• Home
  • ਪੰਜਾਬ ਦੇ ਕਈ ਜ਼ਿਲ੍ਹਿਆਂ ਚ ਦਫਾ 144 ਲੱਗੀ – ਸਰਕਾਰ ਘੱਲੂਘਾਰਾ ਦਿਵਸ ਤੋਂ ਡਰੀ.?

ਪੰਜਾਬ ਦੇ ਕਈ ਜ਼ਿਲ੍ਹਿਆਂ ਚ ਦਫਾ 144 ਲੱਗੀ – ਸਰਕਾਰ ਘੱਲੂਘਾਰਾ ਦਿਵਸ ਤੋਂ ਡਰੀ.?

ਚੰਡੀਗੜ੍ਹ (ਖਬਰ ਵਾਲੇ ਬਿਊਰੋ)- ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਭਾਰਤੀ ਫੌਜ ਤੋਂ  ਕਰਵਾਏ ਗਏ ਸ੍ਰੀ ਹਰਿਮੰਦਰ ਸਾਹਿਬ ਤੇ ਹਮਲੇ ਦੇ ਰੋਸ ਵਜੋਂ ਹਰ ਵਰ੍ਹੇ ਸਿੱਖ ਜਗਤ ਵੱਲੋਂ ਛੇ ਜੂਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ ।ਹਰ ਸਾਲ ਹੀ ਦੇਸ਼ਾਂ ਵਿਦੇਸ਼ਾਂ ਤੋਂ ਪੁੱਜ ਕੇ ਸਿੱਖ ਸੰਗਤਾਂ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹਿਲਾਂ ਹਮਲੇ ਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਸਿੰਘਣੀਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਂਦੀਆਂ ਹਨ ਅਤੇ ਬਾਅਦ ਵਿੱਚ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਚੌਕ ਮਹਿਤਾ ਵਿਖੇ ਵਿਸ਼ਾਲ ਸਮਾਗਮ ਹੁੰਦਾ ਹੈ ।

ਇਸ ਵਾਰ 6 ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਨੂੰ ਵੇਖਦਿਆਂ ਪੰਜਾਬ ਸਰਕਾਰ ਵਧੇਰੇ ਚੌਕਸ ਹੈ ।ਸਰਕਾਰ ਦੀਆਂ ਸੁਹੀਆਂ  ਏਜੰਸੀਆਂ ਵੱਲੋਂ ਗ੍ਰਹਿ ਵਿਭਾਗ ਨੂੰ ਸਚੇਤ ਕਰਨ ਤੋਂ ਬਾਅਦ ਸਰਕਾਰ ਨੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਜਿੱਥੇ ਦਫ਼ਾ 144 ਲਗਾ ਦਿੱਤੀ ਗਈ ਹੈ ਉੱਥੇ ਮਾਝੇ ਇਲਾਕੇ ਵਿੱਚ ਚੱਪੇ ਚੱਪੇ ਤੇ ਪੁਲੀਸ ਤੋਂ ਇਲਾਵਾ ਅਰਧ ਸੈਨਿਕ ਬਲ ਵੀ ਤਾਇਨਾਤ ਕਰ ਦਿੱਤੇ ਗਏ ਹਨ ।ਇਹ ਵੀ ਪਤਾ ਲੱਗਾ ਹੈ ਕਿ ਇਸ ਵਾਰ ਦੰਦੇ ਟਕਸਾਲ ਦੇ ਹੈੱਡਕੁਆਰਟਰ ਤੇ ਪੰਜਾਬ ਦੀ ਮੌਜੂਦਾ ਸਰਕਾਰ ਤੇ ਸ਼ਬਦੀ ਹਮਲਿਆਂ ਤੋਂ ਇਲਾਵਾ ਸਰਕਾਰ ਵਿਰੁੱਧ ਮਤਾ ਵੀ ਲਿਆਂਦਾ ਜਾ ਸਕਦਾ ਹੈ ਕਿਉਂਕਿ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਮਦਮੀ ਟਕਸਾਲ ਦੇ ਮੁਖੀ ਨੂੰ ਚਿਤਾਵਨੀ ਦਿੱਤੀ ਸੀ ਅਤੇ ਮਰਯਾਦਾ ਦੇ ਉਲਟ ਪ੍ਰਚਾਰ ਕਰਨ ਵਾਲੇ ਸੰਤ ਢੰਡਰੀਆਂ ਵਾਲੇ ਨੂੰ ਥਾਪੜਾ ਦੇ ਕੇ ਸੁਰੱਖਿਆ ਛੱਤਰੀ ਵੀ ਮੁਹੱਈਆ ਕੀਤੀ ਸੀ ।

ਜਿਸ ਤੋਂ ਬਾਅਦ ਦਮਦਮੀ ਟਕਸਾਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਖ਼ਬਾਰਾਂ ਚੋਂ ਬਿਆਨਾਂ ਰਾਹੀਂ ਇਸ ਦਾ ਮੂੰਹ ਤੋੜਵਾਂ ਜਵਾਬ ਵੀ ਦਿੱਤਾ ਗਿਆ ਸੀ । ਤੇ ਬਾਅਦ ਵਿੱਚ ਕਈ ਪੰਥਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਸੀ ਕਿ ਉਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਨਾ ਦਖ਼ਲ ਦੇਵੇ ।