• Home
  • ਪੰਜਾਬੀ ਵਪਾਰੀਆਂ ਨੇ E-Way Bill ਦਾ ਲੱਭਿਆ ਤੋੜ..ਖੱਚਰ -ਰੇਹੜੇ ਰੱਖਣ ਲੱਗੇ..!

ਪੰਜਾਬੀ ਵਪਾਰੀਆਂ ਨੇ E-Way Bill ਦਾ ਲੱਭਿਆ ਤੋੜ..ਖੱਚਰ -ਰੇਹੜੇ ਰੱਖਣ ਲੱਗੇ..!

ਚੰਡੀਗੜ੍ਹ, 14 ਜੂਨ (ਖਬਰ ਵਾਲੇ ਬਿਊਰੋ) : ਅੰਤਰ-ਰਾਜੀ ਈ-ਵੇਅ ਬਿੱਲ ਦੇ 1 ਜੂਨ ਤੋਂ ਲਾਗੂ ਹੋਣ ਨਾਲ ਹੁਣ ਵਪਾਰੀਆਂ ਨੂੰ ਮਾਲ ਲਿਜਾਣ 'ਤੇ ਈ-ਵੇਅ ਬਿੱਲ ਦੇਣਾ ਪੈ ਰਿਹਾ ਹੈ। ਪਰ ਸਦਕੇ ਜਾਈਏ ਪੰਜਾਬੀ ਵਪਾਰੀਆਂ ਦੇ, ਜਿਨ੍ਹਾਂ ਨੇ ਈ-ਵੇਅ ਬਿੱਲ ਸਬੰਧੀ ਮੱਦਾਂ 'ਚੋਂ ਆਪਣੇ ਲਾਹੇ ਦੀ ਸਮੱਗਰੀ ਆਖਰ ਕੱਢ ਹੀ ਲਈ ਹੈ।

ਈ-ਵੇਅ ਬਿੱਲ ਬਾਰੇ ਨਿਯਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਕਿਸੇ ਵਸਤੂ ਨੂੰ ਬਿਨਾਂ-ਮੋਟਰ ਵਾਲੇ ਵਾਹਨ 'ਤੇ ਲਿਜਾਇਆ ਜਾਂਦਾ ਹੈ ਤਾਂ ਬਿੱਲ ਦੀ ਕੋਈ ਲੋੜ ਨਹੀਂ ਹੁੰਦੀ।

ਇਹ ਨਿਯਮ ਵਪਾਰੀਆਂ ਲਈ ਬ੍ਰਹਮ-ਅਸਤਰ ਸਾਬਤ ਹੋ ਰਿਹਾ ਹੈ। ਈ-ਵੇਅ ਬਿੱਲ ਤੋਂ ਬਚਣ ਲਈ ਵਪਾਰੀਆਂ ਨੇ ਬਿਨਾਂ-ਮੋਟਰ ਵਾਲੇ ਵਾਹਨਾਂ ਯਾਨੀ ਕੇ ਖੱਚਰ -ਰੇਹੜਿਆਂ ਉਤੇ ਸਮਾਨ ਭੇਜਣਾ ਸ਼ੁਰੂ ਕਰ ਦਿੱਤਾ ਹੈ।

ਪਹਿਲਾਂ ਵਪਾਰੀਆਂ ਨੂੰ ਆਪਣਾ ਟੈਂਪੂ ਜਾਂ ਹੋਰ ਵਾਹਨ ਖਰੀਦਣਾ ਪੈਂਦਾ ਸੀ ਪਰ ਹੁਣ ਉਹ ਖੱਚਰਾਂ  ਰੱਖਣ ਲੱਗ ਪਏ ਹਨ, ਜੋ ਸਾਮਾਨ ਦੀ ਸਪਲਾਈ ਵਿਚ ਈ-ਵੇਅ ਬਿੱਲ ਤੋਂ ਛੁਟਕਾਰਾ ਪਾਉਣ ਵਿਚ ਉਹਨਾਂ ਦੀ ਮਦਦ ਕਰਨਗੇ। ਉਧਰ, ਖੱਚਰ -ਰੇਹੜਾ ਚਲਾਉਣ ਵਾਲਿਆਂ ਦੇ ਰੁਜ਼ਗਾਰ ਵਿੱਚ ਵੀ ਵਾਧਾ ਹੋਇਆ ਹੈ।

ਪੰਜਾਬ ਦੇ ਇਕ ਖੱਚਰਾਂ ਦੇ ਪਾਲਕ ਨੇ ਦੱਸਿਆ ਕਿ ਹਾਲ ਹੀ ਵਿਚ ਉਸ ਨੂੰ ਲੁਧਿਆਣਾ ਦੇ ਵੱਡੇ ਵਪਾਰੀ ਨੇ ਬੁਲਾਇਆ ਅਤੇ 12 ਖੱਚਰਾਂ ਤੇ ਰੇਹੜੇ ਠੇਕੇ 'ਤੇ ਲੈਣ ਬਾਰੇ ਗੱਲ ਕਹੀ। ਉਸ ਨੇ ਦੱਸਿਆ ਕਿ ਦਿਹਾੜੀ ਮਿੱਥਣ ਪਿੱਛੋਂ ਵਪਾਰੀ ਨੇ ਖੱਚਰ ਰੇਹੜੇ  ਕਿਰਾਏ 'ਤੇ ਲੈ ਲਏ ਹਨ।

ਬੇਸ਼ੱਕ, ਸਰਕਾਰ ਨੇ ਟੈਕਸ ਚੋਰੀ ਨੂੰ ਨੱਥ ਪਾਉਣ ਲਈ ਜੀਐਸਟੀ ਅਤੇ ਈ-ਵੇਅ ਬਿੱਲ ਦਾ ਰਾਹ ਅਪਣਾਇਆ ਹੈ ਪਰ ਇਸ ਸਭ ਕਾਸੇ ਨੇ ਵਪਾਰੀਆਂ ਨੂੰ ਕਾਗਜ਼ੀ ਕਾਰਵਾਈਆਂ ਦੇ ਚੱਕਰ ਵਿਚ ਪਾ ਦਿੱਤਾ ਹੈ।