• Home
  • ਪ੍ਰੀਖਿਆ ਸੁਧਾਰਾਂ ਬਾਰੇ ਬੋਰਡ ਵੱਲੋਂ ਪ੍ਰੀਖਿਆਵਾਂ ਨਾਲ ਜੁੜੀਆਂ ਸਾਰੀਆਂ ਕੜੀਆਂ ਤੋਂ ਸੁਝਾਅ ਮੰਗੇ

ਪ੍ਰੀਖਿਆ ਸੁਧਾਰਾਂ ਬਾਰੇ ਬੋਰਡ ਵੱਲੋਂ ਪ੍ਰੀਖਿਆਵਾਂ ਨਾਲ ਜੁੜੀਆਂ ਸਾਰੀਆਂ ਕੜੀਆਂ ਤੋਂ ਸੁਝਾਅ ਮੰਗੇ

ਐੱਸ.ਏ.ਐੱਸ ਨਗਰ, (ਖਬਰ ਵਾਲੇ ਬਿਊਰੋ) - ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ, ਬਾਰ੍ਹਵੀਂ ਦੀਆਂ ਮਾਰਚ 2018 ਵਿਚ ਹੋਈਆਂ ਪ੍ਰੀਖਿਆਵਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਅਤੇ ਇਹਨਾਂ ਪ੍ਰੀਖਿਆਵਾਂ ਵਿਚ ਹੋਰ ਸੁਧਾਰ ਲਿਆਉਣ ਲਈ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਵਿਖੇ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਪ੍ਰਧਾਨਗੀ ਅਧੀਨ ਇਹਨਾਂ ਪ੍ਰੀਖਿਆਵਾਂ ਵਿਚ ਅੱਵਲ ਰਹੇ ਪ੍ਰੀਖਿਆਰਥੀਆਂ, ਜ਼ਿਲ੍ਹਾ ਸਿੱਖਿਆ ਅਫ਼ਸਰਾਂ , ਵਿੱਦਿਅਕ ਮਾਹਿਰਾਂ, ਅਫਿਲੀਏਟਿਡ ਅਤੇ ਐਸੋਸੀਏਟਿਡ ਸਕੂਲ ਜਥੇਬੰਦੀਆਂ ਦੇ ਨੁਮਾਇੰਦਿਆਂ, ਮਾਪਿਆਂ, ਅਧਿਆਪਕਾਂ ਅਤੇ ਟਰੱਕ ਯੂਨੀਅਨ ਦੇ ਨੁਮਾਇੰਦਿਆਂ ਤੋਂ ਇਲਾਵਾ ਬੋਰਡ ਦੀਆਂ ਸੰਬੰਧਿਤ ਸ਼ਾਖਾਵਾਂ ਦੇ ਮੁਖੀਆਂ ਨੇ ਇਸ ਮੀਟਿੰਗ ਵਿੱਚ ਭਾਗ ਲਿਆ। ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਅਗਾਮੀ ਪ੍ਰੀਖਿਆਵਾਂ ਵਿਚ ਪਿਛਲੀ ਖ਼ਾਮੀਆਂ ਦੂਰ ਕਰਨ ਅਤੇ ਸੁਧਾਰਾਂ ਸੰਬੰਧੀ ਹੋਰ ਕਦਮ ਚੁੱਕੇ ਜਾਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆਵਾਂ ਦੌਰਾਨ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਹਾਲ ਵਿੱਚ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਾਉਣ, ਉੱਤਰ ਪੱਤਰੀ ਦੇ ਘੱਟ ਪੰਨਿਆ ਦੀ ਸਮੱਸਿਆ ਦੂਰ ਕਰਨ, ਸਟਰੀਮ ਵਾਈਜ਼ ਬਾਰ੍ਹਵੀਂ ਦੀ ਵੱਖ-ਵੱਖ ਰੈਂਕਿੰਗ ਤਿਆਰ ਕਰਨ, ਅਹਿਮ ਪੇਪਰਾਂ ਤੋਂ ਪਹਿਲਾਂ ਇੱਕ ਦੋ ਛੁੱਟੀਆਂ ਹੋਣ, ਓ.ਐਮ.ਆਰ, ਸੀਟਾਂ ਭਰਨ ਦੀ ਪਹਿਲਾਂ ਜਾਣਕਾਰੀ ਦੇਣ, ਸੀ.ਬੀ.ਐਸ.ਈ. ਪੈਟਰਨ ਉਤੇ ਪ੍ਰਸ਼ਨ ਪੱਤਰ ਤਿਆਰ ਕਰਨ, ਪੇਪਰਾਂ ਦਾ ਸਮਾਂ 10 ਦੀ ਬਜਾਏ 9 ਵਜੇ ਸ਼ੁਰੂ ਕਰਨ, ਪੇਪਰ ਮਾਰਕਿੰਗ ਸਮੇਂ ਬੋਰਡ ਦੀਆਂ ਹਿਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ, ਬੱਚਿਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕਰਨ, ਸਾਫ਼ ਸੁਥਰਾ ਤੇ ਸ਼ਾਂਤਮਈ ਤੇ ਭੈਅਮੁਕਤ ਵਾਤਾਵਰਣ ਦੇਣ, ਵਧੀਆ ਮਾਹੌਲ ਦੇਣ ਜਿਹੇ ਅਹਿਮ ਨੁਕਤਿਆਂ ਸਬੰਧੀ  ਸਭ ਵੱਲੋਂ ਸਾਂਝੇ ਸੁਝਾਅ ਪੇਸ਼ ਕੀਤੇ ਗਏ। ਬੋਰਡ ਚੇਅਰਮੈਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਬਹੁਤ ਜ਼ਰੂਰੀ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਉਹਨਾਂ ਦੱਸਿਆ ਕਿ ਬੋਰਡ ਵੱਲੋਂ ਇਸ ਵਾਰ ਨਕਲ ਰੋਕਣ ਲਈ ਕੀਤੇ ਗਏ ਸੁਚਾਰੂ ਇੰਤਜ਼ਾਮ ਕਰਕੇ ਨਕਲ ਰੋਕਣ ਵਿਚ ਹੋਰ ਵੱਡੀ ਸਫ਼ਲਤਾ ਮਿਲੀ ਹੈ ਤੇ ਤਰਨਤਾਰਨ ਖੇਤਰ ਵਿਚ ਨਕਲ ਦੇ ਗੜ੍ਹ ਨੂੰ ਢਾਹ ਦਿੱਤਾ ਗਿਆ ਹੈ। ਕਲੋਹੀਆ ਨੇ ਦੱਸਿਆ ਕਿ ਪ੍ਰੈਕਟੀਕਲ ਆਪਣੇ ਹੀ ਸਕੂਲਾਂ ਵੱਲੋਂ ਲਏ ਜਾਣ, ਪ੍ਰੀਖਿਆ ਕੇਂਦਰ ਦੂਰ ਨਾ ਬਣਾਏ ਜਾਣ, ਪੇਪਰ ਸ਼ੁਰੂ ਹੋਣ ਤੇ ਖਤਮ ਹੋਣ ਸਮੇਂ ਬੱਚਿਆਂ ਦੇ ਸਮੇਂ ਨੂੰ ਨਸ਼ਟ ਹੋਣ ਤੋਂ ਬਚਾਉਣ, ਸੰਬੰਧਿਤ ਵਿਸ਼ੇ ਦੇ ਅਧਿਆਪਕ ਤੋਂ ਹੀ ਪੇਪਰ ਦਾ ਮੁਲੰਕਣ ਕਰਵਾਉਣ, ਬੈਂਕਾਂ ਵਿਚ ਪੇਪਰ ਰੱਖਣ ਸਮੇਂ ਆਉਂਦੀਆਂ ਸਮੱਸਿਆਵਾਂ ਦੂਰ ਕਰਨ, ਫਲਾਈਂਗ ਸਟਾਫ ਦਾ ਰਵੱਈਆ ਦਰੁਸਤ ਕਰਨ, 75 ਦੀ ਥਾਂ 100 ਪੇਪਰਾਂ ਦਾ ਬੰਡਲ ਪੰਜ ਦਿਨਾਂ ਵਿਚ ਚੈੱਕ ਕਰਨ, ਪ੍ਰੀਖਿਆਵਾਂ  ਨੂੰ ਹੋਰ ਉਸਾਰੂ ਅਤੇ ਸੁਚਾਰੂ ਬਣਾਉਣ ਲਈ ਕਮੇਟੀਆਂ ਦਾ ਗਠਨ ਕਰਨ, ਮੁਲੰਕਣ ਸਮੇਂ ਐਪ ਉੱਤੇ ਅਵਾਰਡ ਲਿਸਟ ਅਪਲੋਡ ਕਰਨ ਵਿਚ ਆਉਂਦੀ ਸਮੱਸਿਆ ਦੂਰ ਕਰਨ,ਦੁਰਾਡੇ ਕੇਦਰਾਂ ਉਤੇ ਪੇਪਰ ਚੈੱਕ ਕਰਨ ਜਾਣ ਦੀ ਡਿਊਟੀ ਨਾ ਲਗਾਉਣਾ,ਪ੍ਰਸ਼ਨ ਪੱਤਰ ਅਤੇ ਉੱਤਰ ਪੱਤਰੀਆਂ ਲੈ ਕੇ ਜਾਣ ਵਾਲੀਆਂ ਗੱਡੀਆਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਬੋਰਡ ਵੱਲੋਂ ਟਰੱਕਾਂ ਨੂੰ ਦਸਤਾਵੇਜ਼ ਮੁਹੱਈਆ ਕਰਵਾਉਣ ਦੇ ਨੁਕਤਿਆਂ ਉਤੇ ਗੰਭੀਰਤਾ ਨਾਲ ਵਿਚਾਰ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਸ਼੍ਰੇਆ ਟੌਪਰ ਦਸਵੀਂ ਸਪੋਰਟਸ ਕੈਟਾਗਿਰੀ, ਗੁਰਪ੍ਰੀਤ ਸਿੰਘ 10 ਵੀਂ ਟੌਪਰ ਅਕਾਦਮਿਕ, ਪੂਜਾ ਜੋਸ਼ੀ ਬਾਰ੍ਹਵੀਂ, ਪੁਸ਼ਪਿੰਦਰ ਕੌਰ ਬਾਰ੍ਹਵੀਂ, ਪ੍ਰਾਚੀ ਗੌੜ ਬਾਰ੍ਹਵੀਂ ਅਤੇ ਸੰਦੀਪ ਕੌਰ ਬਾਰ੍ਹਵੀਂ ਸ਼੍ਰੇਣੀ ਚੋਂ ਅੱਵਲ ਰਹੇ ਵਿਦਿਆਰਥੀ ਬੋਰਡ ਦੇ ਸੱਦੇ ਉਤੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਬੋਰਡ ਚੇਅਰਮੈਨ ਵੱਲੋਂ ਉਪਰੋਕਤ ਸਮੱਸਿਆਵਾਂ ਨੂੰ ਜਲਦ ਦੂਰ ਕਰਨ ਦਾ ਭਰੋਸਾ ਦਿਵਾਇਆ ਗਿਆ। ਅੱਜ ਦੀ ਮੀਟਿੰਗ ਦੀ ਸਮੁੱਚੀ ਕਾਰਵਾਈ ਨੂੰ ਬੋਰਡ ਦੇ ਸਕੱਤਰ ਮੈਡਮ ਹਰਗੁਣਜੀਤ ਕੌਰ ਨੇ ਬੋਰਡ ਦੇ ਵਾਈਸ ਚੇਅਰਮੈਨ ਕਮ ਡੀ.ਜੀ.ਐਸ.ਈ ਪ੍ਰਸ਼ਾਤ ਕੁਮਾਰ ਗੋਇਲ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।