• Home
  • ਨਾਮੀਂ ਕੰਪਨੀਆਂ ਸੂਬੇ ਵਿੱਚ ਵਧਾਉਣਗੀਆਂ ਨਿਵੇਸ਼ ਵਪਾਰ ਲਈ ਹਾਂ-ਪੱਖੀ ਮਾਹੌਲ

ਨਾਮੀਂ ਕੰਪਨੀਆਂ ਸੂਬੇ ਵਿੱਚ ਵਧਾਉਣਗੀਆਂ ਨਿਵੇਸ਼ ਵਪਾਰ ਲਈ ਹਾਂ-ਪੱਖੀ ਮਾਹੌਲ

ਚੰਡੀਗੜ, 17 ਮਈ : (ਖਬਰ ਵਾਲੇ ਬਿਊਰੋ)
ਪੰਜਾਬ ਸੂਬੇ ਲਈ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਵੱਡੀਆਂ ਨਾਮੀਂ ਕੰਪਨੀਆਂ ਇੱਕ ਵਰਦਾਨ ਦੇ ਰੂਪ ਵਿੱਚ ਉਭਰ ਰਹੀਆਂ ਹਨ ਕਿਉਂ ਜੋ ਸੂਬੇ ਵਿੱਚ ਦਿਨੋਂ ਦਿਨ ਉਦਯੋਗ ਪੱਖੀ ਬਣਦੇ ਜਾ ਰਹੇ ਮਾਹੌਲ ਦੇ ਚੱਲਦਿਆਂ ਇੱਥੇ ਨਵੇਂ ਕਾਰੋਬਾਰ ਅਤੇ ਵਪਾਰ ਵਿਕਾਸ ਨੀਤੀ ਦੇ ਤਹਿਤ ਨਵੇਂ ਉਦਯੋਗ ਸਥਾਪਤ ਕਰਨਾ ਵਧੇਰੇ ਸੁਖਾਲਾ ਅਤੇ ਲਾਹੇਵੰਦ ਹੋ ਗਿਆ ਹੈ। ਪੈਪਸੀਕੋ ਅਤੇ ਆਈ.ਟੀ.ਸੀ.ਲਿਮ. ਵਰਗੀਆਂ ਨਾਮੀਂ ਕੰਪਨੀਆਂ ਨੇ ਸੂਬੇ ਦੇ ਐਗਰੋ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਆਪਣਾ ਨਿਵੇਸ਼ ਹੋਰ ਵਧਾਉਣ ਦਾ ਐਲਾਨ ਕੀਤਾ ਹੈ।
ਪੈਪਸੀਕੋ ਇੰਡੀਆ ਦੇ ਨੁਮਾਇੰਦੇ ਸ੍ਰੀ ਰਿੰਕੇਸ਼ ਸਤੀਜਾ ਨੇ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੂੰ ਕਿਹਾ ਕਿ ਉਹ ਪੰਜਾਬ ਵਿੱਚ ਸਨੈਕਸ ਤਿਆਰ ਕਰਨ ਵਾਲੇ ਉਦਯੋਗਾਂ ਵਿੱਚ ਨਿਵੇਸ਼ ਕਰਨਗੇ ਅਤੇ ਸੂਬੇ ਵਿੱਚ ਹੋਰ ਨਵੇਂ ਯੂਨਿਟ ਸਥਾਪਤ ਕਰਨ ਲਈ ਵੀ ਤਿਆਰ ਹਨ।
ਉਨਾਂ ਪੰਜਾਬ ਸਰਕਾਰ ਦੀ ਨਵੀਂ ਵਪਾਰ ਨੀਤੀ ਅਤੇ ਸੀ.ਆਈ.ਆਈ. ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਾਂਝੇਦਾਰੀ ਨਾਲ ਬਣਾਏ ਆਪਣੀ ਕਿਸਮ ਦੇ ਪਹਿਲੇ ਪੰਜਾਬ ਖੇਤੀ ਤੇ ਖੁਰਾਕ ਸੰਮੇਲਨ ਦੀ ਵੀ ਸ਼ਲਾਘਾ ਕੀਤੀ।
