• Home
  • ਨਵਜੋਤ, ਤੂੰ ਨਵਜੋਤ ਈ ਰਹੀਂ..!

ਨਵਜੋਤ, ਤੂੰ ਨਵਜੋਤ ਈ ਰਹੀਂ..!

ਪ੍ਰਿੰ. ਸਰਵਣ ਸਿੰਘ

ਕਦੇ ਅਸੀਂ ਹਾਕੀ ਦੇ ਖਿਡਾਰੀ ਪਰਗਟ ਸਿੰਘ ਨੂੰ ਕਿਹਾ ਸੀ, “ਪਰਗਟ, ਤੂੰ ਪਰਗਟ ਈ ਰਹੀਂ।”ਸ਼ੁਕਰ ਕੀਤਾ ਉਹ ਪਰਗਟ ਹੀ ਰਿਹਾ। ਉਹ ਸੰਸਦੀ ਸਕੱਤਰੀ ਦੇ ਫੰਧੇ ਵਿਚ ਨਾ ਫਸਿਆ। ਸਿਆਸਤ ਨੂੰ ਧੰਦਾ ਨਾ ਬਣਾਇਆ। ਹੁਣ ਉਹੋ ਕੁਝ ਕ੍ਰਿਕਟ ਦੇ ਖਿਡਾਰੀ ਨਵਜੋਤ ਸਿੰਘ ਸਿੱਧੂ ਨੂੰ ਕਹਿਣ ਲਈ ਦਿਲ ਕਰ ਆਇਐ। ਉਹ ਪੰਜਾਬੀਆਂ ਦਾ ਮਹਿਬੂਬ ਨੇਤਾ ਬਣ ਚੱਲਿਐ ਜਿਸ ਕਰਕੇ ਭ੍ਰਿਸ਼ਟ ਹੋਣ ਤੋਂ ਬਚ ਕੇ ਰਹਿਣ ਦੀ ਲੋੜ ਹੈ। ਖੇਡ ਪ੍ਰੇਮੀਆਂ ਨੂੰ ਖ਼ੁਸ਼ੀ ਹੈ ਕਿ ਉਹ ਕਿਸੇ ਲਾਲਚ ਵਿਚ ਨਹੀਂ ਫਸ ਰਿਹਾ। ਪੰਜਾਬੀਆਂ ਨੂੰ ਉਹਦੇ ਤੋਂ ਬਹੁਤ ਆਸਾਂ ਹਨ। ਪੰਜਾਬੀ ਜਨਤਾ ਉਸ ਨੂੰ ਭਵਿੱਖ ਦੇ ਮੁੱਖ ਮੰਤਰੀ ਵਜੋਂ ਵੇਖ ਰਹੀ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਉਹ ਲੋਕਾਂ ਦੀਆਂ ਆਸਾਂ ਉਮੀਦਾਂ ‘ਤੇ ਕਿੰਨਾ ਕੁ ਖਰਾ ਉਤਰਦੈ?
ਉਸ ਨੇ ਹੁਣ ਤਕ ਜੋ ਕੁਝ ਕੀਤੈ ਉਹਦੇ ਤੋਂ ਜਾਪਦੈ ਕਿ ਪੰਜਾਬ ਦਾ ਭਵਿੱਖ ਅਜਿਹੇ ਈਮਾਨਦਾਰ ਤੇ ਧੜੱਲੇਦਾਰ ਲੀਡਰ ਹੀ ਸੰਵਾਰ ਸਕਦੇ ਹਨ। ਅਜੇ ਤਕ ਉਹਦੇ ‘ਤੇ ਕਿਸੇ ਵੱਢੀ ਠੋਰੀ ਦਾ ਕੋਈ ਦਾਗ ਨਹੀਂ ਲੱਗਾ। ਉਹ ਵੀ ਹੋਰਨਾਂ ਵਾਂਗ ਬੋਰੀਆਂ ਭਰ ਸਕਦਾ ਹੈ ਪਰ ਉਹ ਕਰੋੜਾਂ‘ਕੱਠੇ ਕਰਨ ਦੇ ਰਾਹ ਨਹੀਂ ਪਿਆ। ਪਰਿਵਾਰ ਤੇ ਰਿਸ਼ਤੇਦਾਰਾਂ ਦੀਆਂ ਜੇਬਾਂ ਭਰਨ ਭਰਾਉਣ ਦੀ ਥਾਂ ਉਹ ਸਗੋਂ ਆਪਣੀਆਂ ਜੇਬਾਂ ਖਾਲੀ ਕਰ ਰਿਹੈ। ਕਦੇ ਬਿਮਾਰ ਪਏ ਲੋਕ ਨਾਟਕਕਾਰ ਅਜਮੇਰ ਔਲਖ ਦੀ ਮਦਦ, ਕਦੇ ਪੁੱਤਾਂ ਵਾਂਗ ਪਾਲੀ ਫਸਲ ਸੜਨ ‘ਤੇ ਕਿਸਾਨਾਂ ਦੀ ਤੁਰਤ ਸਹਾਇਤਾ, ਕਦੇ ਮਛੇਰਿਆਂ ਦੀ ਮਦਦ, ਕਦੇ ਗ਼ਰੀਬ ਵਿਦਿਆਰਥੀਆਂ ਲਈ ਪੜ੍ਹਾਈ ਦੇ ਵਜ਼ੀਫ਼ੇ ਤੇ ਕਦੇ ਅੰਮ੍ਰਿਤਸਰ ਦੇ ਅੜੇ ਥੁੜੇ ਕਾਰਜਾਂ ਦੀ ਆਰਥਿਕ ਮਦਦ। ਹਾਲਾਂ ਕਿ ਉਹ ਨਾ ਕੋਈ ਰਜਵਾੜਾ ਹੈ ਨਾ ਜਗੀਰਦਾਰ। ਉਹਦੀ ਪਤਨੀ ਤੇ ਪੁੱਤਰ ਨੂੰ ਸਰਕਾਰ ਨੇ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਸਰਕਾਰੀ ਅਹੁਦੇ ਦਿੱਤੇ ਪਰ ਪਰਿਵਾਰ ਨੇ ਵਾਪਸ ਕਰ ਦਿੱਤੇ ਕਿ ਅਸੀਂ ਸੇਵਾ ਲਈ ਸਿਆਸਤ ਵਿਚ ਆਏ ਹਾਂ ਮੇਵੇ ਲਈ ਨਹੀਂ।
ਉਸ ਨੇ ਅਜਿਹਾ ਕਰ ਕੇ ਸਿਆਸੀ ਨੇਤਾਵਾਂ ਨੂੰ ਚੈਲੰਜ ਦੇ ਦਿੱਤਾ ਹੈ ਪਈ ਜੇ ‘ਰਾਜ ਨਹੀਂ ਸੇਵਾ’ ਕਰਨ ਦਾ ਚਾਓ ਹੈ ਤਾਂ ਆਓ ਪਰਿਵਾਰ ਪ੍ਰਸਤੀ ਛੱਡੀਏ ਤੇ ਲੋਕਾਂ ਦੀ ਨਿਸ਼ਕਾਮ ਸੇਵਾ ਕਰੀਏ। ਵੇਖਦੇ ਹਾਂ ਜਿਹੜੇ ਇਕੋ ਪਰਿਵਾਰ ਵਿਚ ਅਨੇਕਾਂ ਅਹੁਦੇ ਲਈ ਬੈਠੇ ਹਨ ਉਹ ਇਕ ਤੋਂ ਵੱਧ ਅਹੁਦੇ ਕਦੋਂ ਛੱਡਦੇ ਹਨ? ਕਹਿਣੀ ਤੇ ਕਰਨੀ ਦੇ ਅਮਲਾਂ ਤੋਂ ਹੀ ਲੋਕ ਜੱਜ ਕਰਦੇ ਹਨ ਕਿ ਉਹ ‘ਰਾਜ ਨਹੀਂ ਸੇਵਾ’ ਦੇ ਕਥਨ ਉਤੇ ਕਿੰਨੇ ਕੁ ਪੂਰੇ ਉਤਰਦੇ ਹਨ? ਜਿਨ੍ਹਾਂ ਨੇ ਸਿੱਧੂ ਦੀ ਤੁਰਤ ਫੁਰਤ ਬਦਖੋਹੀ ਕੀਤੀ ਕਿ ਉਹ ਆਪਣੇ ਪਰਿਵਾਰ ਦੇ ਜੀਆਂ ਨੂੰ ਸਰਕਾਰੀ ਰੁਤਬੇ ਦੁਆ ਕੇ ਪਰਿਵਾਰ ਪ੍ਰਸਤੀ ਦਾ ਸਿ਼ਕਾਰ ਹੋ ਗਿਐ, ਉਨ੍ਹਾਂ ਨੂੰ ਤਾਂ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਦੇ ਇਕ ਤੋਂ ਵੱਧ ਅਹੁਦੇ ਤੁਰਤ ਤਿਆਗ ਦੇਣੇ ਬਣਦੇ ਹਨ। ਉਹ ਲੀਡਰ ਹੀ ਕਾਹਦੇ ਜਿਹੜੇ ਕਹਿਣੀ ਤੇ ਕਰਨੀ ਉਤੇ ਪੂਰੇ ਨਾ ਉਤਰਨ। ਮਨ ਹੋਰ ਮੁੱਖ ਹੋਰ। ਪਹਿਲਾਂ ਸਹੁੰਆਂ ਖਾਣ ਫਿਰ ਮੁਕਰ ਜਾਣ!
