• Home
  • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਕਰ ਰਹੇ ਹਨ ਚੋਣ ਜ਼ਾਬਤੇ ਦੀ ਉਲੰਘਣਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਕਰ ਰਹੇ ਹਨ ਚੋਣ ਜ਼ਾਬਤੇ ਦੀ ਉਲੰਘਣਾ

ਚੰਡੀਗੜ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹਨ ਅਤੇ ਕਾਨੂੰਨ ਦੀ ਰਾਖੀ ਕਰਨ ਵਾਲੀਆਂ ਏਜੰਸੀਆਂ ਨੂੰ ਧਮਕਾ ਰਹੇ ਹਨ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਕਹਿੰਦੇ ਹੋਏ ਮੰਗ ਕੀਤੀ ਹੈ ਕਿ ਸ਼ਾਹਕੋਟ ਜ਼ਿਮਨੀ ਚੋਣ ਦੀ ਨਿਗਰਾਨੀ ਲਈ ਇੱਕ ਸੀਨੀਅਰ ਅਧਿਕਾਰੀ ਨੂੰ ਨਿਯੁਕਤ ਕੀਤੇ ਜਾਣ ਤੋਂ ਇਲਾਵਾ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਣ ਤਾਂ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ। ਅਕਾਲੀ ਦਲ ਦੇ ਸਕੱਤਰ ਜਨਰਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਇੱਕ ਅਕਾਲੀ ਵਫ਼ਦ, ਜਿਸ ਵਿਚ ਸਾਂਸਦ ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜਰਾਲ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਸ਼ਾਮਿਲ ਸਨ, ਨੇ ਅੱਜ ਇਸ ਸੰਬੰਧੀ ਮੁੱਖ ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਨੂੰ ਇੱਕ ਮੰਗ-ਪੱਤਰ ਸੌਂਪਿਆ ਅਤੇ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਮੁੱਖ ਮੰਤਰੀ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਦੇ ਫੋਨ ਟੇਪ ਕਰਵਾਏ ਜਾ ਰਹੇ ਹਨ। ਵਫ਼ਦ ਨੇ ਮੁੱਖ ਚੋਣ ਕਮਿਸ਼ਨਰ ਨੂੰ ਚੋਣ ਜ਼ਾਬਤੇ ਦੀਆਂ ਇਹਨਾਂ ਸਾਰੀਆਂ ਉਲੰਘਣਾਵਾਂ ਦੀ ਜਾਂਚ ਕਰਵਾਉਣ ਲਈ ਆਖਿਆ।  ਵਫ਼ਦ ਨੇ ਅਕਾਲੀ ਦਲ ਵੱਲੋਂ ਕੀਤੀ ਸ਼ਿਕਾਇਤ ਉੱਤੇ ਇੱਕ ਐਸਡੀਐਮ ਅਤੇ ਦੋ ਐਸਐਚਓਜ਼ ਦੇ ਤਬਾਦਲੇ ਕਰਨ ਲਈ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ,ਪਰ ਨਾਲ ਹੀ ਕਿਹਾ ਕਿ ਅਜੇ ਵੀ ਚੋਣ ਜ਼ਾਬਤੇ ਦੀ ਉਲੰਘਣਾ ਬੋਰੋਕ ਜਾਰੀ ਹੈ। ਇਸ ਬਾਰੇ ਵਿਸਥਾਰ ਵਿਚ ਦੱਸਦਿਆਂ ਵਫ਼ਦ ਨੇ ਕਿਹਾ ਕਿ 7 ਮਈ ਨੂੰ ਮੁੱਖ ਮੰਤਰੀ ਨੇ ਸ਼ਾਹਕੋਟ ਜ਼ਿਮਨੀ ਚੋਣ ਬਾਰੇ ਚੰਡੀਗੜ• ਦੇ ਪੰਜਾਬ ਭਵਨ ਵਿਖੇ ਸਰਕਾਰੀ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ ਵਿਚ ਸਾਰੇ ਸੀਨੀਅਰ ਸਰਕਾਰੀ ਅਧਿਕਾਰੀ ਹਾਜ਼ਿਰ ਸਨ। ਵਫ਼ਦ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਨੇ ਸ਼ਾਹਕੋਟ ਜ਼ਿਮਨੀ ਚੋਣ ਨਾਲ ਜੁੜੇ ਆਪਣੇ ਹੀ ਇੱਕ ਅਧਿਕਾਰੀ ਮਹਿਤਪੁਰ ਦੇ ਐਸਐਚਓ ਖ਼ਿਲਾਫ ਮੁਹਿੰਮ ਚਲਾਈ ਸੀ। ਇਸ ਮੌਕੇ ਮੁੱਖ ਮੰਤਰੀ ਨੇ ਦੂਜੀਆਂ ਪਾਰਟੀਆਂ ਦੇ ਆਗੂਆਂ ਦਾ ਕਾਂਗਰਸ ਵਿਚ ਸ਼ਾਮਿਲ ਹੋਣ ਲਈ ਸਵਾਗਤ ਕਰਕੇ ਵੀ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਸੀ। ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਚੋਣ ਕਮਿਸ਼ਨ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਸੇ ਮੀਟਿੰਗ ਵਿਚ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਦੇ ਬੁਲਾਰੇ ਵਜੋਂ ਵੀ ਕੰਮ ਕੀਤਾ ਸੀ ਅਤੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਕਲੀਨ ਚਿਟ ਦਿੱਤੀ ਸੀ ਜਦਕਿ ਉਹਨਾਂ ਦੀ ਆਪਣੀ ਪੁਲਿਸ ਨੇ ਲਾਡੀ ਵਿਰੁੱਧ ਗੈਰ ਕਾਨੂੰਨੀ ਮਾਈਨਿੰਗ ਦਾ ਪਰਚਾ ਦਰਜ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਮਹਿਤਪੁਰ ਦੇ ਐਸਐਚਓ ਪਰਮਿੰਦਰ ਬਾਜਵਾ ਵੱਲੋਂ ਅਕਾਲੀ ਦਲ ਅਤੇ ਆਪ ਦੇ ਸਿਆਸੀ ਆਗੂਆਂ ਨੂੰ ਕੀਤੀਆਂ ਕਾਲਾਂ ਦਾ ਵੀ ਜ਼ਿਕਰ ਕੀਤਾ ਸੀ, ਜਿਸ ਨੇ ਸਪੱਸ਼ਟ ਕਰ ਦਿੱਤਾ ਕਿ ਸਰਕਾਰ ਵਿਰੋਧੀ ਆਗੂਆਂ ਦੇ ਫੋਨ ਟੇਪ ਕਰ ਰਹੀ ਹੈ। ਵਫ਼ਦ ਨੇ ਚੋਣ ਕਮਿਸ਼ਨ ਨੂੰ ਕਾਂਗਰਸੀ ਉਮੀਦਵਾਰ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕੀਤੇ ਜਾਣ ਅਤੇ ਮਹਿਤਪੁਰ ਦੇ ਐਸਐਸਓ ਨੂੰ ਹਰਦੇਵ ਲਾਡੀ ਖ਼ਿਲਾਫ ਦਰਜ ਕੀਤੀ ਐਫਆਈਆਰ ਵਾਪਸ ਲੈਣ ਲਈ ਪਾਏ ਜਾ ਰਹੇ ਦਬਾਅ ਦੇ ਸਮੁੱਚੇ ਮੁੱਦੇ ਨੂੰ ਆਪਣੇ ਹੱਥਾ ਵਿਚ ਲੈਣ ਲਈ ਆਖਿਆ। ਵਫ਼ਦ ਨੇ ਫੋਨ ਟੇਪਿੰਗ ਦੀਆਂ ਘਟਨਾਵਾਂ ਦੀ ਜਾਂਚ ਦੀ ਮੰਗ ਤੋਂ ਇਲਾਵਾ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਸੂਬਾ ਸਰਕਾਰ ਨੂੰ ਹਦਾਇਤਾਂ ਜਾਰੀ ਕਰੇ ਕਿ ਉਹ ਸ਼ਾਹਕੋਟ ਵਿਚ ਚੋਣ ਡਿਊਟੀ ਕਰ ਰਹੇ ਸਰਕਾਰੀ ਅਧਿਕਾਰੀਆਂ ਨੂੰ ਧਮਕਾਉਣਾ ਬੰਦ ਕਰੇ।