੰ ਦਿੱਤੀ ਗਈ ਤਰਜੀਹ ਅਤੇ ਪੰਜਾਬ ਨੂੰ ਸਾਫ਼ ਤੇ ਹਰਿਆਵਲ ਭਰਪੂਰ ਬਣਾਉਣ ਪੱਖੋਂ ਦਿੱਤੀ ਅਗਵਾਈ ਦਾ ਸਿੱਟਾ ਹੈ। ਉਨ•ਾਂ ਇਸ ਪ੍ਰਾਪਤੀ ਲਈ ਭਾਦਸੋਂ ਅਤੇ ਮੂਣਕ ਸ਼ਹਿਰਾਂ ਦੀ  ਸ਼ਲਾਘਾ ਕਰਦੇ ਹੋਏ ਇਹ ਉਮੀਦ ਜ਼ਾਹਿਰ ਕੀਤੀ ਕਿ ਜਦੋਂ ਆਉਣ ਵਾਲੇ ਦਿਨਾਂ ਵਿੱਚ ਸਮੁੱਚੇ ਸ਼ਹਿਰਾਂ ਦੀ ਦਰਜਾਬੰਦੀ  ਨਸ਼ਰ ਹੋ ਜਾਵੇਗੀ ਤਾਂ ਪੰਜਾਬ ਦੇ ਹੋਰ ਸ਼ਹਿਰ ਵੀ ਉੱਤਰੀ ਜ਼ੋਨ ਵਿੱਚ ਉੱਚ ਸਥਾਨ ਹਾਸਿਲ ਕਰਨ ਵਾਲੇ ਸ਼ਹਿਰਾਂ ਵਿੱਚ ਸ਼ੁਮਾਰ ਹੋ ਜਾਣਗੇ। ਉਨ•ਾਂ ਅੱਗੇ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਲੋਕਾਂ ਵੱਲੋਂ ਸਫ਼ਾਈ ਦੇ ਉੱਚ ਮਾਪਦੰਡਾਂ ਨੂੰ ਅਪਣਾਉਣ ਸਬੰਧੀ ਜਾਗਰੂਕ ਹੋਣ ਅਤੇ ਸਵੱਛ ਭਾਰਤ ਮਿਸ਼ਨ ਨੂੰ ਅਪਣਾ ਕੇ ਸ਼ਹਿਰੀ ਸਥਾਨਕ ਸਰਕਾਰਾਂ ਦੇ ਪੱਧਰ ਉੱਤੇ ਸੂਬੇ ਦੇ ਸ਼ਹਿਰਾਂ ਨੂੰ ਕੂੜਾ ਕਰਕਟ ਤੋਂ ਮੁਕਤ ਬਣਾਉਣ ਦੀ ਸ਼ਾਹਦੀ ਭਰਦੇ ਹਨ।
ਉਨ•ਾਂ ਨੇ ਭਾਰਤ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੀ 'ਸਟਾਰ ਰੇਟਿੰਗ ਆਫ਼ ਸਿਟੀਜ਼' ਸਕੀਮ ਬਾਰੇ ਵੀ ਚਾਨਣਾ ਪਾਇਆ ਜਿਸ ਤਹਿਤ ਸਫ਼ਾਈ ਅਤੇ ਸਵੱਛ ਭਾਰਤ ਮਿਸ਼ਨ ਦੇ ਮਾਪਦੰਡਾ ਉੱਤੇ ਮੁਲਕ ਭਰ ਦੇ ਸ਼ਹਿਰਾਂ ਨੂੰ 1 ਤੋਂ 7 ਦੇ ਪੈਮਾਨੇ ਉੱਤੇ ਦਰਜਾਬੰਦੀ ਦਿੱਤੀ ਜਾਵੇਗੀ।