ਨਵਜੋਤ ਸਿੱਧੂ ਜੁਝਾਰੂ ਖਿਡਾਰੀ ਹੈ।ਉਹ ਹਾਰ ਸਹਿਣੀ ਵੀ ਜਾਣਦੈ ਤੇ ਜਿੱਤ ਪਚਾਉਣੀ ਵੀ। ਔਖੀਆਂ ਘੜੀਆਂ ‘ਚ ਵੀ ਡੋਲਣੋਂ ਬਚ ਜਾਂਦਾ ਰਿਹੈ। ਵੱਡੇ ਅਹੁਦਿਆਂ ਨੂੰ ਲੱਤ ਮਾਰਨ ਦਾ ਜੇਰਾ ਰੱਖਦੈ। ਸੁਭਾਅ ਦਾ ਮਜ਼ਾਕੀਆ ਹੈ ਅਤੇ ਅਣਖੀਲਾ ਵੀ ਹੈ। ਇਹ ਵੱਖਰੀ ਗੱਲ ਹੈ ਕਿ ਕੁਝ ਕੁ ਪੰਗੇਹੱਥਾ ਵੀ ਹੈ। ਲੋੜੋਂ ਵੱਧ ਤਾਲ਼ੀ ‘ਤੇ ਤਾਲ਼ੀ ਠੋਕਦੈ। ਸ਼ੁਰਲੀਆਂ ਛੱਡਦਾ ਕਦੇ ਕਦੇ ਬੜਬੋਲਾ ਵੀ ਲੱਗਦੈ। ਉਂਜ ਗੱਲਾਂ ਪਤੇ ਦੀਆਂ ਕਰਦੈ। ਉਤੋਂ ਉਤੋਂ ਨਹੀਂ ਢਿੱਡ ‘ਚੋ ਬੋਲਦੈ। ਲੈਕਚਰ ਐਸਾ ਲੱਛੇਦਾਰ ਕਰਦੈ ਕਿ ਕਿਸੇ ਨੂੰ ਚੁੱਕਣ ਲੱਗੇ ਤਾਂ ਅਸਮਾਨ ‘ਤੇ ਚਾੜ੍ਹ ਦਿੰਦੈ, ਜੇ ਡੇਗਣ ਲੱਗੇ ਤਾਂ ਪਤਾਲ ‘ਚ ਪਟਕ ਦਿੰਦੈ। ਉਸ ਨੂੰ ‘ਸਰਦਾਰ’ ਦੇ ਨਾਲ ‘ਅਸਰਦਾਰ’ ਵੀ ਜੋੜਨਾ ਆਉਂਦੈ।ਸਿ਼ਅਰੋ-ਸ਼ਾਇਰੀ ਤੇ ਕਹਾਵਤਾਂ ਮੁਹਾਵਰਿਆਂ ਨਾਲ ਭਾਸ਼ਨ ਨੂੰ ਪ੍ਰਭਾਵਸ਼ਾਲੀਵੀ ਬਣਾਉਣ ਜਾਣਦੈ। ਵਿਅੰਗ-ਬਾਣ ਵੀ ਛੱਡਦੈ ਤੇ ਵਿਰੋਧੀਆਂ ਦੇ ਆਰਾਂ ਵੀ ਲਾਉਂਦੈ। ਕੱਦ-ਕਾਠ, ਸ਼ਕਲ-ਸੂਰਤ, ਪਹਿਰਾਵਾ ਤੇ ਬੋਲ-ਬਾਣੀ ਉਸ ਨੂੰ ਪੰਜਾਬ ਦਾ ਰੋਲ ਮਾਡਲ ਦਰਸਾਉਂਦੇ ਹਨ। ਉਹ ਕਿਰਦਾਰ, ਗੁਫ਼ਤਾਰ ਤੇ ਦਸਤਾਰ ਵੱਲੋਂ ਪੂਰਾ ‘ਪੰਜਾਬੀ’ ਲੱਗਦਾ ਹੈ।
