• Home
  • ਪੀਐਨਬੀ ਘੋਟਾਲਾ- ਮੋਦੀ ਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁੱਧ ਵਿਸ਼ੇਸ਼ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ

ਪੀਐਨਬੀ ਘੋਟਾਲਾ- ਮੋਦੀ ਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁੱਧ ਵਿਸ਼ੇਸ਼ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ

ਨਵੀਂ ਦਿੱਲੀ- (ਖ਼ਬਰ ਵਾਲੇ ਬਿਊਰੋ) ਪੰਜਾਬ ਨੈਸ਼ਨਲ ਬੈਂਕ ਵਿਚ ਕਰੀਬ 2 ਅਰਬ ਡਾਲਰ ਦੇ ਘੁਟਾਲੇ ਸੰਬੰਧੀ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਅੱਜ ਨੀਰਵ ਮੋਦੀ ਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁੱਧ ਵਿਸ਼ੇਸ਼ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ। ਮੁਲਜ਼ਮਾਂ ਵਿਰੁੱਧ ਇਹ ਪਹਿਲੀ ਚਾਰਜਸ਼ੀਟ ਹੈ ਜੋ 12000 ਸਫ਼ਿਆਂ ਦੀ ਹੈ। ਅਪਰਾਧਿਕ ਸ਼ਿਕਾਇਤ ਕੇਵਲ ਨੀਰਵ ਮੋਦੀ, ਉਨ੍ਹਾਂ ਦੇ ਸਹਿਯੋਗੀਆਂ ਤੇ ਕੰਪਨੀ ਵਿਰੁੱਧ ਹੈ। ਸੰਭਾਵਨਾ ਹੈ ਕਿ ਦੂਜੀ ਚਾਰਜਸ਼ੀਟ ਨੀਰਵ ਮੋਦੀ ਦੇ ਮਾਮਾ ਮੇਹੁਲ ਚੋਕਸੀ ਅਤੇ ਉਸ ਦੀਆਂ ਕੰਪਨੀਆਂ ਵਿਰੁੱਧ ਹੋਵੇਗੀ। ਇਸ ਚਾਰਜਸ਼ੀਟ ਵਿਚ ਜਾਂਚ ਏਜੰਸੀ ਵੱਲੋਂ 14 ਫ਼ਰਵਰੀ ਨੂੰ ਦਰਜ ਕੀਤੀ ਐਫ਼ਆਈਆਰ ਮਗਰੋਂ ਨੀਰਵ ਮੋਦੀ ਤੇ ਉਸ ਦੇ ਸਹਿਯੋਗੀਆਂ ਵਿਰੁੱਧ ਪਿਛਲੇ ਕੁੱਝ ਮਹੀਨਿਆਂ ਦੌਰਾਨ ਕੀਤੀ ਗਈ ਕੁਰਕੀ ਦੇ ਵੇਰਵੇ ਹਨ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਦੋ ਚਾਰਜਸ਼ੀਟਾਂ ਦਾਖ਼ਲ ਕੀਤੀਆਂ ਸਨ। ਨੀਰਵ ਮੋਦੀ ਭਗੌੜਾ ਹੈ ਅਤੇ ਉਹ ਹੁਣ ਤਕ ਈਡੀ ਦੀ ਜਾਂਚ ਵਿਚ ਸ਼ਾਮਲ ਨਹੀਂ ਹੋÎਇਆ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਤੇ ਚੋਕਸੀ ਵਿਰੁੱਧ ਮਾਮਲਾ ਦਰਜ ਹੋਣ ਬਾਅਦ ਦੋਵੇਂ ਦੇਸ਼ ਛੱਡ ਕੇ ਭੱਜ ਗਏ ਸਨ।