• Home
  • ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਂ ਬੋਲੀ ਪੰਜਾਬੀ ਪੜ੍ਹਾਉਣ ਤੇ ਦਸਤਾਰ ਸਜਾਉਣ ਦੀ ਸਿੱਖਿਆ ਦੇਣ ਲਈ ਲਗਾਏਗੀ ਸਮਰ ਕੈਂਪ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਂ ਬੋਲੀ ਪੰਜਾਬੀ ਪੜ੍ਹਾਉਣ ਤੇ ਦਸਤਾਰ ਸਜਾਉਣ ਦੀ ਸਿੱਖਿਆ ਦੇਣ ਲਈ ਲਗਾਏਗੀ ਸਮਰ ਕੈਂਪ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਸਕੂਲਾਂ ਤੇ ਗੁਰਦੁਆਰਾ ਸਾਹਿਬਾਨ ਵਿਚ ਸਮਰ ਕੈਂਪ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ਵਿਚ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਸਿਖਾਈ ਜਾਵੇਗੀ ਤੇ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿਚ ਹਰ ਕਿਸੇ ਨੂੰ ਮੁਫ਼ਤ ਵਿਚ ਪੰਜਾਬੀ ਸਿਖਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬੀ ਭਾਸ਼ਾ ਸਿਰਫ਼ ਇੱਕ ਧਰਮ ਤੱਕ ਸੀਮਤ ਨਹੀਂ ਹੈ ਤੇ ਇਹ ਵਿਰਸੇ ਦੀ ਭਾਸ਼ਾ ਹੈ ਜੋ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਰਾਜਸਥਾਨ ਸਮੇਤ ਸਾਰੇ ਮੁੱਖ ਉੱਤਰੀ ਰਾਜਾਂ ਵਿਚ ਬੋਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਰਹਿੰਦੇ ਲੋਕ ਵੀ ਵੱਡੀ ਗਿਣਤੀ ਵਿਚ ਪੰਜਾਬੀ ਬੋਲਦੇ ਹਨ। ਉਨ੍ਹਾਂ ਹਿਕਾ ਕਿ ਪੰਜਾਬੀ ਸੰਸਾਰ ਦੀ ਸਭ ਤੋਂ ਅਮੀਰ ਭਾਸ਼ਾ ਹੈ ਤੇ ਹਰ ਪੰਜਾਬੀ ਪੰਜਾਬੀ ਬੋਲ ਕੇ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਉਨ੍ਹਾਂ ਲਈ ਸੁਨਹਿਰੀ ਮੌਕਾ ਹਨ ਜੋ ਇਹ ਭਾਸ਼ਾ ਸਿੱਖਣੀ ਚਾਹੁੰਦੇ ਹਨ ਤੇ ਭਾਸ਼ਾ ਸਿੱਖਣ ਵਾਸਤੇ ਹਰ ਕਿਸੇ ਦਾ ਕੈਂਪਾਂ ਵਿਚ ਸਵਾਗਤ ਹੈ। ਉਨ੍ਹਾਂ ਕਿਹਾ ਕਿ ਕੈਂਪਾਂ ਵਿਚ ਪੰਜਾਬੀ ਲਿਖਣੀ ਤੇ ਪੜ੍ਹਨੀ ਸਿਖਾਈ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਭਾਸ਼ਾ ਸਿਖਾਉਣ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿਚ ਪੇਂਟਿੰਗ, ਡਰਾਇੰਗ ਤੇ ਇਤਿਹਾਸ ਤੇ ਮਾਂ ਬੋਲੀ ਦੀ ਸਿੱਖਿਆ 'ਤੇ ਆਧਾਰਿਤ ਕੁਇਜ਼ ਮੁਕਾਬਲੇ ਵੀ ਕਰਵਾਏ ਜਾਣਗੇ।
ਸ੍ਰੀ ਸਿਰਸਾ ਨੇ ਕਿਹਾ ਕਿ ਇਹਨਾਂ ਕੈਂਪਾਂ ਵਿਚ ਦਸਤਾਰ ਸਜਾਉਣ ਦੀ ਸਿੱਖਿਆ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਕਸਦ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦੇਣਾ ਹੈ ਤਾਂ ਕਿ ਉਹ ਪਟਕੇ ਬੰਨ੍ਹਣ ਦੀ ਥਾਂ ਦਸਤਾਰ ਸਜਾਇਆ ਕਰਨ। ਉਹਨਾ ਕਿਹਾ ਕਿ ਦਸਤਾਰ ਸਜਾਉਣ ਦੇ ਮਾਹਿਰ ਨੌਜਵਾਨਾਂ ਨੂੰ ਵੱਖ-ਵੱਖ ਤਰੀਕੇ ਨਾਲ ਦਸਤਾਰ ਸਜਾਉਣ ਦੀ ਸਿਖਲਾਈ ਦੇਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਇਹਨਾਂ ਕੈਂਪਾਂ ਵਿਚ ਮਾਪਿਆਂ ਨੂੰ ਵੀ ਇਹ ਦੱਸੀ ਜਾਵੇਗੀ ਕਿ ਘਰ ਵਿਚ ਪੰਜਾਬੀ ਬੋਲਣੀ ਕਿਉਂ ਲਾਜ਼ਮੀ ਹੈ ਤੇ ਘਰ ਕੇ ਪੁਰਸ਼ ਮੈਂਬਰਾਂ ਲਈ ਦਸਤਾਰ ਸਜਾਉਣੀ ਕਿਉਂ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਕੈਂਪਾਂ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਆਪਣੇ ਅਮੀਰ ਵਿਰਸੇ, ਇਤਿਹਾਸ ਤੇ ਧਾਰਮਿਕ ਸਿੱਖਿਆ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਇਹਨਾਂ ਕੈਂਪਾਂ ਦਾ ਲਾਭ ਲੈਣ ਤੇ ਪੰਜਾਬੀ ਭਾਸ਼ਾ ਸਿੱਖਣ ਵਾਸਤੇ ਧਾਰਮਿਕ ਲੀਹਾਂ ਤੋਂ ਉੱਪਰ ਉੱਠ ਕੇ ਅੱਗੇ ਆਉਣ।