• Home
  • ਏਅਰਹੋਸਟੇਸ ਦੀ ਮੌਜੂਦਗੀ ਵਿਚ ਨੌਜਵਾਨ ਦੀ ਹੋਈ ਮੌਤ, ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ

ਏਅਰਹੋਸਟੇਸ ਦੀ ਮੌਜੂਦਗੀ ਵਿਚ ਨੌਜਵਾਨ ਦੀ ਹੋਈ ਮੌਤ, ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ

ਚੰਡੀਗੜ੍ਹ-  -(ਖਬਰ ਵਾਲੇ ਬਿਊਰੋ)-ਸੰਗਰੂਰ ਤੋਂ ਚੰਡੀਗੜ੍ਹ ਏਅਰਹੋਸਟੇਸ ਦੇ ਇੰਸਟੀਚਿਊਟ ਵਿੱਚ ਦੋ ਦਿਨ ਪਹਿਲਾਂ ਦਾਖਲਾ ਲੈਣ ਵਾਲੇ 20 ਸਾਲ ਦੇ ਪੁਸ਼ਪਿੰਦਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਨਾਲ ਸਨਸਨੀ ਫੈਲ ਗਈ ਹੈ। ਪੁਲਿਸ ਨੂੰ ਪੁਸ਼ਪਿੰਦਰ ਦੀ ਲਾਸ਼ ਸੈਕਟਰ - 20 ਸਥਿਤ ਸਰਕਾਰੀ ਸਕੂਲ ਦੇ ਨਾਲ ਲੱਗਦੇ ਪਾਰਕ ਵਿੱਚ ਲੱਗੇ ਬੈਂਚ ਉੱਤੇ ਮਿਲੀ, ਜਿਸਦੇ ਪੇਟ ਵਿਚ ਗੋਲੀ ਲੱਗੀ ਹੋਈ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਸਮੇਂ ਪੁਸ਼ਪਿੰਦਰ ਨੂੰ ਗੋਲੀ ਲੱਗੀ ਸੀ ਉਸ ਸਮੇਂ ਉਸ ਦੇ ਨਾਲ ਇੱਕ ਕੁੜੀ ਵੀ ਮੌਜੂਦ ਸੀ, ਜਿਸ ਨੇ ਏਅਰਹੋਸਟੇਸ ਦੀ ਡਰੈੱਸ ਪਹਿਨੀ ਹੋਈ ਸੀ । ਘਟਨਾ ਤੋਂ ਬਾਅਦ ਕੁੜੀ ਨੇ ਕਿਸੇ ਨੂੰ ਫ਼ੋਨ ਕੀਤਾ ਅਤੇ ਕਰੀਬ ਦੋ ਮਿੰਟ ਤੱਕ ਉਹ ਮੌਕੇ ਉੱਤੇ ਮੌਜੂਦ ਰਹੀ ਜਿਸ ਤੋਂ ਬਾਅਦ ਉਹ ਘਟਨਾ ਸਥਾਨ ਤੋਂ ਚੱਲੀ ਗਈ । ਇਹ ਸਾਰੀ ਘਟਨਾ ਪਾਰਕ ਦੇ ਨਜ਼ਦੀਕੀ ਇੱਕ ਕੋਠੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਪੁਲਿਸ ਦੀ ਜਾਂਚ ਪੜਤਾਲ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਪੁਸ਼ਪਿੰਦਰ ਦੇ ਪਿਤਾ ਸੰਗਰੂਰ ਵਿੱਚ ਇੱਕ ਜਵੈਲਰ ਹਨ। ਮ੍ਰਿਤਕ 12ਵੀਂ ਪਾਸ ਕਰ ਕੇ ਦੋ ਦਿਨ ਪਹਿਲਾਂ ਹੀ ਚੰਡੀਗੜ੍ਹ ਵਿੱਚ ਏਅਰਹੋਸਟੇਸ ਦਾ ਕੋਰਸ ਕਰਨ ਲਈ ਆਇਆ ਸੀ। ਉਹ ਰੋਜ਼ਾਨਾ ਏਅਰਹੋਸਟੇਸ ਦੀ ਕਲਾਸ ਲਗਾਉਣ ਤੋਂ ਬਾਅਦ ਸੰਗਰੂਰ ਆਪਣੇ ਘਰ ਜਾਂਦਾ ਸੀ। ਸੋਮਵਾਰ ਦੀ ਰਾਤ ਕਰੀਬ 7 ਵਜੇ ਪੁਲਿਸ ਕੰਟਰੋਲ ਰੂਮ ਵਿਚ ਕਿਸੇ ਨੇ ਸੂਚਨਾ ਦਿੱਤੀ ਕਿ ਪਾਰਕ ਵਿੱਚ ਬੈਂਚ ਉੱਤੇ ਇੱਕ ਲੜਕਾ ਬੇਹੋਸ਼ੀ ਹਾਲਤ ਵਿਚ ਪਿਆ ਹੈ। ਇਸ ਦੌਰਾਨ ਮੌਕੇ ਉੱਤੇ ਪਹੁੰਚੇ ਪੁਲਿਸ ਨੇ ਪੁਸ਼ਪਿੰਦਰ ਨੂੰ ਹਸਪਤਾਲ ਜੀਐਮਸੀਐਚ - 32 ਵਿਖੇ ਲੈ ਕੇ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਸ ਉਪਰੰਤ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪੁਸ਼ਪਿੰਦਰ ਦੇ ਇੱਕ ਬੈਗ ਵਿੱਚ ਇੱਕ ਪਿਸਟਲ ਬਰਾਮਦ ਹੋਈ ਅਤੇ ਇਹ ਪਤਾ ਲੱਗਾ ਕਿ ਉਸ ਦੇ ਪੇਟ ਵਿਚ ਗੋਲੀ ਲੱਗੀ ਹੈ। ਇਸ ਸਾਰੀ ਘਟਨਾ ਦੀ ਜਾਣਕਾਰੀ ਜਦੋਂ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕੀਤੀ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੋਕਾਂ ਅਨੁਸਾਰ ਸ਼ਾਮ ਦੇ 6:49 ਵਜੇ ਪਾਰਕ ਵਿੱਚ ਪੁਸ਼ਪਿੰਦਰ ਅਤੇ ਉਸ ਦੇ ਨਾਲ ਇੱਕ ਲੜਕੀ ਮੌਜੂਦ ਸੀ ਇਸ ਦੌਰਾਨ ਕਰੀਬ 7:15 ਵਜੇ ਲੜਕੀ ਪਾਰਕ ਵਿਚੋਂ ਚਲੀ ਗਈ । ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਵੀਡੀਓ ਅਨੁਸਾਰ ਇਸ 26 ਮਿੰਟ ਵਿੱਚ ਹੀ ਪੁਸ਼ਪਿੰਦਰ ਨੂੰ ਗੋਲੀ ਲੱਗੀ ਹੈ। ਪਰੰਤੂ ਸੀਸੀਟੀਵੀ ਕੈਮਰੇ ਦੇ ਸਾਹਮਣੇ ਦਰਖ਼ਤ ਲੱਗੇ ਹੋਣ ਕਾਰਨ ਇਹ ਨਹੀਂ ਪਤਾ ਲੱਗ ਸਕਿਆ ਕਿ ਗੋਲੀ ਲੱਗੀ ਕਿਸ ਤਰਾਂ ਹੈ। ਘਟਨਾ ਤੋਂ ਬਾਅਦ ਪੁਸ਼ਪਿੰਦਰ ਦੇ ਮੋਬਾਈਲ ਉੱਤੇ ਲਗਾਤਾਰ ਫ਼ੋਨ ਆ ਰਹੇ ਸਨ, ਇਸ ਦੌਰਾਨ ਫ਼ੋਨ ਪੁਲਸ ਕਰਮੀਂ ਨੇ ਰਸੀਵ ਕਰ ਕੇ ਉਸ ਦੇ ਘਰਵਾਲਿਆਂ ਨੂੰ ਘਟਨਾ ਦੀ ਸਾਰੀ ਸੂਚਨਾ ਦਿੱਤੀ। ਦੇਰ ਰਾਤ ਤੱਕ ਮ੍ਰਿਤਕ ਦੇ ਘਰਵਾਲੇ ਜੀਐਮਸੀਐਚ-32 ਪੁੱਜੇ। ਪੁਸ਼ਪਿੰਦਰ ਆਪਣੇ ਪਿਤਾ ਦੀ ਲਾਇਸੈਂਸੀ ਪਿਸਟਲ ਲੈ ਕੇ ਚੰਡੀਗੜ੍ਹ ਆਇਆ ਸੀ। ਇਸ ਨੂੰ ਕਿਉਂ ਲਿਆਇਆ, ਇਹ ਅਜੇ ਤੱਕ ਸਾਫ਼ ਨਹੀਂ ਹੋ ਸਕਿਆ। ਫੁਟੇਜ ਵਿੱਚ ਵਿੱਖ ਰਿਹਾ ਹੈ ਕਿ ਕੁੜੀ ਡਰੀ ਹੋਈ ਸੀ ਅਤੇ ਫ਼ੋਨ ਕਰ ਰਹੀ ਸੀ । ਅਜਿਹਾ ਲੱਗਾ ਕਿ ਉਹ ਜਾਣਦੀ ਸੀ ਕਿ ਪੁਸ਼ਪਿੰਦਰ  ਦੇ ਕੋਲ ਪਿਸਟਲ ਹੈ ਅਤੇ ਉਸ ਨੂੰ ਗੋਲੀ ਲੱਗੀ ਹੈ। ਹਾਦਸਾ ਜਾਂ ਖ਼ੁਦਕੁਸ਼ੀ ਇਸ ਸਵਾਲ ਉੱਤੇ ਲੱਗਿਆ ਪ੍ਰਸ਼ਨ ਚਿੰਨ੍ਹ- ਲੜਕੀ ਨੇ ਏਅਰਹੋਸਟੇਸ ਦੀ ਡਰੈੱਸ ਪਹਿਨੀ ਹੋਈ ਸੀ, ਜਿਸ ਦੇ ਨਾਲ ਲੱਗ ਰਿਹਾ ਹੈ ਕਿ ਉਹ ਪੁਸ਼ਪਿੰਦਰ ਦੇ ਨਾਲ ਹੀ ਪੜ੍ਹਦੀ ਹੋਵੇਗੀ । ਕੁੜੀ ਦੇ ਮਿਲਣ ਤੋਂ ਬਾਅਦ ਹੀ ਖ਼ੁਲਾਸਾ ਹੋਵੇਗਾ ਕਿ ਅਖੀਰ ਇਹ ਘਟਨਾ ਪਿੱਛੇ ਕੀ ਰਾਜ ਹੈ। ਪੁਸ਼ਪਿੰਦਰ ਆਪਣੇ ਨਾਲ ਪਿਸਟਲ ਲੈ ਕੇ ਕਿਉਂ ਆਇਆ ਸੀ।  ਲਿਆਇਆ ਤਾਂ ਗੋਲੀ ਕਿਵੇਂ ਚੱਲੀ। ਜਦੋਂ ਗੋਲੀ ਚੱਲੀ ਤਾਂ ਪਿਸਟਲ ਉਸ ਦੇ ਬੈਗ ਵਿੱਚ ਸੀ ਜਾਂ ਫਿਰ ਉਸ ਨੂੰ ਬਾਅਦ ਵਿੱਚ ਬੈਗ ਵਿੱਚ ਰੱਖਿਆ ਗਿਆ ਸੀ । ਇਸ ਸਵਾਲਾਂ ਦੇ ਜਵਾਬ ਪੁਲਿਸ ਤਲਾਸ਼ ਰਹੀ ਹੈ । ਪੁਲਿਸ ਅਨੁਸਾਰ ਸਾਰੀ ਘਟਨਾ ਦੀ ਫੋਰੈਂਸਿਕ ਟੀਮ ਨੇ ਸੈਂਪਲ ਲੈ ਲਏ ਹਨ। ਕੀ ਪਿਸਟਲ ਪਿਤਾ ਦੀ ਹੈ ਅਤੇ ਇਸ ਪਿਸਟਲ ਵਿਚੋਂ ਗੋਲੀ ਚੱਲੀ ਹੈ ਜਾਂ ਨਹੀਂ ਇਸ ਦਾ ਹੁਣ ਅਸੀਂ ਫੋਰੈਂਸਿਕ ਟੀਮ ਤੋਂ ਜਾਂਚ ਕਰਵਾਵਾਂਗੇ।