• Home
  • ਨਾਮੀ ਗੈਂਗਸਟਰ ਦਾ ਸਾਥੀ ਚੰਡੀਗੜ੍ਹ ਤੋਂ ਗ੍ਰਿਫ਼ਤਾਰ

ਨਾਮੀ ਗੈਂਗਸਟਰ ਦਾ ਸਾਥੀ ਚੰਡੀਗੜ੍ਹ ਤੋਂ ਗ੍ਰਿਫ਼ਤਾਰ

ਚੰਡੀਗੜ੍ਹ- ਕ੍ਰਾਈਮ ਬਰਾਂਚ ਦੀ ਟੀਮ ਨੇ ਇੱਕ ਨਾਮੀ ਗੈਂਗਸਟਰ ਦੇ ਸਾਥੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਕ੍ਰਾਈਮ ਬਰਾਂਚ ਇੰਚਾਰਜ ਇੰਸਪੈਕਟਰ ਅਮਨਜੋਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਵਾਂਟੇਡ ਜਾਵੇਦ ਝਿੰਜਾ ਨੂੰ ਚੰਡੀਗੜ੍ਹ ਦੇ ਸੈਕਟਰ 11 ਤੋਂ ਕਾਬੂ ਕਰਕੇ ਉਸਨੂੰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਲਾਰੈਂਸ ਨਾਲ ਵਾਰਦਾਤ ਕਰਨ ਵਿਚ ਜਾਵੇਦ 'ਤੇ ਕਈ ਮਾਮਲੇ ਦਰਜ ਹਨ। ਝਿੰਜਾ ਬਾਰੇ ਇੱਕ ਦਿਨ ਪਹਿਲਾਂ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਕ੍ਰਾਈਮ ਬਰਾਂਚ ਦੀ ਟੀਮ ਨੇ ਸੈਕਟਰ 11 ਦੇ ਛੋਟੇ ਚੌਕ 'ਤੇ ਨਾਕੇਬੰਦੀ ਕਰ ਕੇ ਝਿੰਜਾ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਬੰਦੂਕ ਬਰਾਮਦ ਕੀਤੀ ਹੈ। ਝਿੰਜਾ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬੀਂਗਾ ਵਾਲੀ ਦਾ ਰਹਿਣ ਵਾਲਾ ਹੈ ਜਿਸ ਨੇ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਲਾਰੈਂਸ ਬਿਸ਼ਨੋਈ ਜੋਧਪੁਰ ਜੇਲ੍ਹ ਵਿਚ ਬੰਦ ਹੈ। ਜਾਵੇਦ ਝਿੰਜਾ ਖ਼ਿਲਾਫ਼ ਅਬੋਹਰ ਵਿਚ ਲਾਰੈਂਸ ਬਿਸ਼ਨੋਈ ਨਾਲ ਤਿੰਨ ਅਪਰਾਧਿਕ ਕੇਸ ਦਰਜ ਹਨ। ਰਾਜਸਥਾਨ ਦੇ ਇੱਕ ਜ਼ਿਲ੍ਹੇ ਵਿਚ ਪੁਲਿਸ ਕਾਮਿਆਂ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਮਾਮਲਾ ਦਰਜ ਹੈ। ਚੰਡੀਗੜ੍ਹ ਵਿਚ ਵੀ ਉਸ ਦੇ ਖ਼ਿਲਾਫ਼ ਕੇਸ ਦਰਜ ਹੈ।