• Home
  • ਪੰਜਾਬ ਦੀ ਖੇਡ ਪ੍ਰਣਾਲੀ ‘ਚ ਪਂੰਜਾਬ ਸਰਕਾਰ ਵੱਡੇ ਪੱਧਰ ‘ਤੇ ਬਦਲਾਅ ਕਰੇਗੀ- ਬਿੱਟੀ

ਪੰਜਾਬ ਦੀ ਖੇਡ ਪ੍ਰਣਾਲੀ ‘ਚ ਪਂੰਜਾਬ ਸਰਕਾਰ ਵੱਡੇ ਪੱਧਰ ‘ਤੇ ਬਦਲਾਅ ਕਰੇਗੀ- ਬਿੱਟੀ

ਪੰਜਾਬ ਦੀਆਂ ਖੇਡਾਂ 'ਚ ਦਿਨੋ ਦਿਨ ਆ ਰਹੇ ਨਿਘਾਰ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਾਂਗਰਸੀ ਆਗੂ ਹਲਕਾ ਸਾਹਨੇਵਾਲ ਦੇ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਅੱਜ ਪਿੰਡ ਜਰਖੜ ਸਟੇਡੀਅਮ ਵਿਖੇ ਸਮਾਪਤ ਹੋਏ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ਸਮਾਰੋਹ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੀ ਖੇਡ ਪ੍ਰਣਾਲੀ 'ਚ ਵੱਡੇ ਪੱਧਰ 'ਤੇ ਬਦਲਾਅ ਹੋਵੇਗਾ।
ਬੀਬੀ ਸਤਵਿੰਦਰ ਕੌਰ ਬਿੱਟੀ ਅਤੇ ਹਾਕੀ ਦੀ ਗੋਲਡਨ ਗਰਲ ਏਸ਼ੀਅਨ ਖੇਡਾਂ ਦੀ ਸੋਨ ਤਗਮਾ ਜੇਤੂ ਖਿਡਾਰਣ ਰਾਜਬੀਰ ਕੌਰ ਰਾਏ ਦਾ ਜਰਖੜ ਸਟੇਡੀਅਮ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਆਪਣੇ ਸਮੇਂ ਦੀਆਂ ਹਾਕੀ ਦੀਆਂ ਨਾਮੀ ਖਿਡਾਰਣਾਂ ਰਹੀਆਂ ਮੈਡਮ ਬਿੱਟੀ ਅਤੇ ਮੈਡਮ ਰਾਜਬੀਰ ਕੌਰ ਨੇ ਆਖਿਆ ਕਿ ਲੜਕੀਆਂ ਦੀ ਸਪੋਰਟਸ ਨੂੰ ਵੱਡੇ ਪੱਧਰ 'ਤੇ ਬੜ੍ਹਾਵਾ ਮਿਲਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਵੱਖ-ਵੱਖ ਖੇਡਾਂ ਨਾਲ ਸਬੰਧਿਤ ਲੜਕੀਆਂ ਦੀਆਂ ਟੀਮਾਂ ਬਣਾਈਆਂ ਜਾਣ। ਇਸ ਨਾਲ ਜਿੱਥੇ ਲੜਕੀਆਂ ਨੂੰ ਰੁਜ਼ਗਰ ਦੇ ਵਧੇਰੇ ਮੌਕੇ ਮੁਹੱਈਆ ਹੋਣਗੇ ਉਥੇ ਲੜਕੀਆਂ 'ਚ ਖੇਡਾਂ ਪ੍ਰਤੀ ਉਤਸ਼ਾਹ ਵਧੇਗਾ। ਖਿਡਾਰਣ ਤੋਂ ਨੇਤਾ ਬਣੇ ਸਤਵਿੰਦਰ ਕੌਰ ਬਿੱਟੀ ਨੇ ਆਖਿਆ ਕਿ ਉਹ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮਿਲਣਗੇ। ਉਹਨਾਂ ਆਖਿਆ ਕਿ ਪ੍ਰਾਈਮਰੀ ਪੱਧਰ 'ਤੇ ਖੇਡਾਂ ਨੂੰ ਮਜਬੂਤ ਕਰਨ ਦਾ ਆਪਣਾ ਸੁਝਾਅ ਦੇਣਗੇ। ਉਹਨਾਂ ਨੂੰ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਸਬੰਧੀ ਕੀਤੇ ਗਏ ਸਵਾਲ ਬਾਰੇ ਉਹਨਾਂ ਜਵਾਬ ਦਿੰਦਿਆਂ ਆਖਿਆ ਕਿ ਪਿਛਲੀ ਸਰਕਾਰ ਨੇ ਜੋ ਖੇਡ ਨੀਤੀ ਬਣਾਈ ਸੀ ਉਹ ਖੇਡਾਂ ਨੂੰ ਉਤਸ਼ਾਹ ਕਰਨ ਲਈ ਘੱਟ ਅਤੇ ਵੋਟਾਂ ਬਟੋਰਨ ਨੂੰ ਜ਼ਿਆਦਾ ਤਰਜੀਹ ਦੇ ਰਹੀ ਸੀ। ਪਰ ਮੌਜੂਦਾ ਪੰਜਾਬ ਸਰਕਾਰ ਇਸ ਵਿਚ ਵੱਡੇ ਪੱਧਰ 'ਤੇ  ਬਦਲਾਅ ਕਰੇਗੀ ਅਤੇ ਅਜਿਹੀ ਸਾਰਥਕ ਨੀਤੀ ਤਿਆਰ ਹੋਵੇਗੀ, ਜਿਸ ਵਿਚ ਖਿਡਾਰੀਆਂ ਦੇ ਹੱਕ ਅਤੇ ਹਿੱਤਾਂ ਦਾ ਜ਼ਿਆਦਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਉਹਨਾਂ ਨੇ ਜਰਖੜ ਹਾਕੀ ਅਕੈਡਮੀ ਅਤੇ ਜਰਖੜ ਸਟੇਡੀਅਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਪੰਜਾਬ ਦੇ ਹਰ ਪਿੰਡ 'ਚ ਅਜਿਹੇ ਉਪਰਾਲੇ ਹੋਣੇ ਚਾਹੀਦੇ ਹਨ । ਜੋ ਵੀ ਖੇਡ ਸੰਸਥਾ ਖੇਡਾਂ ਦੀ ਤਰੱਕੀ 'ਚ ਆਪਣਾ ਯੋਗਦਾਨ ਪਾਏਗੀ, ਪੰਜਾਬ ਸਰਕਾਰ ਉਸਦੀ ਹਰ ਸੰਭਵ ਮਦਦ ਕਰੇਗੀ। ਉਹਨਾਂ ਆਖਿਆ ਕਿ ਉਹਨਾਂ ਦੇ ਮਨ ਦੀ ਚਾਹਨਾ ਹੈ ਕਿ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਹਲਕਾ ਸਾਹਨੇਵਾਲ ਵਿਚ ਇੱਕ-ਦੋ ਅਜਿਹੇ ਖੇਡ ਸੈਂਟਰ ਖੋਲ੍ਹੇ ਜਾਣ ਕਿ ਜਿਸ ਨਾਲ ਨੌਜਵਾਨ ਪੀੜ੍ਹੀ ਅਤੇ ਬੱਚੇ ਖੇਡਾਂ ਪ੍ਰਤੀ ਉਤਸ਼ਾਹਿਤ ਹੋ ਸਕਣ। ਇਸ ਮੌਕੇ ਜਰਖੜ ਕਲੱਬ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪਰਮਜੀਤ ਸਿੰਘ ਨੀਟੂ, ਜਗਦੀਪ ਸਿੰਘ ਕਾਹਲੋਂ , ਯਾਦਵਿੰਦਰ ਸਿੰਘ ਤੂਰ ਆਦਿ ਹੋਰ ਪ੍ਰਬੰਧਕ ਹਾਜ਼ਰ ਸਨ