• Home
  • ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕਾਲਜਾਂ ਨੂੰ ਸੀਸੀਟੀਵੀ ਕੈਮਰੇ ਤੇ ਸ਼ਿਕਾਇਤ ਬਕਸੇ ਲਾਉਣ ਲਈ ਕਿਹਾ

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕਾਲਜਾਂ ਨੂੰ ਸੀਸੀਟੀਵੀ ਕੈਮਰੇ ਤੇ ਸ਼ਿਕਾਇਤ ਬਕਸੇ ਲਾਉਣ ਲਈ ਕਿਹਾ

ਚੰਡੀਗੜ੍ਹ 26 ਅਪਰੈਲ-ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਰਾਜ ਭਰ ਦੇ ਸਾਰੇ ਕਾਲਜਾਂ ਨੂੰ ਨੋਟਿਸ ਜਾਰੀ ਕਰ ਕੇ ਵਿਦਿਆਰਥਣਾਂ ਲਈ ਸ਼ਿਕਾਇਤ ਬਕਸੇ ਲਾਉਣ ਦੇ ਨਾਲ ਨਾਲ ਸੀਸੀਟੀਵੀ ਕੈਮਰੇ ਲਾਉਣ ਲਈ ਕਿਹਾ ਹੈ ਤਾਂ ਕਿ ਉਹ ਸੁਰੱਖਿਅਤ ਮਹਿਸੂਸ ਕਰ ਸਕਣ।

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਨਵ ਨਿਯੁਕਤ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਅੱਜ ਇੱਥੇ ਕਮਿਸ਼ਨ ਦੇ ਮੁੱਖ ਦਫ਼ਤਰ ਵਿੱਚ ਵੱਖ ਵੱਖ ਮਾਮਲਿਆਂ ਦੀ ਸੁਣਵਾਈ ਕਰਦਿਆਂ ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਸੂਬੇ ਵਿੱਚ ਔਰਤਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਵਿਆਪਕ ਪੱਧਰ ਉਤੇ ਮੁਹਿੰਮ ਵਿੱਢੀ ਜਾਵੇਗੀ, ਜਿਸ ਤਹਿਤ ਸੂਬੇ ਭਰ ਵਿੱਚ 17 ਥਾਵਾਂ ਉਤੇ ਕੈਂਪ ਲਾਏ ਜਾਣਗੇ। ਔਰਤਾਂ ਦੇ ਅਧਿਕਾਰ ਸੁਰੱਖਿਅਤ ਕਰਨ ਲਈ ਰਾਜ ਦੇ ਵੱਖ ਵੱਖ ਸ਼ਹਿਰਾਂ ਵਿੱਚ ਤਿੰਨ ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ ਤਾਂ ਜੋ ਔਰਤਾਂ ਨੂੰ ਉਨ੍ਹਾਂ ਦੇ ਘਰ ਨਜ਼ਦੀਕ ਹੀ ਇਨਸਾਫ਼ ਮਿਲ ਸਕੇ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਆਉਣ ਦੀ ਲੋੜ ਨਾ ਪਵੇ। ਉਨ੍ਹਾਂ ਕਿਹਾ ਕਿ ਹਸਪਤਾਲਾਂ ਨੂੰ ਵੀ ਸੀਸੀਟੀਵੀ ਕੈਮਰੇ ਲਾਉਣ ਲਈ ਕਿਹਾ ਜਾਵੇਗਾ।

ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਕਮਿਸ਼ਨ ਨੇ ਦਿੱਲੀ ਵਿੱਚ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨਾਲ ਮੁਲਾਕਾਤ ਕਰ ਕੇ ਔਰਤਾਂ ਨੂੰ ਸ਼ਿਕਾਇਤ ਸੁਖਾਲੇ ਢੰਗ ਨਾਲ ਦਰਜ ਕਰਵਾਉਣ ਦਾ ਮੌਕਾ ਦੇਣ ਵਾਸਤੇ ਐਪ ਦੀ ਸਹੂਲਤ ਦੇਣ ਦੀ ਮੰਗ ਕੀਤੀ ਸੀ, ਜਿਸ ਉਤੇ ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਹਾਂ ਪੱਖੀ ਹੁੰਗਾਰਾ ਭਰਿਆ ਹੈ ਅਤੇ ਜਲਦੀ ਇਸ ਬਾਰੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਜੇਲ੍ਹਾਂ ਵਿੱਚ ਔਰਤਾਂ ਦੀ ਹਾਲਤ ਉਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਮਿਸ਼ਨ ਵੱਲੋਂ ਜਲਦੀ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਮਹਿਲਾ ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦੇ ਹੱਲ ਲਈ ਜੇਲ੍ਹ ਵਿਭਾਗ ਨਾਲ ਤਾਲਮੇਲ ਕੀਤਾ ਜਾਵੇਗਾ।

ਚੇਅਰਪਰਸਨ ਨੇ ਜਬਰਜਨਾਹ ਪੀੜਤਾਂ ਲਈ ਮੁਫ਼ਤ ਸਿੱਖਿਆ ਤੇ ਕੌਂਸਲਿੰਗ ਦਾ ਪ੍ਰਬੰਧ ਕਰਨ ਉਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਪੀੜਤਾਂ ਦੀ ਸਮੇਂ ਸਮੇਂ ਉਤੇ ਡਾਕਟਰੀ ਜਾਂਚ ਵੀ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਇਸ ਸਦਮੇ ਵਿੱਚੋਂ ਕੱਢਿਆ ਜਾ ਸਕੇ। ਉਨ੍ਹਾਂ ਔਰਤਾਂ ਦੇ ਅਧਿਕਾਰ ਸੁਰੱਖਿਅਤ ਕਰਨ ਲਈ ਰਾਜ ਭਰ ਵਿੱਚ ਵਿਮੈਨਜ਼ ਸੈੱਲਾਂ ਦਾ ਵੀ ਅਚਨਚੇਤੀ ਦੌਰਾ ਕਰਨ ਦੀ ਗੱਲ ਆਖੀ।

ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਕਮਿਸ਼ਨ ਪਰਿਵਾਰਾਂ ਨੂੰ ਜੋੜਨ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਤਾਂ ਜੋ ਲੋਕਾਂ ਦੀ ਮਿਹਨਤ ਦੀ ਕਮਾਈ ਤੇ ਸਮੇਂ ਦਾ ਬਚਾਅ ਹੋ ਸਕੇ। ਇਸ ਮੌਕੇ ਡਿਪਟੀ ਡਾਇਰੈਕਟਰ ਵਿਜੈ ਕੁਮਾਰ ਵੀ ਹਾਜ਼ਰ ਸਨ।