• Home
  • ਦਿਲਪ੍ਰੀਤ ਦੀ ਫੇਸਬੁੱਕ ਆਈ. ਡੀ. ਕੀਤੀ ਬਲਾਕ, ਪਰਮੀਸ਼ ਨਾਲ ਸੰਬੰਧਿਤ ਸਾਰੀਆਂ ਪੋਸਟਾਂ ਕੀਤੀਆਂ ਡਲੀਟ

ਦਿਲਪ੍ਰੀਤ ਦੀ ਫੇਸਬੁੱਕ ਆਈ. ਡੀ. ਕੀਤੀ ਬਲਾਕ, ਪਰਮੀਸ਼ ਨਾਲ ਸੰਬੰਧਿਤ ਸਾਰੀਆਂ ਪੋਸਟਾਂ ਕੀਤੀਆਂ ਡਲੀਟ

 

ਚੰਡੀਗੜ੍ਹ- (ਖਬਰ ਵਾਲੇ ਬਿਊਰੋ)ਪੰਜਾਬੀ ਗਾਇਕ ਪਰਮੀਸ਼ ਵਰਮਾ  ਨੇ ਆਪਣੇ ਫੇਸਬੁੱਕ ਪੇਜ ‘ਤੇ ਆਪਣੇ ਫੈਨਜ਼ ਦੇ ਨਾਂਅ ‘ਤੇ ਇੱਕ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਹੁਣ ਮੇਰੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਸੀ। ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਉਹਨਾਂ ਨੂੰ ਮੋਹਾਲੀ ਦੇ ਇੱਕ ਰੈਸਟੋਰੈਂਟ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਜਿਸ ਦੌਰਾਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਸਨ। ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਦੀ ਨਿਗਰਾਨੀ ‘ਚ ਕਿਸੇ ਸੁਰੱਖਿਅਤ ਸਥਾਨ ‘ਤੇ ਭੇਜ ਦਿੱਤਾ ਗਿਆ ਸੀ।

