• Home
  • ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਤਹਿਤ ਅਧਿਆਪਕ ਸਿਖਲਾਈ ਵਰਕਸ਼ਾਪ 7 ਤੋਂ

ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਤਹਿਤ ਅਧਿਆਪਕ ਸਿਖਲਾਈ ਵਰਕਸ਼ਾਪ 7 ਤੋਂ

ਐੱਸ.ਏ.ਐੱਸ. ਨਗਰ, 4 ਮਈ
ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਦੀ ਅਗਵਾਈ ਵਿੱਚ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਪ੍ਰੀ-ਪ੍ਰਾਇਮਰੀ 'ਖੇਡ ਮਹਿਲ' ਤਹਿਤ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦਾ ਖੇਡ ਕਿਰਿਆਵਾਂ ਰਾਹੀਂ ਸਰਬਪੱਖੀ ਵਿਕਾਸ ਕਰਨ ਸਬੰਧੀ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਤਿੰਨ-ਤਿੰਨ ਦਿਨਾਂ ਸਿਖਲਾਈ ਦੇਣ ਲਈ ਵਰਕਸ਼ਾਪ ਕਰਵਾਈ ਜਾ ਰਹੀ ਹੈ|
ਬੁਲਾਰੇ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਉੱਚੇ ਪੱਧਰ 'ਤੇ ਲਿਜਾਉਣ ਲਈ ਸਿੱਖਿਆ ਵਿਭਾਗ ਵੱਲੋਂ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ 'ਖੇਡ ਮਹਿਲ' ਅਧੀਨ ਸਿਰਜਣਾਤਮਕ, ਮਾਨਸਿਕ, ਬੌਧਿਕ, ਸਰੀਰਕ ਤੇ ਭਾਵਨਾਤਮਿਕ ਵਿਕਾਸ ਲਈ ਕਿਰਿਆਵਾਂ ਕਰਵਾਈਆਂ ਜਾਣੀਆਂ ਹਨ| ਇਸ ਲਈ ਸਿੱਖਿਆ ਵਿਭਾਗ ਨੇ ਪ੍ਰੀ-ਪ੍ਰਾਇਮਰੀ 'ਖੇਡ ਮਹਿਲ' ਦਾ ਪਾਠਕ੍ਰਮ ਤਿਆਰ ਕਰ ਕੇ ਸੂਬਾ ਤੇ ਜ਼ਿਲ੍ਹਾ ਰਿਸੋਰਸ ਗਰੁੱਪ ਨੂੰ ਸਿਖਲਾਈ ਦਿੱਤੀ ਸੀ| ਇਨ੍ਹਾਂ ਤਿਆਰ ਰਿਸੋਰਸ ਗਰੁੱਪਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਜਮਾਤ ਇੰਚਾਰਜ ਅਧਿਆਪਕਾਂ, ਸਕੂਲ ਮੁਖੀਆਂ ਜਾਂ ਸਕੂਲ ਇੰਚਾਰਜਾਂ ਤੇ ਸੈਂਟਰ ਹੈੱਡ ਟੀਚਰਾਂ ਨੂੰ ਤਿੰਨ-ਤਿੰਨ ਦਿਨਾਂ ਸਿਖਲਾਈ ਚਾਰ ਗੇੜਾਂ ਵਿੱਚ ਬਲਾਕ ਪੱਧਰ 'ਤੇ 7 ਮਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ| ਤਿੰਨ-ਤਿੰਨ ਦਿਨਾਂ ਸਿਖਲਾਈ ਵਰਕਸ਼ਾਪ ਦਾ ਪਹਿਲਾ ਗੇੜ 7 ਤੋਂ 9 ਮਈ, ਦੂਜਾ ਗੇੜ 14 ਤੋਂ 16 ਮਈ, ਤੀਜਾ ਗੇੜ 17 ਤੋਂ 19 ਮਈ ਅਤੇ ਚੌਥਾ ਗੇੜ 21 ਤੋਂ 23 ਮਈ ਨੂੰ ਹੋਵੇਗਾ|