• Home
  •  ਨਵਜੋਤ ਸਿੱਧੂ ਦੇ ਸਿਆਸੀ ਕਤਲ ਦੀ ਸਾਜਿਸ਼ ..!

 ਨਵਜੋਤ ਸਿੱਧੂ ਦੇ ਸਿਆਸੀ ਕਤਲ ਦੀ ਸਾਜਿਸ਼ ..!

ਨਵਜੋਤ ਸਿੱਧੂ ਕੌਮਾਂਤਰੀ ਪੱਧਰ 'ਤੇ ਕਿਸੀ ਦੀ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਉਸਦੀ ਇਮਾਨਦਾਰੀ ਅਤੇ ਚਰਿੱਤਰ 'ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ। ਸਰਸਵਤੀ ਦੀ ਕਿਰਪਾ ਸਦਕਾ ਪੰਜਾਬੀ, ਹਿੰਦੀ ਤੇ ਅੰਗਰੇਜੀ ਭਾਸ਼ਾਂ'ਤੇ ਚੰਗੀ ਕਮਾਂਡ ਹੈ। ਸਮੇਂ ਦੀ ਨਜਾਕਤ ਨੂੰ ਪਛਾਣਦੇ ਹੋਏ ਗੱਲ ਮੂੰਹ 'ਤੇ ਕਹਿਣ ਦੀ ਸਮਰੱਥਾ ਵੀ ਰੱਖਦਾ ਹੈ। ਬਿਪਤਾ ਵੇਲ•ੇ ਲੋੜਵੰਦਾਂ ਦੀ ਮੱਦਦ ਕਰਨ ਲਈ ਆਪਣੀ ਜੇਬ• ਢਿੱਲੀ ਕਰਨ ਤੋਂ ਵੀ ਘਬਰਾਉਂਦਾ ਨਹੀਂ।  ਕਈ ਅਕਾਲੀ ਆਗੂਆਂ ਖਾਸਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠਿਆਂ ਦਾ ਨਾਮ ਸੁਣਦਿਆਂ ਹੀ ਕ੍ਰੋਧਿਤ ਵੀ ਹੋ ਜਾਂਦਾ। ਅਕਾਲੀ ਦਲ ਦੇ ਦੋਵੇਂ ਵੱਡੇ ਆਗੂਆਂ (ਜੀਜਾ ਸਾਲਾ) ਖਿਲਾਫ਼ ਰੱਜ ਕੇ ਭੜਾਸ ਹੀ ਨਹੀਂ ਕੱਢਦਾ ਸਗੋਂ ਪਿਛਲੀ ਸਰਕਾਰ ਦੌਰਾਨ ਹੋਈਆਂ ਗਲਤੀਆਂ, ਘਪਲਿਆਂ ਨੂੰ ਉਜਾਗਰ ਕਰਨ ਦੇ ਨਾਲ ਨਾਲ ਬਿਜਨਸ 'ਤੇ ਕਬਜ਼ੇ ਕਰਨ ਦੇ ਦੋਸ਼ ਵੀ ਲਾਉਂਦਾ ਆ ਰਿਹਾ ਹੈ। ਦੋਵੇਂ ਆਗੂਆਂ ਨੂੰ ਜੇਲ• ਭੇਜਣ ਲਈ ਐਨਾਂ ਕਾਹਲਾ ਪਿਆ ਹੋਇਆ ਹੈ ਕਿ ਕਈ ਬਿਆਨਾਂ ਕਾਰਨ ਮੁੱਖ ਮੰਤਰੀ ਵੀ ਕਸੂਤੀ ਸਥਿਤੀ ਪੈਦਾ ਹੋਈ ਹੈ। ਖਾਸਕਰਕੇ ਡਰੱਗ, ਕੇਬਲ ਅਤੇ ਗੈਰ ਕਾਨੂੰਨੀ  ਰੇਤ ਖਣਨ ਦੇ ਮੁੱਦੇ 'ਤੇ ਆਪਣੀ ਹੀ ਸਰਕਾਰ ਲਈ ਮੁਸੀਬਤ ਵੀ ਖੜੀ ਕੀਤੀ ਹੈ।
