• Home
  • ਦੁੱਧ ਦਿੱਤਾ-ਉਹ ਵੀ ਮੀਂਗਣਾਂ ਪਾ ਕੇ ..! ਕੀ ਕੈਪਟਨ ਦੇ ਸਲਾਹਕਾਰ ਨਿਕੰਮੇ ਹਨ ??

ਦੁੱਧ ਦਿੱਤਾ-ਉਹ ਵੀ ਮੀਂਗਣਾਂ ਪਾ ਕੇ ..! ਕੀ ਕੈਪਟਨ ਦੇ ਸਲਾਹਕਾਰ ਨਿਕੰਮੇ ਹਨ ??

ਚੰਡੀਗੜ,
-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਰ੍ਹਵੀਂ ਦੀ ਇਤਿਹਾਸ ਦੀ ਪੁਸਤਕ ਤੇ ਪਾਬੰਦੀ ਲਾ ਕੇ ਪੰਜਾਬੀ ਦੀ ਉਕਤ ਕਹਾਵਤ ਦੁੱਧ ਦਿੱਤਾ-ਉਹ ਵੀ ਮੀਂਗਣਾਂ ਪਾ ਕੇ ..! ਨੂੰ ਸਹੀ ਸਾਬਤ ਕਰ ਦਿੱਤਾ ਹੈ।
ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਪਣੇ ਫੈਸਲੇ ਤੋਂ ਪਿੱਛੇ ਹਟਣ ਦਾ ਇਹ ਪਹਿਲਾ ਮੌਕਾ ਨਹੀਂ ਹੈ , ਇਸ ਤੋਂ ਪਹਿਲਾਂ ਵੀ ਵਿਰੋਧੀ ਧਿਰਾਂ ਵਲੋਂ ਚੁੱਕੇ ਜਾਂ ਉਛਾਲੇ ਕਈ ਮੁੱਦਿਆਂ ਦੇ ਅੱਗੇ ਝੁਕੇ ਹਨ। ਜਿਨ੍ਹਾਂ ਵਿੱਚ ਸੀਨੀਅਰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਨਾਮ ਆਪਣੇ ਰਸੋਈਏ ਰਾਹੀਂ ਰੇਤ ਖਣਨ ਦੀਆਂ ਖੱਡਾਂ ਮਾਮਲੇ ਵਿੱਚ ਆਉਣ ਤੋਂ ਅਸਤੀਫਾ ਲੈਣਾ ਹੈ।
ਜਿੱਥੇ ਤੱਕ ਬਾਰ੍ਹਵੀਂ ਦੀ ਇਤਿਹਾਸ ਦੀ ਕਿਤਾਬ ਦਾ ਮਾਮਲਾ ਹੈ ,ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਨੇ ਇਸ ਮੁੱਦੇ ਤੇ ਖੂਬ ਰੱਜਵੀਂ ਸਿਆਸਤ ਕੀਤੀ ਹੈ ਅਤੇ ਇਤਿਹਾਸ ਦੇ ਮਾਮਲੇ ਨੂੰ ਧਾਰਮਿਕ ਰੰਗਤ ਦੇਣ ਵਿੱਚ ਅਕਾਲੀ ਦਲ ਕਾਮਯਾਬ ਵੀ ਹੋਇਆ ਹੈ ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਰ੍ਹਵੀਂ ਦੀ ਇਤਿਹਾਸ ਦੀ ਕਿਤਾਬ ਵਿੱਚ  ਇਤਿਹਾਸ ਦੇ ਕਈ ਪੰਨਿਆਂ ਨੂੰ ਹਟਾ ਦਿੱਤਾ ਗਿਆ ਅਤੇ ਅਨੁਵਾਦ ਤੇ ਪਰੂਫ ਰੀਡਿੰਗ ਦੀਆਂ ਵੀ ਵੱਡੀਆਂ ਗ਼ਲਤੀਆਂ ਤੇ ਉਣਤਾਈਆਂ ਸਾਹਮਣੇ ਆਈਆਂ ਹਨ । ਰਾਸ਼ਟਰਵਾਦ ਦੇ ਨਾਮ ਤੇ ਹਿੰਦੂਤਵ ਦਾ ਪਾਠ ਪਰੋਸਿਆ ਜਾਣਾ ਕਿਤਾਬ ਵਿੱਚ ਝਲਕਾਰੇ ਮਾਰਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਦੇ ਮੁਖੀ ਡਾ ਗੁਰਮੀਤ ਸਿੰਘ ਸਿੱਧੂ ਵੱਲੋਂ  ਅੰਕੜਿਆਂ ਸਮੇਤ ਤਿਆਰ ਕੀਤੀ ਰਿਪੋਰਟ ਦੀ ਇੱਕ ਕਾਪੀ ਜਿੱਥੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੂੰ ਉਪਲੱਬਧ ਕਰਵਾਈ ਉੱਥੇ ਮੀਡੀਆ ਦੇ ਰੂਬਰੂ ਹੁੰਦਿਆਂ ਡਾ ਸਿੱਧੂ ਨੇ  ਹਿੰਦੂਤਵ ਦਾ ਲੁਕਵਾਂ ਏਜੰਡਾ ਪੇਸ਼ ਕਰਨ ਦੇ ਅੰਕੜੇ ਪੇਸ਼ ਕੀਤੇ ਸਨ ।ਵਿਰੋਧੀ ਧਿਰਾਂ ਸਮੇਤ ਇਤਿਹਾਸਕਾਰ ,ਵਿਦਵਾਨ ਮੁੱਖ ਮੰਤਰੀ ਤੋਂ ਵਾਰ ਵਾਰ ਕਿਤਾਬ ਘੋਖ ਕਰਨ ਅਤੇ ਅਗਲੇ ਸਾਲ ਗਿਆਰ੍ਹਵੀਂ ਤੋਂ ਸਿਲੇਬਸ ਬਦਲਣ ਅਤੇ ਕਿਤਾਬ ਤੇ ਰੋਕ ਲਗਾਉਣ ਦੀ ਮੰਗ ਕਰਦੇ ਆ ਰਹੇ ਸਨ । ਪਰ ਮੁੱਖ ਮੰਤਰੀ ਨੇ ਉਨ੍ਹਾਂ ਸਾਰਿਆਂ ਦੀਆਂ ਮੰਗਾਂ ਨੂੰ ਠੁਕਰਾ ਦਿੱਤਾ ਅਤੇ ਕਿਤਾਬ ਨੂੰ ਪੜ੍ਰਾਉਣ ਦੀ ਜ਼ਿੱਦ ਨੂੰ  ਪੁਗਾਇਆ। ਮੁੱਖ ਮੰਤਰੀ ਨੇ ਕੱਲ੍ਹ ਪ੍ਰੋਫ਼ੈਸਰ ਕਿਰਪਾਲ ਸਿੰਘ ਦੀ ਅਗਵਾਈ ਹੇਠ ਛੇ ਮੈਂਬਰੀ ਕਮੇਟੀ ਗਠਤ ਕਰਨ ਦੇ ਮੌਕੇ ਵੀ  ਇਹ ਗੱਲ ਦੁਹਰਾਹੀ ਸੀ ਤੇ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਸਰਕਾਰ ਫੈਸਲਾ ਲਵੇਗੀ। ਯਾਨੀ ਅਗਲਾ ਫ਼ੈਸਲਾ ਕਮੇਟੀ ਦੀ ਰਿਪੋਰਟ ਤੇ ਨਿਰਭਰ  ਸੀ । ਚੰਗੀ ਗੱਲ ਹੁੰਦੀ ਕਿ ਮੁੱਖ ਮੰਤਰੀ ਛੇ ਮੈਬਰੀ ਕਮੇਟੀ ਦੇ  ਗਠਿਤ ਕਰਨ ਦੇ ਨਾਲ ਹੀ ਕਿਤਾਬ 'ਤੇ ਪਾਬੰਦੀ ਲਗਾ ਦਿੰਦੇ।  