ਉਨਾਂ ਨਿਯਮਿਤ ਤੌਰ ’ਤੇ ਅਜਿਹੇ ਸੰਮੇਲਨ ਕਰਨ ਦਾ ਸੁਝਾਅ ਦਿੱਤਾ। ਆਈ.ਟੀ.ਸੀ.ਲਿਮ. ਦੇ ਸ੍ਰੀ ਸੰਜੇ ਸਿੰਘਲ ਨੇ ਕਿਹਾ ਕਿ ਕੰਪਨੀ ਨੇ ਹਾਲ ਹੀ ਵਿੱਚ ਨਵੇਂ ਜੂਸ ਅਤੇ ਬਿਸਕੁਟ ਲਾਂਚ ਕੀਤੇ ਹਨ ਅਤੇ ਜਲਦੀ ਹੀ ਉਹ ਡੇਅਰੀ ਸੈਕਟਰ ਵਿੱਚ ਨਿਵੇਸ਼ ਕਰਨਗੇ। ਉਨਾਂ ਨੇ ਸੂਬੇ ਵਿਚ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਵਾਧਾ ਕਰਨ ਦਾ ਸੁਝਾਅ ਵੀ ਦਿੱਤਾ।
ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮ. ਦੇ ਸ੍ਰੀ ਭਵਦੀਪ ਸਰਦਾਣਾ ਨੇ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਜਾਣਕਾਰੀ ਦਿੱਤੀ ਕਿ ਉਹ ਫਗਵਾੜਾ ਵਿੱਚ ਮੈਗਾ ਫੂਡ ਪਾਰਕ ਸਥਾਪਤ ਕਰ ਰਹੇ ਹਨ। ਉਨਾਂ ਨੇ ਉਦਯੋਗ ਤੇ ਵਣਜ ਮੰਤਰੀ ਨੂੰ ਸੂਬੇ ਵਿੱਚ ਚਾਵਲ ਅਤੇ ਕਣਕ ਦੀ ਬਜਾਏ ਮੱਕੀ ਦਾ ਉਤਪਾਦਨ ਵਧਾਉਣ ਦੀ ਅਪੀਲ ਵੀ ਕੀਤੀ।
ਕਰੈਮਿਕਾ ਫੂਡ ਇੰਡਸਟਰੀਜ਼ ਲਿਮਿਟਡ ਦੇ ਸ੍ਰੀ ਅਕਸ਼ੈ ਬੈਕਟਰ ਨੇ ਕਿਹਾ ਕਿ ਪੰਜਾਬ ਦੀ ਨਵੀਂ ਉਦਯੋਗ ਅਤੇ ਵਪਾਰ ਨੀਤੀ ਉਦਯੋਗ ਪੱਖੀ ਹੈ। ਉਨਾਂ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਅਤੇ ਪੰਜਾਬ ਐਗਰੀ ਐਂਡ ਫੂਡ ਕੰਕਲੇਵ ਦਾ ਆਯੋਜਨ ਕਰਨ ਦੀ ਵੀ ਸ਼ਲਾਘਾ ਕੀਤੀ। ਸੰਮੇਲਨ ਦੌਰਾਨ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਾਲ 2016-17 ਦੌਰਾਨ ਖੇਤੀਬਾੜੀ ਅਤੇ ਇਸ ਸਬੰਧੀ ਗਤੀਵਿਧੀਆਂ ਨੇ ਸੂਬੇ ਦੀ ਜੀ.ਡੀ.