• Home
  • ਪੰਚਾਇਤ ਵਿਭਾਗ ਦੇ “ਠਰਕੀ ਸਾਹਬ”ਵਿਰੁੱਧ ਮਹਿਲਾ ਕਰਮਚਾਰਨਾਂ ਨੇ ਕੀਤੀ ਸ਼ਿਕਾਇਤ

ਪੰਚਾਇਤ ਵਿਭਾਗ ਦੇ “ਠਰਕੀ ਸਾਹਬ”ਵਿਰੁੱਧ ਮਹਿਲਾ ਕਰਮਚਾਰਨਾਂ ਨੇ ਕੀਤੀ ਸ਼ਿਕਾਇਤ

ਚੰਡੀਗੜ੍ਹ,11ਮਈ -(ਪਰਮਿੰਦਰ ਸਿੰਘ ਜੱਟਪੁਰੀ) 
ਪੰਚਾਇਤ ਵਿਭਾਗ ਦੀਆਂ ਕਰਮਚਾਰੀ ਔਰਤਾਂ ਨੇ ਆਪਣੇ ਇੱਕ ਡਿਪਟੀ ਡਾਇਰੈਕਟਰ ਖਿਲਾਫ ਉਨ੍ਹਾਂ ਨੂੰ ਅਸਹਿ ਢੰਗ ਨਾਲ ਮਾਨਸਿਕ ਤੌਰ ਤੇ  ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਪੰਚਾਇਤ ਮੰਤਰੀ ਤੇ ਵਿਭਾਗ ਦੇ ਸਕੱਤਰ ਪਾਸ ਕੀਤੀ ਹੈ। ਸ਼ਿਕਾਇਤ ਤੋਂ ਬਾਅਦ ਭਾਵੇਂ ਵਿਭਾਗ ਦੇ ਸਕੱਤਰ ਨੇ ਤਾਂ ਇਸ ਸ਼ਿਕਾਇਤ  ਦੀ ਜਾਂਚ ਕਰਕੇ ਕਾਰਵਾਈ ਕਰਨ ਲਈ ਆਪਣੇ ਹੇਠਲੇ ਅਧਿਕਾਰੀ ਨੂੰ ਦਰਖਾਸਤ ਭੇਜ ਦਿੱਤੀ ਹੈ ,ਪਰ ਮੰਤਰੀ ਨੂੰ ਕੀਤੀ ਗਈ ਸ਼ਿਕਾਇਤ ਅਜੇ ਠੰਢੇ ਬਸਤੇ ਵਿੱਚ ਹੀ ਜਾਪਦੀ ਹੈ ।
ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਸਬੰਧਤ ਡਿਪਟੀ ਡਾਇਰੈਕਟਰ ਆਪਣੇ ਵਿਰੁੱਧ ਸ਼ਿਕਾਇਤ ਦਾ ਪਤਾ ਲੱਗਣ ਤੇ ਛੁੱਟੀ ਤੇ ਚਲਾ ਗਿਆ ਹੈ ।
ਦੱਸਣਯੋਗ ਹੈ ਕਿ ਪੰਚਾਇਤ ਵਿਭਾਗ ਦਾ ਇਹ ਡਿਪਟੀ ਡਾਇਰੈਕਟਰ ਪਿਛਲੇ ਲੰਮੇ ਸਮੇਂ ਤੋਂ ਮਹਿਲਾ ਕਰਮਚਾਰੀਆਂ ਨੂੰ ਅਸਹਿ ਢੰਗ ਨਾਲ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਆਪਣੇ ਆਪਣੇ ਦਫ਼ਤਰ ਅੰਦਰ ਨਵੀਆਂ ਮੁਲਾਜ਼ਮ ਲੜਕੀਆਂ ਨੂੰ ਬੁਲਾ ਕੇ ਬਿਨਾਂ ਕੰਮ ਤੋਂ ਲੰਬਾ ਸਮਾ ਬਿਠਾਈ ਰੱਖਦਾ ਸੀ ,ਜਿਸ ਕਾਰਨ ਮਹਿਲਾ  ਕਰਮਚਾਰਨਾਂ ਇਸ ਠਰਕੀ ਡਿਪਟੀ ਡਾਇਰੈਕਟਰ ਤੋਂ ਤੰਗ ਸਨ ।ਭਾਵੇਂ ਪਹਿਲਾਂ ਵੀ ਇਸ ਡਿਪਟੀ ਡਾਇਰੈਕਟਰ ਦੀ ਕੁਝ ਮਹਿਲਾ ਕਰਮਚਾਰਨਾਂ ਨੇ ਅਸਹਿ ਕਾਰਵਾਈਆਂ ਕਰਕੇ ਵਿਰੋਧਤਾ ਕੀਤੀ ਸੀ, ਜਿਸ ਕਾਰਨ ਬਾਅਦ ਵਿੱਚ ਡਿਪਟੀ ਡਾਇਰੈਕਟਰ ਨੇ ਮਾਫੀ ਵੀ ਮੰਗ ਲਈ ਸੀ ।
ਪਰ ਠਰਕੀ ਸਾਹਿਬ ਨੂੰ ਕੌਣ ਸਮਝਾਵੇ..!.ਹੁਣ ਇਹ ਦੂਜੀ ਘਟਨਾ ਹੈ ਜਦੋਂ ਮਹਿਲਾ ਕਰਮਚਾਰਨਾਂ ਨੇ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰਦਿਆਂ ਵੱਡੇ ਪੱਧਰ ਤੇ ਸ਼ਿਕਾਇਤ ਕੀਤੀ ਹੈ ।
ਪੰਚਾਇਤ ਵਿਭਾਗ ਦੇ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਇਸ ਬਾਰੇ ਪੜਤਾਲ ਕਰਨ ਉਪਰੰਤ ਰਿਪੋਰਟ ਦੇਣ ਲਈ  ਡਾਇਰੈਕਟਰ ਪੰਚਾਇਤ ਵਿਭਾਗ ਨੂੰ ਆਦੇਸ਼ ਜਾਰੀ ਕੀਤੇ ਹਨ ।