ਸੁਪਰੀਮ ਕੋਰਟ ਵਿਚ ਰੋਡਰੇਜ਼ ਮਾਮਲੇ 'ਚ ਇਕ ਅਪੀਲ ਦਾ ਫੈਸਲਾ ਨਾ ਆਉਣ ਤੱਕ ਸਰਕਾਰ ਵਿਚ ਸ਼ਾਮਲ ਅਤੇ ਵਿਰੋਧੀ ਪਾਰਟੀਆਂ ਦੇ ਕੁੱਝ ਆਗੂਆਂ ਨੂੰ ਨਵਜੋਤ ਸਿੱਧੂ ਦੇ ਜੇਲ• ਜਾਣ ਦੀ ਪੂਰੀ ਉਮੀਦ ਸੀ, ਪਰ ਸੁਪਰੀਮ ਕੋਰਟ ਵਲੋਂ ਹਜ਼ਾਰ ਰੁਪਏ ਜ਼ੁਰਮਾਨਾ ਲਗਾਉਣ ਤੋਂ ਬਰੀ ਕਰਨ 'ਤੇ ਕਈ ਵਿਰੋਧੀਆਂ ਦੇ ਪਿੱਸੂ ਪੈ ਗਏ ਸਨ। ਦਰਅਸਲ ਸਿੱਧੂ ਨੂੰ ਘੇਰਨ ਲਈ ਕਈ ਆਪਣਿਆਂ -ਵਿਰੋਧੀਆਂ ਨੇ ਪੂਰਾ ਜੋਰ ਲਾਇਆ ਹੋਇਆ ਹੈ। ਹਾਲਾਂਕਿ ਡਿਪਟੀ ਮੁੱਖ ਮੰਤਰੀ ਦਾ ਅਹੁੱਦਾ ਨਾ ਮਿਲਣ 'ਤੇ ਉਨ•ਾਂ ਦਾ ਮਲਾਲ ਬਰਕਰਾਰ ਹੈ।
ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਸਰਕਾਰ ਨੇ ਨਰਾਜ਼ ਵਿਧਾਇਕਾਂ ਨੂੰ ਅਡਜਸਟ ਕਰਨ ਦੀ ਬਜਾਏ ਪਹਿਲਾਂ ਨਵਜੋਤ ਸਿੱਧੂ ਨੂੰ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰ ਹਾਊਸ ਦੀ ਚੇਅਰਪਰਸਨ ਲਗਾ ਦਿੱਤਾ। ਕਈ ਆਪਣਿਆਂ ਨੇ ਵਿਚੋਂ ਵਿਚ ਵਿਰੋਧ ਕੀਤਾ ਪਰ ਖੁੱਲ• ਕੇ ਕਿਸੇ ਨੇ ਕੁੱਝ ਨਹੀਂ ਕਿਹਾ।
ਵੀਰਵਾਰ ਨੂੰ ਪੰਜਾਬ ਸਰਕਾਰ ਨੇ ਤਾਜ਼ਾ ਫੈਸਲਾ ਲੈਂਦੇ ਹੋਏ ਨਵਜੋਤ ਸਿੱਧੂ ਦੇ ਬੇਟੇ
ਕਰਨ ਸਿੱਧੂ ਨੂੰ ਸਹਾਇਕ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ ਹੈ। ਕਰਨ ਸਿੱਧੂ ਦੀ ਨਿਯੁਕਤੀ ਤੋਂ ਆਪਣਿਆਂ ਨੇ ਅਜੇ ਮੂੰਹ ਬੰਦ ਰੱਖਿਆ ਹੋਇਆ ਹੈ, ਪਰ ਵਿਰੋਧੀਆਂ ਨੇ ਅਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਆਖ਼ਰ ਨਵਜੋਤ ਸਿੱਧੂ 'ਤੇ ਹੀ ਸਰਕਾਰ ਮੇਹਰਬਾਨ ਕਿਉਂ ਹੈ?