ਇਸ ਦੇ ਨਾਲ ਹਾਲ ਹੀ 14 ਅਪ੍ਰੈਲ ਦੀ ਰਾਤ 12 ਵਜੇ ਦੇ ਕਰੀਬ ਗਾਇਕ ਪਰਮੀਸ਼ ਵਰਮਾ ‘ਤੇ ਅਣਪਛਾਤੇ ਲੋਕਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਸੀ, ਜਦੋਂ ਉਹ ਮੋਹਾਲੀ ਦੇ ਸੈਕਟਰ-91 ਸਥਿਤ ਆਪਣੇ ਘਰ ਨੂੰ ਕਾਰ ਵਿਚ ਵਾਪਸ ਆ ਰਿਹਾ ਸੀ । ਇਸ ਹਮਲੇ ਵਿਚ ਪਰਮੀਸ਼ ਤੇ ਉਸ ਦਾ ਦੋਸਤ ਕੁਲਵੰਤ ਸਿੰਘ ਚਾਹਲ ਵੀ ਜ਼ਖ਼ਮੀ ਹੋ ਗਏ ਸਨ। ਪੁਲਸ ਵਲੋਂ ਪੁਲਸ ਸਟੇਸ਼ਨ ਫੇਜ਼-1 ਵਿਚ ਕੁਲਵੰਤ ਸਿੰਘ ਨਿਵਾਸੀ ਪਿੰਡ ਡਡਹੇੜਾ ਜ਼ਿਲਾ ਪਟਿਆਲਾ ਦੇ ਬਿਆਨਾਂ ‘ਤੇ ਅਣਪਛਾਤੇ ਹਮਲਾਵਰਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀ । ਉਸ ਹਮਲੇ ਦੀ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਦੀ ਫੇਸਬੁੱਕ ‘ਤੇ ਤਸਵੀਰ ਅਪਲੋਡ ਕਰਕੇ ਜ਼ਿੰਮੇਵਾਰੀ ਲਈ ਗਈ ਸੀ। ਜੋ ਤਸਵੀਰ ਫੇਸਬੁੱਕ ‘ਤੇ ਅਪਲੋਡ ਕੀਤੀ ਗਈ ਉਸ ਤਸਵੀਰ ‘ਤੇ ਬਹੁਤ ਸਾਰੇ ਲੜਕੇ-ਲੜਕੀਆਂ ਕਈ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਸਨ। ਉਸ ਤੋਂ ਬਾਅਦ ਪੁਲਸ ਨੇ ਫੇਸਬੁੱਕ ‘ਤੇ ਸਖਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਤੇ ਬਾਕਾਇਦਾ ਫੇਸਬੁੱਕ ਦੀ ਜਾਂਚ ਲਈ ਸਾਈਬਰ ਕ੍ਰਾਈਮ ਦੇ ਅਧਿਕਾਰੀਆਂ ਦੀ ਇਕ ਟੀਮ ਗਠਿਤ ਕੀਤੀ। ਟੀਮ ਨੇ ਦੋ-ਤਿੰਨ ਦਿਨਾਂ ਵਿੱਚ ਹੀ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਸੁਲਤਾਨ ਵਾਲਾ ਦੇ ਵਸਨੀਕ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਨੇ ਪੁਲਿਸ ਵਲੋਂ ਕੀਤੀ ਗਈ ਜਾਂਚ-ਪੜਤਾਲ ਵਿਚ ਦੱਸਿਆ ਸੀ ਕਿ ਉਹ ਦਿਲਪ੍ਰੀਤ ਸਿੰਘ ਢਾਹਾਂ ਦੀ ਫੇਸਬੁੱਕ ਅਪਲੋਡ ਕਰਦਾ ਸੀ। ਪੁਲਿਸ ਨੇ ਕੁਲਦੀਪ ਦੇ ਕਬਜ਼ੇ ਵਿਚੋਂ ਮੋਬਾਇਲ ਫੋਨ ਤੇ ਲੈਪਟਾਪ ਵੀ ਬਰਾਮਦ ਕੀਤੇ ਸਨ ਤੇ ਉਸ ਖਿਲਾਫ ਪੁਲਸ ਸਟੇਸ਼ਨ ਫੇਜ਼-1 ਮੋਹਾਲੀ ਵਿਚ ਕੇਸ ਦਰਜ ਕਰ ਲਿਆ ਸੀ। ਮੋਹਾਲੀ ਅਦਾਲਤ ਨੇ ਮੁਲਜ਼ਮ ਕੁਲਦੀਪ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਸੀ। ਜਾਣਕਾਰੀ ਅਨੁਸਾਰ ਪੁਲਸ ਨੇ ਫੇਸਬੁੱਕ ਦੇ ਮਾਮਲੇ ਨੂੰ ਗੰਭੀਰ ਤਰੀਕੇ ਨਾਲ ਲੈਂਦੇ ਹੋਏ ਦਿਲਪ੍ਰੀਤ ਸਿੰਘ ਢਾਹਾਂ ਦੀ ਫੇਸਬੁੱਕ ਆਈ. ਡੀ. ਤੋਂ ਉਹ ਸਾਰੀਆਂ ਪੋਸਟਾਂ ਹਟਾ ਦਿੱਤੀਆਂ ਹਨ, ਜੋ ਕਿ ਪਰਮੀਸ਼ ਵਰਮਾ ਨਾਲ ਸਬੰਧਤ ਸਨ। ਇਹ ਵੀ ਪਤਾ ਲੱਗਿਆ ਹੈ ਕਿ 15,354 ਫਾਲੋਅਰਸ ਤੇ 4857 ਫਰੈਂਡਸ ਵਾਲੀ ਦਿਲਪ੍ਰੀਤ ਸਿੰਘ ਢਾਹਾਂ ਦੀ ਫੇਸਬੁੱਕ ਆਈ. ਡੀ. ਨੂੰ ਪੁਲਸ ਵਲੋਂ ਬਲਾਕ ਵੀ ਕਰ ਦਿੱਤਾ ਗਿਆ ਹੈ, ਤਾਂ ਕਿ ਕੋਈ ਵੀ ਵਿਅਕਤੀ ਉਸ ਆਈ. ਡੀ. ‘ਤੇ ਪੋਸਟ ਅਪਲੋਡ ਨਾ ਕਰ ਸਕੇ। ਇਸ ਸਮੇਂ 24 ਦਸੰਬਰ 2017 ਤੋਂ ਬਾਅਦ ਉਸ ਆਈ. ਡੀ. ‘ਤੇ ਕੋਈ ਵੀ ਨਵੀਂ ਪੋਸਟ ਵਿਖਾਈ ਨਹੀਂ ਦੇ ਰਹੀ ਹੈ।