ਉਹਦੀ ਮੁੱਢਲੀ ਮਸ਼ਹੂਰੀ ਉਹਦੇ ਕ੍ਰਿਕਟ ਦੀ ਖੇਡ ਵਿਚ ਮਾਰੇ ਚੌਕੇ ਛਿੱਕਿਆਂ ਨੇ ਕਰਾਈ ਸੀ। ਫਿਰ ਕ੍ਰਿਕਟ ਦੀ ਫਰਾਟੇਦਾਰ ਕੁਮੈਂਟਰੀ ਤੇ ਟੀਵੀ ਦੇ ਹਾਸਰਸੀ ਸ਼ੋਆਂ ਨਾਲ ਉਹਦੀ ਮਹਿਮਾਂ ਦਾ ਕੋਈ ਹੱਦ ਬੰਨਾ ਨਾ ਰਿਹਾ। ਸਿਆਸਤ ਵਿਚ ਤਾਂ ਉਹ ਸਬੱਬੀਂ ਖਿੱਚਿਆ ਗਿਆ। ਐਸਾ ਖਿੱਚਿਆ ਗਿਆ ਕਿ ਨਾ ਉਸ ਨੂੰ ਫਿਰ ਸਿਆਸਤ ਦੇ ਕੰਬਲ ਨੇ ਛੱਡਿਐ ਤੇ ਨਾ ਉਹ ਕੰਬਲ ਨੂੰ ਛੱਡਣ ਜੋਗਾ ਰਿਹਾ। ਬੇਸ਼ਕ ਉਸ ਨੇ ਸਿਆਸਤ ਦੀਆਂ ਕਈ ਪਾਰੀਆਂ ਖੇਡ ਲਈਆਂ ਨੇ ਪਰ ਫਾਈਨਲ ਮੈਚ ਖੇਡਣਾ ਅਜੇ ਬਾਕੀ ਹੈ। ਅਜੇ ਉਹ ਕੁਆਲੀਫਾਈਂਗ ਗੇੜ ‘ਚ ਹੈ। ਜਿਵੇਂ ਉਹ ਜੋਸ਼ ਨਾਲ ਖੇਡ ਰਿਹੈ, ਇਵੇਂ ਆਊਟ ਹੋਣ ਦਾ ਵੀ ਅੰਦੇਸ਼ਾ ਹੈ। ਜੇਕਰ ਕਰੀਜ਼ ‘ਤੇ ਜੰਮਿਆ ਰਿਹਾ ਤਾਂ ਮੈਨ ਆਫ਼ ਦੀ ਮੈਚ ਵੀ ਬਣ ਸਕਦੈ। ਬਿਨਾਂ ਸ਼ੱਕ ਦਰਸ਼ਕ ਉਸ ਨੂੰ ਮੈਨ ਆਫ਼ ਦੀ ਮੈਚ ਬਣਿਆ ਵੇਖਣਾ ਚਾਹੁੰਦੇ ਹਨ। ਚਾਹੁੰਦੇ ਹਨ ਕਿ ਹੰਨੇ ਜਾਂ ਬੰਨੇ ਦੀ ਖੇਡ ਖੇਡਣ ਦੀ ਥਾਂ ਹਾਲੇ ਰਤਾ ਬਚਬਚਾਅ ਕੇ ਹੀ ਖੇਡੇ। ਸਮਾਂ ਆਵੇਗਾ ਜਦੋਂ ਉਹਨੂੰ ਆਲ ਆਊਟ ਖੇਡਣਾ ਪੈ ਸਕਦੈ।
ਪਿਛੇ ਜਿਹੇ ਉਹਨੂੰ ਅਵਾਰਾ ਸਾਨ੍ਹ ਪੈ ਗਿਆ ਸੀ। ਸਾਨ੍ਹ ਦਾ ਇੰਜ ਮੱਥੇ ਲੱਗਣਾ ਵਹਿਮੀ ਲੋਕਾਂ ਅਨੁਸਾਰ ਨਵਜੋਤ ਲਈ ਮੰਦਭਾਗਾ ਸੀ। ਉਦੋਂ ਉਹਦੇ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਵਾਲਾ ਸੀ। ਕਈ ਉਹਦੀ ਪਾਰਟੀ ਦੇ ਮੈਂਬਰ ਹੀ ਉਹਦੀ ਕੁਰਸੀ ਖਾਲੀ ਹੋਣੀ ਭਾਲਦੇ ਸਨ। ਸ਼ਰੀਕ ਪਰ ਕੁਤਰਨੇ ਚਾਹੁੰਦੇ ਸਨ ਕਿ ਉਡਾਰੀਆਂ ਭਰਨ ਜੋਗਾ ਹੀ ਨਾ ਰਹੇ। ਪਰ ਉਹ ਕਰਮਾਂ ਦਾ ਬਲ਼ੀ ਨਿਕਲਿਆ। ਅੱਧੀ ਸਦੀ ਬੀਤ ਗਈ ਹੈ ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦਿਆਂ। ਖਿਡਾਰੀਆਂ ਨਾਲ ਇਸ਼ਕ ਹੀ ਕੁਝ ਅਜਿਹਾ ਹੈ ਕਿ ਉਨ੍ਹਾਂ ਬਾਰੇ ਲਿਖੇ ਬਿਨਾਂ ਰਿਹਾ ਨਹੀਂ ਜਾਂਦਾ। ਨਵਜੋਤ ਸਿਆਂ, ਸ਼ੁਕਰ ਐ ਤੇਰਾ ਅੰਮ੍ਰਿਤਸਰ ਦੇ ਆਵਾਰਾ ਸਾਨ੍ਹ ਤੋਂ ਬਚਾਅ ਹੋ ਗਿਆ। ਤੇਰੇ ਪਰਿਵਾਰ ਨੂੰ ਪਾਏ ਚੋਗੇ ‘ਚੋਂ ਵੀ ਬਚ ਨਿਕਲਿਐਂ। ਜਾਲ ਤਣ ਲਿਆ ਗਿਆ ਸੀ ਪਰ ਤੂੰ ਫੰਧੇ ਵਿਚ ਨਹੀਂ ਫਸਿਆ। ਸਾਡੇ ਕੋਲ ਸਿਆਸੀ ਕੋਚਿੰਗ ਦਾ ਤਾਂ ਕੋਈ ਗੁਰ ਮੰਤਰ ਨਹੀਂ। ਪਰ ਇਕ ਗੁਰ ਜ਼ਰੂਰ ਦੱਸ ਦਿੰਨੈ ਆਂ ਕਿ ਸਿਆਸੀ ਸਾਨ੍ਹਾਂ ਤੋਂ ਸਦਾ ਸੁਚੇਤ ਰਹੀਂ। ਇਹ ਬੜੀ ਗੁੱਝੀ ਢੁੱਡ ਮਾਰਦੇ ਨੇ। ਪਤਾ ਉਦੋਂ ਲੱਗਦੈ ਜਦੋਂ ਕਹਿੰਦਾ ਕਹਾਉਂਦਾ ਬੰਦਾ ਵੀ ਨਾ ਏਧਰ ਦਾ ਰਹਿੰਦੈ ਨਾ ਓਧਰ ਦਾ। ਨਾਲੇ ਆਪਾਂ ਤਾਂ ਅਜੇ ਆਵਾਜ਼-ਏ-ਪੰਜਾਬ ਵੀ ਬਣਨੈ। ਇਸ ਲਈ ਨਵਜੋਤ, ਤੂੰ ਨਵਜੋਤ ਹੀ ਰਹੀਂ। ਇਥੇ ਤੇਰਾ ਹੀ ਮਾਟੋ ਦੁਹਰਾਉਂਦੇ ਹਾਂ:

ਜੇ ਆਈ ਪਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
***

ਪ੍ਰਿ ਸਰਵਣ ਸਿੰਘ ਦੀ ਕੰਧ ਤੋਂ