ਪੀ. ਵਿੱਚ 27.38 ਫੀਸਦੀ ਹਿੱਸਾ ਪਾਇਆ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ 4.2 ਮਿਲੀਅਨ ਹੈੱਕਟੇਅਰ ਖੇਤੀ ਅਧੀਨ ਰਕਬਾ ਹੈ, ਜੋ ਕਿ ਦੇਸ਼ ਦੇ ਕੁੱਲ ਖੇਤੀ ਯੋਗ ਰਕਬੇ ਦਾ ਮਹਿਜ਼ 3 ਫੀਸਦੀ ਬਣਦਾ ਹੈ। ਜਿਸ ਵਿੱਚ ਦੇਸ਼ ਦਾ 19 ਫੀਸਦੀ ਕਣਕ, 10 ਫੀਸਦੀ ਚੌਲ, 10 ਫੀਸਦੀ ਦੁੱਧ, 20 ਫੀਸਦੀ ਸ਼ਹਿਦ, 48 ਫੀਸਦੀ ਖੁੰਬ ਅਤੇ 5 ਫੀਸਦੀ ਕਪਾਹ ਦਾ ਉਤਪਾਦਨ ਕੀਤਾ ਜਾਂਦਾ ਹੈ।
ਉਨਾਂ ਕਿਹਾ ਕਿ ਸੂਬਾ ਫੂਡ ਪ੍ਰਾਸੈਸਿੰਗ ਉਦਯੋਗ ਵਿੱਚ ਵਿਕਸਿਤ ਹੋਣ ਅਤੇ ਖੇਤੀ ਉਤਪਾਦਾਂ ਦੇ ਨਿਰਯਾਤ ਵਿੱਚ ਵਿਸ਼ਵ ਆਗੂ ਬਣਨ ਦਾ ਯਤਨ ਕਰ ਰਿਹਾ ਹੈ। ਇਹ ਸੰਮੇਲਨ ਐਗਰੋ ਮਾਰਕੀਟਿੰਗ ਸੁਧਾਰਾਂ, ਖੇਤੀਬਾੜੀ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਪੰਜਾਬ ਵਿਚ ਮੈਗਾ ਫੂਡ ਪਾਰਕ ਸਥਾਪਤ ਕਰਨ ਲਈ ਇਕ ਪਲੇਟਫਾਰਮ ਵਜੋਂ ਕੰਮ ਕਰੇਗਾ।
ਇਸ ਤੋਂ ਬਾਅਦ ਦੁਪਹਿਰ ਵਿੱਚ, ਖੁਰਾਕ ਖੇਤਰ ਵਿੱਚ ਮੌਕਿਆਂ ਅਤੇ ਚੁਣੌਤੀਆਂ ਸਬੰਧੀ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ ਸੀ, ਜੋ ਕਿ ਇਸ ਖੇਤਰ ਨਾਲ ਸਬੰਧਿਤ ਉਦਯੋਗ ਵੱਲੋਂ ਝੱਲੀਆਂ ਜਾ ਰਹੀਆਂ ਮੁਸ਼ਕਲਾਂ ’ਤੇ ਕੇਂਦਰਿਤ ਸੀ। ਬੁਲਾਰੇ ਨੇ ਅੱਗੇ ਦਸਿਆ ਕਿ ਸੂਬਾ ਵੱਖ ਵੱਖ ਸਕੀਮਾਂ ਜਿਵੇਂ ਕਿ ਕੋਲਡ ਚੇਨ, ਕਿਸਾਨ ਸੰਪਦਾ ਯੋਜਨਾ, ਐਗਰੋ ਕਲੱਸਟਰ ਅਤੇ ਹੋਰ ਯੋਜਨਾਵਾਂ ਵਿੱਚ ਕਿਸ ਤਰਾਂ ਪ੍ਰਾਈਵੇਟ ਸੈਕਟਰ ਦੇ ਉਦਮੀਆਂ ਨੂੰ ਪ੍ਰੋਜੈਕਟ ਵਿਕਾਸ ਸਹਾਇਤਾ ਪ੍ਰਦਾਨ ਕਰ ਸਕਦਾ ਹੈ। ਅੰਤਮ ਸੈਸ਼ਨ ਖੁਰਾਕ ਲੜੀ ’ਤੇ ਅਧਾਰਤ ਸੀ।