ਦਰਅਸਲ ਨਵਜੋਤ ਸਿੱਧੂ ਦੀ ਲੋਕਾਂ ਅਤੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵਿਚ ਵੱਧ ਰਹੀ ਮਕਬੂਲੀਅਤ ਤੋਂ ਕਾਂਗਰਸ ਦੇ ਕੁੱਝ ਸੂਬਾਈ ਆਗੂ ਹੀ ਆਪਣੇ ਭਵਿੱਖ ਨੂੰ ਲੈ ਕੇ  ਚਿੰਤਤ ਹਨ। ਹੁਣ ਜਿਸ ਢੰਗ ਨਾਲ ਸਰਕਾਰ ਨੇ ਕਰਨ ਸਿੱਧੂ ਨੂੰ ਅਸਿਸਟੈਂਡ ਐਡਵੋਕੇਟ ਜਨਰਲ ਨਿਯੁਕਤ ਕੀਤਾ ਹੈ, ਉਸ ਨਾਲ ਸਿੱਧੂ ਪਰਿਵਾਰ 'ਤੇ ਉਂਗਲੀਆਂ ਉਠਣੀਆਂ ਸੁਭਾਵਿਕ ਹਨ। ਜਿਹੜਾ ਵਿਅਕਤੀ ਪਿਛਲੇ ਲੰਬੇ ਸਮੇਂ 'ਤੇ ਸਾਬਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ 'ਤੇ ਪਰਿਵਾਰਵਾਦ ਦੇ ਦੋਸ਼ ਲਾਉਂਦਾ ਰਿਹਾ ਹੈ। ਹੁਣ ਇਹੀ ਦੋਸ਼ ਨਵਜੋਤ ਸਿੱਧੂ 'ਤੇ ਲੱਗਣਾ ਸੁਭਾਵਿਕ ਤੇ ਜਾਇਜ ਹਨ।
ਭਾਵੇਂ ਕਰਨ ਸਿੱਧੂ ਇਸ ਨਿਯੁਕਤੀ ਲਈ ਯੋਗ ਵੀ ਹੋਵੇ ਪਰ ਸਰਕਾਰ ਵਿਚ ਮੰਤਰੀ ਹੋਣ ਦੇ ਨਾਤੇ ਨਵਜੋਤ ਸਿੱਧੂ ਨੂੰ ਅਜਿਹੀ ਨਿਯੁਕਤੀ ਨੂੰ ਠਕਰਾਉਣਾ ਬਣਨਾ ਸੀ। ਜੇਕਰ ਸਿੱਧੂ ਨੇ ਆਪਣਾ ਸਿਆਸੀ ਭਵਿੱਖ ਅਤੇ ਸਿਆਸੀ ਕੱਦ ਹੋਰ ਉਚਾ ਬਣਾਉਣਾ ਹੈ ਤਾਂ ਸਿੱਧੂ ਨੂੰ ਆਪਣੇ ਬੇਟੇ ਦੀ ਨਿਯੁਕਤੀ ਨੂੰ ਰੱਦ ਕਰਵਾਉਣਾ ਬਣਦਾ ਹੈ। ਚੰਗਾਂ ਹੋਵੇ ਜੇਕਰ ਉਹ ਆਪਣੀ ਪਤਨੀ ਨੂੰ ਵੀ ਵੇਅਰ ਹਾਊਸ ਦੇ ਚੇਅਰਮੈਨ ਦੇ ਅਹੁੱਦੇ ਤੋਂ ਅਸਤੀਫਾ ਦਿਵਾਉਣ। ਇਸ ਨਾਲ ਸਿੱਧੂ ਦਾ ਸਿਆਸੀ ਕੱਦ ਹੋਰ ਵੀ ਮਜਬੂਤ ਹੋਵੇਗਾ। ਸਿੱਧੂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਪੋਸਟਾਂ 'ਤੇ ਅਡਜਸਟ ਕਰਕੇ ਉਨ•ਾਂ ਨੂੰ ਮਿੱਠੀ ਜਹਿਰ ਦਿੱਤੀ ਜਾ ਰਹੀ ਹੈ। ਜਿਸ ਨਾਲ ਉਨ•ਾਂ ਸਿਆਸੀ ਭਵਿੱਖ ਡਗਮਗਾ ਸਕਦਾ ਹੈ। ਸਿਆਸੀ ਪੰਡਤ ਇਸਨੂੰ ਸਿੱਧੂ ਦੀ ਲੋਕਪ੍ਰਿਯਤਾਂ ਘਟਾਉਣ, ਬੇਬਾਕੀ ਨਾਲ ਗੱਲ ਕਹਿਣ ਤੋਂ ਰੋਕਣ ਲਈ ਖੁੰਡਾਂ ਕਰਨ ਅਤੇ ਪਰਿਵਾਰਵਾਦ ਦੇ ਦੋਸ਼ਾਂ ਵਿਚ ਘੇਰਨ ਲਈ ਉਸਦਾ ਸਿਆਸੀ ਕਤਲ ਕਰਨ ਦੀ ਸਾਜ਼ਿਸ਼ ਵਜੋਂ ਦੇਖ ਰਹੇ ਹਨ।

(ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਦੀ ਕੰਧ ਤੋਂ ਰਾਜਸੀ ਵਿਸਲੇਸਣ)