ਇਸ ਨਾਲ ਸਾਰੀਆਂ ਪਿਛਲੀਆਂ ਗਲਤੀਆਂ ਵੀ ਧੋਈਆਂ ਜਾਣੀਆਂ ਸਨ । ਚੰਗੀ ਗੱਲ ਤਾਂ ਇਹ ਸੀ ਧਾਰਮਿਕ ਮੁੱਦਾ ਬਣਨ ਤੋਂ ਅਤੇ ਸਿਆਸੀ ਵਿਰੋਧੀਆਂ ਨੂੰ ਸਿਆਸਤ ਕਰਨ ਤੋਂ ਰੋਕਣ ਲਈ,ਜਦੋਂ ਸਰਕਾਰ ਦੇ ਤਿੰਨ ਮੰਤਰੀਆਂ ਸਿੱਖਿਆ ਮੰਤਰੀ ਓ.ਪੀ ਸੋਨੀ ,ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਰਕਾਰ ਦਾ ਪੱਖ ਪੇਸ਼ ਕੀਤਾ ਸੀ, ਉਸ ਸਮੇਂ ਤਿੰਨ ਮੰਤਰੀ ਇਸ ਕਿਤਾਬ ਤੋਂ ਅਣਜਾਣ ਜਾਪਦੇ ਸਨ ਪਰ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਚ ਦਾਅਵਾ ਕੀਤਾ ਸੀ ਕਿ ਸਰਕਾਰ ਨੇ ਅਜੇ ਤਾਂ ਕਿਤਾਬ ਛਾਪੀ ਹੀ ਨਹੀਂ ਅਤੇ ਨਾਲ ਹੀ ਹਲਕੀ ਜਿਹੀ ਗਿਆਰਵੀਂ ਕਿਤਾਬ ਵਿੱਚ ਹੋਈਆਂ ਗਲਤੀਆਂ ਦੀ ਮੁਆਫੀ ਵੀ ਮੰਗ ਲਈ ਸੀ । ਜੇਕਰ ਉਦੋਂ ਹੀ  ਤਿੰਨੇ ਮੰਤਰੀ ਅਜਿਹਾ ਫੈਸਲਾ ਲੈ ਲੈਂਦੇ, ਜਿਸ ਨਾਲ ਵਿਰੋਧੀ ਵੀ ਚਿੱਤ ਹੋ ਜਾਣੇ ਸਨ ਅਤੇ ਸਰਕਾਰ ਦੀ ਕਿਰਕਰੀ ਵੀ ਹੋਣੋ ਬਚ ਜਾਣੀ ਸੀ ।ਪਰ ਇਸ ਸਮੁੱਚੇ ਮਾਮਲੇ ਵਿੱਚ ਮੁੱਖ ਮੰਤਰੀ ਸਾਹਿਬ ਅਤੇ ਅਫ਼ਸਰਸ਼ਾਹੀ ਨੇ ਪੈਰਾਂ ਤੇ ਪਾਣੀ ਹੀ ਨਹੀਂ ਪੈਣ ਦਿੱਤਾ ਅਤੇ ਵਾਰ ਵਾਰ ਗਿਆਰ੍ਹਵੀਂ ਦੀ ਕਿਤਾਬ ਵਿੱਚ ਸਿੱਖ ਇਤਿਹਾਸ ਤੇ ਪੰਜਾਬ ਨਾਲ ਸਬੰਧਤ ਸਿਲੇਬਸ ਹੋਣ ਦੀ  ਦਲ਼ੀਲ ਦਿੰਦੇ ਰਹੇ । ਮੁੱਖ ਮੰਤਰੀ ਵੱਲੋਂ ਲਏ ਗਏ ਤਾਜ਼ੇ ਫ਼ੈਸਲੇ ਤੋਂ ਇੱਕ ਗੱਲ ਸਾਬਤ ਹੋ ਗਈ ਹੈ ਕਿ ਜਾਂ ਤਾਂ ਮੁੱਖ ਮੰਤਰੀ ਆਪਣੀ ਜ਼ਿੱਦ ਪੁਗਾਉਣਾ ਚਾਹੁੰਦੇ ਨੇ ਜਾਂ ਫਿਰ ਅਫ਼ਸਰਸ਼ਾਹੀ ਤੇ ਸਲਾਹਕਾਰ ਗ਼ਲਤ ਸਲਾਹ ਦੇ ਰਹੇ ਹਨ ।
( ਜੈ ਸਿੰਘ ਛਿੱਬਰ ਦੀ ਕੰਧ ਤੋਂ )