• Home
  • ਪੰਜਾਬ ਦੇ ਮੁੱਖ ਮੰਤਰੀ ਕਿਤਾਬ `ਤੇ ਰੋਕ ਲਗਾਉਣ ਤੇ ਸਿੱਖ ਜਗਤ ਤੋਂ ਵੀ ਮੰਗਣ ਮੁਆਫ਼ੀ -ਭਾਈ ਲੌਂਗੋਵਾਲ

ਪੰਜਾਬ ਦੇ ਮੁੱਖ ਮੰਤਰੀ ਕਿਤਾਬ `ਤੇ ਰੋਕ ਲਗਾਉਣ ਤੇ ਸਿੱਖ ਜਗਤ ਤੋਂ ਵੀ ਮੰਗਣ ਮੁਆਫ਼ੀ -ਭਾਈ ਲੌਂਗੋਵਾਲ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ ਪਾਠ ਪੁਸਤਕ ਵਿਚੋਂ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਖ਼ਤਮ ਕਰਨਾ ਮੰਦਭਾਗੀ ਗੱਲ ਹੈ, ਜਿਸ ਦੀ ਪੰਜਾਬ ਸਰਕਾਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਪ੍ਰੈੱਸ ਬਿਆਨ ਜਾਰੀ ਕਰਦੇ ਉਨ੍ਹਾਂ ਕਿਹਾ ਕਿ ਦੇਸ਼ ਦੇ ਸਭਿਆਚਾਰ ਤੇ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਗੁਰੂ ਸਾਹਿਬਾਨ ਸਮੇਤ ਸਿੱਖ ਸੂਰਬੀਰਾਂ ਦੇ ਯੋਗਦਾਨ ਨੂੰ ਅੱਖੋਂ ਓਹਲੇ ਕਰ ਕੇ ਬਦਲੀ ਗਈ ਪੰਜਾਬ ਦੇ ਇਤਿਹਾਸ ਦੀ ਪੁਸਤਕ ਲਈ ਪੰਜਾਬ ਸਰਕਾਰ ਜ਼ੁੰਮੇਵਾਰ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਤੋਂ ਬਗੈਰ ਪੰਜਾਬ ਦਾ ਇਤਿਹਾਸ ਅਧੂਰਾ ਹੈ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਇਹ ਭੁੱਲਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਖ਼ਿੱਤੇ ਦੀ ਵਿਰਾਸਤ ਨੂੰ ਨੌਜਵਾਨੀ ਤੱਕ ਲੈ ਕੇ ਜਾਣ ਦੀ ਜ਼ੁੰਮੇਵਾਰੀ ਸਰਕਾਰ ਦੀ ਬਣਦੀ ਹੈ ਅਤੇ ਜੇਕਰ ਸਰਕਾਰਾਂ ਹੀ ਸ਼ੱਕੀ ਭੂਮਿਕਾ ਨਿਭਾਉਣ ਲੱਗ ਜਾਣ ਤਾਂ ਫਿਰ ਭਵਿੱਖ ਦੀਆਂ ਪੀੜੀਆਂ ਕਿਹੋ ਜਿਹੇ ਗਿਆਨ ਦੀਆਂ ਧਾਰਨੀ ਹੋਣਗੀਆਂ, ਇਹ ਸਮਝਣਾ ਮੁਸ਼ਕਿਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨਾਲੋਂ ਨੌਜਵਾਨੀ ਨੂੰ ਤੋੜਨ  ਲਈ ਪੰਜਾਬ ਦੀ ਕੈਪਟਨ ਸਰਕਾਰ ਸਿੱਧੇ ਤੌਰ ਤੇ ਦੋਸ਼ੀ ਹੈ ਅਤੇ ਇਸ ਮਾਮਲੇ ਵਿਚ ਕੈਪਟਨ ਦੇ ਬਿਆਨ ਨੇ ਹੋਰ ਵੀ ਸਪਸ਼ਟ ਕਰ ਦਿੱਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇੱਕ ਪਾਸੇ ਇਸ ਮਾਮਲੇ ਨੂੰ ਲੈ ਕੇ ਸਿੱਖ ਜਗਤ ਵਿਚ ਰੋਸ ਪਾਇਆ ਜਾ ਰਿਹਾ ਹੈ ਜਦਕਿ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਹਨ ਕਿ ਸਬੰਧਿਤ ਕਿਤਾਬ ਵਿਚ ਕੁੱਝ ਵੀ ਨਹੀਂ ਬਦਲਿਆ ਗਿਆ। ਕੈਪਟਨ ਵੱਲੋਂ ਮਾਮਲੇ ਸੰਬੰਧੀ ਜਾਂਚ ਕਰਵਾਉਣ ਅਤੇ ਪੁਸਤਕ ਤੇ ਪਾਬੰਦੀ ਲਗਾਉਣ ਦੀ ਥਾਂ ਹਮਾਇਤ ਵਿਚ ਉੱਤਰਨਾ ਪੰਜਾਬ ਸਰਕਾਰ ਦੇ ਸਿੱਖ ਵਿਰੋਧੀ ਮਨਸੂਬਿਆਂ ਦੀ ਤਸਦੀਕ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬਿਨਾ ਦੇਰੀ ਸਰਕਾਰ ਇਸ ਵਿਵਾਦਿਤ ਪੁਸਤਕ ’ਤੇ ਪਾਬੰਦੀ ਲਗਾਵੇ ਅਤੇ ਸਿੱਖਾਂ ਵਿਰੁੱਧ ਕੀਤੀ ਗਈ ਸ਼ਾਜਿਸ ਲਈ ਸਿੱਖ ਜਗਤ ਪਾਸੋਂ ਮੁਆਫ਼ੀ ਵੀ ਮੰਗੇ।